ਹੈਦਰਾਬਾਦ: ਨਾਨੀ ਤੇ ਸਾਈ ਪੱਲਵੀ ਦੀ ਫਿਲਮ ‘ਸ਼ਿਆਮ ਸਿੰਘਾ ਰੌਏ’ ਦੇ ਨਿਰਮਾਤਾਵਾਂ ਵੱਲੋਂ ਐਤਵਾਰ ਨੂੰ ਫਿਲਮ ਦੀ ਪ੍ਰੀ-ਰਿਲੀਜ਼ ਰੱਖੀ ਗਈ, ਜਿੱਥੇ ਫਿਲਮ ਦੇ ਨਿਰਦੇਸ਼ਕ ਵੱਲੋਂ ਸਾਈ ਪੱਲਵੀ ਦੇ ਕੰਮ ਦੀ ਤਾਰੀਫ਼ ਕਰਨ ’ਤੇ ਅਦਾਕਾਰਾ ਭਾਵੁਕ ਹੋ ਗਈ। ਇਸ ਮੌਕੇ ਕੁਝ ਚੋਣਵੇਂ ਦਰਸ਼ਕਾਂ ਸਮੇਤ ਫਿਲਮ ਦਾ ਸਾਰਾ ਅਮਲਾ ਹਾਜ਼ਰ ਸੀ। ਫਿਲਮ ਦੇ ਨਿਰਦੇਸ਼ਕ ਰਾਹੁਲ ਸਾਂਕ੍ਰਤਾਇਨ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਫਿਲਮ ਦੀ ਅਦਾਕਾਰਾ ਪੱਲਵੀ ਵੱਲੋਂ ਕੀਤੇ ਗਏ ਕੰਮ ਦੀ ਵੀ ਤਾਰੀਫ਼ ਕੀਤੀ, ਜਿਸ ਮਗਰੋਂ ਉੱਥੇ ਮੌਜੂਦ ਦਰਸ਼ਕਾਂ ਨੇ ਉੱਚੀ ਆਵਾਜ਼ ਵਿੱਚ ਅਦਾਕਾਰਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਫਿਲਮ ਦੇ ਅਮਲੇ ਅਤੇ ਦਰਸ਼ਕਾਂ ਵੱਲੋਂ ਮਿਲੇ ਇਸ ਪਿਆਰ ਕਾਰਨ ਅਦਾਕਾਰਾ ਭਾਵੁਕ ਹੋ ਗਈ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਜਿਸ ਮਗਰੋਂ ਨਾਨੀ ਨੇ ਸਾਈ ਪੱਲਵੀ ਨੂੰ ਪਿਆਰ ਨਾਲ ਜੱਫੀ ਵਿੱਚ ਲਿਆ। ਰਾਹੁਲ ਸਾਂਕ੍ਰਤਾਇਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਈ ਪੱਲਵੀ ਇੱਕ ਮਹਾਨ ਅਦਾਕਾਰਾ ਬਣੇਗੀ। ਇਸ ਮੌਕੇ ਦਰਸ਼ਕਾਂ ਨੇ ਅਦਾਕਾਰਾ ਦੇ ਸਨਮਾਨ ਵਿੱਚ ਲੰਮਾ ਸਮਾਂ ਤਾੜੀਆਂ ਮਾਰੀਆਂ। ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਸਾਈ ਪੱਲਵੀ ਦੇਵਦਾਸੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫਿਲਮ 24 ਦਸੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ