ਨਵੀਂ ਦਿੱਲੀ: ਅਦਾਕਾਰ ਸੈਫ਼ ਅਲੀ ਖ਼ਾਨ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ 28 ਸਾਲ ਪੂਰੇ ਕਰ ਲਏ ਹਨ। ਆਪਣੇ ਸਫ਼ਰ ’ਤੇ ਝਾਤ ਮਾਰਦਿਆਂ ਅਦਾਕਾਰ ਨੇ ਕਿਹਾ ਕਿ ਉਸ ਦੇ ਮਾਪਿਆਂ ਨੂੰ ਲੱਗਦਾ ਸੀ ਕਿ ਉਸ ਦਾ ਜੀਵਨ ਬਹੁਤ ਬੁਰਾ ਬੀਤੇਗਾ ਅਤੇ ਹੁਣ ਲੱਗਦਾ ਹੈ ਕਿ ਇਹ ਕਾਫ਼ੀ ਚੰਗਾ ਰਿਹਾ। ਸੈਫ਼ ਨੇ ਕਿਹਾ, ‘‘ਮੈਨੂੰ ਆਪਣੀ ਜ਼ਿੰਦਗੀ ’ਤੇ ਮਾਣ ਹੈ। ਜਦੋਂ ਮੈਂ ਸਕੂਲ ਵਿੱਚ ਸੀ ਤਾਂ ਮੇਰੇ ਮਾਪੇ ਫਿਕਰ ਕਰਦੇ ਸੀ ਕਿ ਹੋ ਸਕਦਾ ਮੇਰਾ ਜੀਵਨ ਬੁਰਾ ਬੀਤੇ ਪਰ ਇਸੇ ਦੇ ਬਾਵਜੂਦ ਇਹ ਕਾਫ਼ੀ ਚੰਗਾ ਬੀਤਿਆ।’’ ਮਰਹੂਮ ਕ੍ਰਿਕਟ ਸਟਾਰ ਮਨਸੂਰ ਅਲੀ ਖ਼ਾਨ ਪਟੌਦੀ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦੇ ਪੁੱਤਰ ਸੈਫ਼ ਨੇ ਦੱਸਿਆ, ‘‘ਮੈਨੂੰ ਆਪਣੇ ਘਰ ਦਾ ਆਲਾ-ਦੁਆਲਾ ਦੇਖ ਕੇ ਖੁਸ਼ੀ ਹੁੰਦੀ ਹੈ ਕਿਉਂਕਿ ਇਸ ਨੂੰ ਮੈਂ ਉਨ੍ਹਾਂ ਚੀਜ਼ਾਂ ਨਾਲ ਸਜਾਇਆ ਹੈ, ਜੋ ਮੈਂ ਜ਼ਿੰਦਗੀ ਵਿੱਚ ਕਰਦਾ ਹਾਂ। ਇਹ ਚੀਜ਼ਾਂ ਮੇਰੀ ਸਾਲਾਂ ਦੀ ਮਿਹਨਤ ਦਾ ਨਤੀਜਾ ਹਨ ਅਤੇ ਇਹੀ ਸਿੱਖਿਆ ਹੈ, ਜੋ ਤੁਸੀਂ ਆਪਣੇ ਬੱਚਿਆਂ ਨੂੰ ਦਿੰਦੇ ਹੋ ਅਤੇ ਇਹੀ ਚੀਜ਼ਾਂ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਮਹਿਸੂਸ ਕਰਵਾਉਂਦੀਆਂ ਹਨ।’’ ਸੈਫ਼ ਦਾ ਅਦਾਕਾਰਾ ਕਰੀਨਾ ਕਪੂਰ ਖ਼ਾਨ ਨਾਲ ਵਿਆਹ ਹੋਇਆ ਹੈ। ਸੈਫ਼ ਹਾਲ ਹੀ ਵਿੱਚ ਫਿਲਮ ‘ਭੂਤ ਪੁਲੀਸ’ ’ਚ ਦਿਖਾਈ ਦਿੱਤਾ ਸੀ। ਅਦਾਕਾਰ ਨੇ ਕਿਹਾ, ‘‘ਮੈਨੂੰ ਆਪਣੇ ਸਫ਼ਰ ’ਤੇ ਮਾਣ ਹੈ ਤੇ ਮੈਂ ਭਵਿੱਖ ਲਈ ਉਤਸ਼ਾਹਿਤ ਹਾਂ ਪਰ ਨਾਲ ਹੀ ਮੈਨੂੰ ਬੀਤੇ ਕੱਲ੍ਹ ਵੱਲ ਦੇਖ ਇਹ ਕਹਿਣ ’ਚ ਵੀ ਬਹੁਤ ਮਜ਼ਾ ਆਉਂਦਾ ਹੈ ਕਿ ਇਹ ਸੱਚਮੁੱਚ ਰਚਨਾਤਮਕ ਰਿਹਾ ਹੈ।’’ -ਆਈਏਐੱਨਐੱਸ