ਮੁੰਬਈ: ਫਿਲਮ ‘ਦੰਗਲ’ ਨਾਲ ਬੌਲੀਵੁੱਡ ਵਿੱਚ ਆਪਣੇ ਸਫਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਾਨੀਆ ਮਲਹੋਤਰਾ ਨੇ ਸਿਨੇ ਜਗਤ ਵਿੱਚ ਸੱਤ ਸਾਲ ਮੁਕੰਮਲ ਕਰ ਲਏ ਹਨ। ਉਸ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਪਲ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਹਨ। ਸਾਨੀਆ ਨੇ ਇੰਸਟਾਗ੍ਰਾਮ ’ਤੇ ਪਿਛਲੇ ਸੱਤ ਸਾਲਾਂ ਵਿੱਚ ਕੀਤੀਆਂ ਆਪਣੀਆਂ ਵੱਖ-ਵੱਖ ਫਿਲਮਾਂ ਦੀਆਂ ਕਲਿੱਪਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਸਭ ਤੋਂ ਪਹਿਲਾਂ ਆਯੂਸ਼ਮਾਨ ਖੁਰਾਨਾ ਨਾਲ ਫਿਲਮ ‘ਬਧਾਈ ਦੋ’ ਦੇ ਗੀਤ ਮੋਰਨੀ ਦੀ ਸ਼ੂਟਿੰਗ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ‘ਦੰਗਲ’ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਫਿਲਮ ਦੇ ਪੋਸਟਰ ਵਜੋਂ ਵਰਤੀ ਗਈ ਸੀ। ਇਸ ਤੋਂ ਇਲਾਵਾ ਉਸ ਨੇ ‘ਮੀਨਾਕਸ਼ੀ ਸੁੰਦਰੇਸ਼ਵਰ’, ‘ਲਵ ਹੋਸਟਲ’, ‘ਜਵਾਨ’ ਅਤੇ ‘ਪਟਾਖਾ’ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘‘ਮੇਰੇ ਸੁਫਨਿਆਂ ਨੂੰ ਸਾਕਾਰ ਕਰਨ ਦੇ ਸੱਤ ਸਾਲ, ਹੈਪੀ ਦੰਗਲ ਡੇਅ # ਸੈਵਨ ਈਅਰਜ਼ ਆਫ ਦੰਗਲ।’’ ਉਸ ਨੇ ਜਿਵੇਂ ਹੀ ਪੋਸਟ ਨੂੰ ਅਪਲੋਡ ਕੀਤਾ ਤਾਂ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੇ ਉਸ ਦੀ ਰੱਜ ਕੇ ਤਾਰੀਫ਼ ਕੀਤੀ। ਫਿਲਮ ਨਿਰਮਾਤਾ ਤਾਹਿਰਾ ਕਸ਼ਯਪ ਨੇ ਦਿਲ ਵਾਲੀ ਇਮੋਜੀ ਭੇਜ ਕੇ ਪਿਆਰ ਜਤਾਇਆ। ਦੱਸਣਾ ਬਣਦਾ ਹੈ ਕਿ ‘ਦੰਗਲ’ ਵਿੱਚ ਸਾਨੀਆ ਨੇ ਪਹਿਲਵਾਨ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਇਆ ਹੈ। ਨਿਤੇਸ਼ ਤਿਵਾੜੀ ਵੱਲੋਂ ਨਿਰਦੇਸ਼ਿਤ ਇਹ ਫਿਲਮ ਸਾਲ 2016 ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਮੁੱਖ ਭੂਮਿਕਾ ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਨਿਭਾਈ ਸੀ ਤੇ ਇਸ ਫਿਲਮ ਨੂੰ ਬਲਾਕਬੱਸਟਰ ਹਿੱਟ ਐਲਾਨਿਆ ਗਿਆ ਸੀ। ਇਹ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਤੇ ਬਬੀਤਾ ਕੁਮਾਰੀ ਅਤੇ ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ’ਤੇ ਆਧਾਰਿਤ ਹੈ। -ਏਐੱਨਆਈ