ਚੰਡੀਗੜ੍ਹ: ਅਦਾਕਾਰ ਸੈਫ਼ ਅਲੀ ਖ਼ਾਨ ਪਟੌਦੀ ਖ਼ਾਨਦਾਨ ਦਾ ਦਸਵਾਂ ਨਵਾਬ ਹੈ। ਅਦਾਕਾਰ ਨੂੰ ਇਹ ਉਪਾਧੀ ਉਸ ਦੇ ਪਿਤਾ ਮਨਸੂਰ ਅਲੀ ਖ਼ਾਨ ਪਟੌਦੀ ਦੀ ਮੌਤ ਮਗਰੋਂ ਮਿਲੀ ਸੀ। ਮਨਸੂਰ ਅਲੀ ਖਾਨ ਭਾਰਤੀ ਕ੍ਰਿਕਟ ਟੀਮ ਲਈ ਖੇਡਦਾ ਰਿਹਾ ਹੈ। ਸਾਲ 2011 ’ਚ ਮਨਸੂਰ ਅਲੀ ਖ਼ਾਨ ਦੀ ਮੌਤ ਮਗਰੋਂ ਰਸਮੀਂ ਤੌਰ ’ਤੇ ਪਿੰਡ ਪਟੌਦੀ (ਹਰਿਆਣਾ)’ਚ ਸੈਫ਼ ਅਲੀ ਨੂੰ ਪਟੌਦੀ ਖਾਨਦਾਨ ਨਵਾਬ ਦਾ ਨਿਯੁਕਤ ਕਰਨ ਲਈ ਪੱਗੜੀ ਦੀ ਰਸਮ ਅਦਾ ਕੀਤੀ ਗਈ। ਪਿੰਡ ਵਾਸੀਆਂ ਦੀ ਇਹ ਮੰਗ ਸੀ ਕਿ ਸੈਫ਼ ਅਲੀ ਖ਼ਾਨ ਆਪਣੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰੇ, ਜਿਸ ਲਈ ਅਦਾਕਾਰ ਇਸ ਰਸਮ ਵਿੱਚ ਸ਼ਾਮਲ ਹੋ ਇਆ ਸੀ। ਸੈਫ਼ ਅਲੀ ਖ਼ਾਨ ਦੀਆਂ ਦੋ ਛੋਟੀਆਂ ਭੈਣਾਂ ਸਬਾ ਅਲੀ ਖ਼ਾਨ ਤੇ ਅਦਾਕਾਰਾ ਸੋਹਾ ਅਲੀ ਖ਼ਾਨ ਹਨ। ਸੈਫ਼ ਅਲੀ ਖ਼ਾਨ ਕੋਲ ਪੰਜ ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਵਿੱਚ ਹਰਿਆਣਾ ਵਿਚਲੇ ਪਟੌਦੀ ਮਹਿਲ ਤੋਂ ਇਲਾਵਾ ਭੂਪਾਲ ਵਿੱਚ ਪੁਰਖਿਆਂ ਦੀ ਜਾਇਦਾਦ ਸ਼ਾਮਲ ਹੈ। ਜਿਵੇਂ ਸੈਫ਼ ਅਲੀ ਖਾਨ ਨੂੰ ਆਪਣੇ ਪੁਰਖਿਆਂ ਤੋਂ ਕਰੋੜਾਂ ਦੀ ਜਾਇਦਾਦ ਵਿਰਾਸਤ ਵਿੱਚ ਮਿਲੀ ਹੈ, ਉਹ ਇਸ ਜਾਇਦਾਦ ਨੂੰ ਆਪਣੇ ਬੱਚਿਆਂ, ਸਾਰਾ ਅਲੀ ਖ਼ਾਨ, ਇਬਰਾਹਮ ਅਲੀ ਖ਼ਾਨ, ਤੈਮੂਰ ਅਲੀ ਖ਼ਾਨ ਤੇ ਜਹਾਂਗੀਰ ਅਲੀ ਖ਼ਾਨ ਨੂੰ ਦੇਣਾ ਚਾਹੇਗਾ ਪਰ ਸ਼ਾਇਦ ਅਜਿਹਾ ਹੋਣਾ ਸੰਭਵ ਨਹੀਂ ਹੈ। ਬਾਲੀਵੁੱਡ ਲਾਈਫ ’ਚ ਛਪੀ ਰਿਪੋਰਟ ਅਨੁਸਾਰ ਪਟੌਦੀ ਖਾਨਦਾਨ ਦਾ ਪੁਸ਼ਤੈਨੀ ਮਹਿਲ ਭਾਰਤ ਸਰਕਾਰ ਦੇ ਵਿਵਾਦਿਤ ਐਨਿਮੀ ਡਿਸਪਿਊਟ ਐਕਟ ਅਧੀਨ ਆਉਂਦਾ ਹੈ। ਇਸ ਲਈ ਕੋਈ ਵੀ ਇਸ ਜਾਇਦਾਦ ’ਤੇ ਆਪਣਾ ਹੱਕ ਨਹੀਂ ਜਤਾ ਸਕਦਾ। ਰਿਪੋਰਟ ਮੁਤਾਬਕ ਸੈਫ਼ ਦੇ ਪੜਦਾਦਾ ਹਮੀਦੁੱਲਾਹ ਖ਼ਾਨ ਨੇ ਜਾਇਦਾਦ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਤਿਆਰ ਨਹੀਂ ਕਰਵਾਇਆ ਸੀ। -ਟ੍ਰਿਬਿਊਨ ਵੈੱਬ ਡੈਸਕ