ਡਾ. ਸਾਹਿਬ ਸਿੰਘ
ਡਾ. ਨੀਲਮ ਮਾਨ ਸਿੰਘ ਚੌਧਰੀ ਪੰਜਾਬੀ ਰੰਗਮੰਚ ਦੀ ਸ਼ਾਹਕਾਰ ਜਾਦੂਗਰਨੀ ਹੈ। ਉਸ ਦਾ ਨਾਟਕ ਘੱਟ ਬੋਲਦਾ ਹੈ, ਪਰ ਦਰਸ਼ਕ ਨੂੰ ਪੂਰਾ ਸੁਣਾਈ ਦਿੰਦਾ ਹੈ। ਉਸ ਦਾ ਅਦਾਕਾਰ ਬੜੀ ਕੰਜੂਸੀ ਨਾਲ ਹਾਵ ਭਾਵ ਉਜਾਗਰ ਕਰਦਾ ਹੈ, ਪਰ ਦਰਸ਼ਕ ਹਰ ਛਿਣ ਦਾ ਭਾਵ ਫੜਦਾ ਹੈ। ਤਾਜ਼ਾ ਪੇਸ਼ਕਾਰੀ ਵਿਚ ਉਸ ਨੇ ਕੋਰੋਨਾ ਕਾਰਨ ਪੈਦਾ ਹੋਈ ਲੌਕਡਾਊਨ ਦੀ ਸਥਿਤੀ ਨੂੰ ਫੜਿਆ ਹੈ। ਨਾਟਕ ਉਹ ਸਹਿਮ, ਡਰ ਪੇਸ਼ ਕਰਦਾ ਹੈ। ਦਰਸ਼ਕ ਦੇ ਸਾਹਮਣੇ ਜੋ ਵਾਪਰ ਰਿਹਾ ਹੈ, ਉਸ ਨੂੰ ਲੱਗਦਾ ਹੈ ਕਿ ਅਦਾਕਾਰ ਨਹੀਂ ਕਰ ਰਿਹਾ, ਬਲਕਿ ਮੈਂ ਖੁਦ ਉਸ ਸਥਿਤੀ ਨੂੰ ਭੁਗਤ ਰਿਹਾ ਹਾਂ। ਨੀਲਮ ਦੀ ਨਿਰਦੇਸ਼ਨਾ ਹੈ, ਵੰਸ਼ ਭਾਰਦਵਾਜ ਦੀ ਅਦਾਕਾਰੀ ਹੈ, ਪ੍ਰਵੀਨ ਜੱਗੀ ਦੀਆਂ ਰੋਸ਼ਨੀਆਂ ਹਨ। ਨਾਟਕ ਵਿਚ ਨਾ ਗੀਤ ਹੈ, ਨਾ ਸਾਜ਼ ਹੈ ਤੇ ਨਾ ਸੰਗੀਤ ਹੈ। ਪਰ ਸਾਈਕਲ ਦੀ ਸੁਸਤ ਗਤੀ ਤੋਂ ਤੇਜ਼ ਗਤੀ ਵੱਲ ਵਧਦੇ ਟਾਇਰਾਂ ਦੀ ਆਵਾਜ਼ ਤਬਲੇ ਦੇ ਢਿੱਲੇ ਪੁੜੇ ’ਤੇ ਵੱਜਦੇ ਮਜ਼ਬੂਤ ਹੱਥਾਂ ਦੀ ਥਾਪ ਵਰਗਾ ਪ੍ਰਭਾਵ ਸਿਰਜਦੀ ਹੈ। ਪਲਾਸਟਿਕ ਦੇ ਲਿਫ਼ਾਫ਼ੇ ਸਾਜ਼ ਬਣ ਜਾਂਦੇ ਹਨ। ਉਨ੍ਹਾਂ ਵਿਚੋਂ ਧਾਰ ਬੰਨ੍ਹ ਕੇ ਡਿੱਗਦਾ ਪਾਣੀ ਸਰਗਮ ਬਣ ਜਾਂਦਾ ਹੈ ਤੇ ਫਿਰ ਪਾਣੀ ਦੀ ਇਹ ਸਰਗਮ ਜਦੋਂ ਥੱਲੇ ਪਈ ਪਰਾਤ ਦੀ ਹਿੱਕ ਵਿਚ ਵੱਜਦੀ ਹੈ ਤਾਂ ਅਜਿਹਾ ਸੰਗੀਤ ਉੱਭਰਦਾ ਹੈ ਕਿ ਦਰਸ਼ਕ ਦੀ ਰੂਹ ਭਿੱਜ ਜਾਂਦੀ ਹੈ। ‘ਬਲੈਕ ਬਾਕਸ’ ਹਰ ਛਿਣ ਨਵਾਂ ਚਮਤਕਾਰ ਸਿਰਜਦਾ ਹੋਇਆ ਦਰਸ਼ਕ ਨੂੰ ਆਪਣੇ ਸੰਗ ਤੋਰੀ ਰੱਖਦਾ ਹੈ, ਉਵੇਂ ਹੀ ਜਿਵੇਂ ਜਾਦੂਗਰ ਮਜਮਾ ਸਿਰਜਣ ਵੇਲੇ ਤੁਹਾਡੇ ਪੈਰ ਬੰਨ੍ਹ ਲੈਂਦਾ ਹੈ। ਇੱਥੇ ਅੰਤਰ ਬੜਾ ਵੱਡਾ ਹੈ। ਜਾਦੂਗਰਨੀ ਨੀਲਮ ਪੈਰ ਬੰਨ੍ਹ ਰਹੀ ਹੈ…ਸਿਰ, ਦਿਲ, ਦਿਮਾਗ਼ ਦੀ ਹਰ ਬਾਰੀ ਖੋਲ੍ਹ ਰਹੀ ਹੈ।
ਲੌਕਡਾਊਨ ਹੋ ਗਿਆ ਹੈ। ਅਦਾਕਾਰ ਹਰ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਹੱਥਾਂ ਨੂੰ ਕੀਟਾਣੂ ਨਾਸ਼ਕ ਸਪਰੇਅ ਨਾਲ ਧੋ ਰਿਹਾ ਹੈ, ਪਰ ਖ਼ੌਫ਼ ਦਾ ਜੋ ਕੀਟਾਣੂ ਦਿਲ ਦਿਮਾਗ਼ ਦੇ ਆਲੇ ਦੁਆਲੇ ਭੀਂ ਭੀਂ ਕਰ ਰਿਹਾ ਹੈ, ਉਹਦਾ ਕੀ ਕਰੇ! ਚਾਰਲਜ਼ ਡਿਕਨਜ਼ ਦੀ ਰਚਨਾ ‘ਏ ਟੇਲ ਆਫ ਟੂ ਸਿਟੀਜ਼’ ’ਚੋਂ ਪੰਕਤੀਆਂ ਉੱਭਰਦੀਆਂ ਹਨ, ‘ਅਸੀਂ ਸਭ ਤੋਂ ਵਧੀਆ ਸਮੇਂ ’ਚ ਜੀਅ ਰਹੇ ਹਾਂ… ਅਸੀਂ ਸਭ ਤੋਂ ਬੁਰੇ ਸਮੇਂ ’ਚ ਜੀਅ ਰਹੇ ਹਾਂ!’ ਅਦਾਕਾਰ ਨੂੰ ਕਹਾਣੀ ਕਹਿਣ ਲਈ ਨੀਲਮ ਨੇ ਕੁਝ ਸਾਮਾਨ ਦਿੱਤਾ ਹੈ। ਕੁਝ ਵੱਡੇ ਟਰੰਕ, ਕੁਝ ਛੋਟੇ ਟਰੰਕ, ਕੁਝ ਪਰਦੇ, ਸੂਟ, ਪਾਣੀ, ਇੱਟਾਂ, ਸਾਈਕਲ, ਸ਼ੀਸ਼ਾ। ਅਦਾਕਾਰ ਘਰ ਜਾਣਾ ਚਾਹੁੰਦਾ ਹੈ, ਪਰ ਕਿਵੇਂ ਜਾਵੇ। ਉਹ ਗਿਣਤੀ ਕਰ ਰਿਹਾ ਹੈ। ਇਹ ਗਿਣਤੀ ਸੈਂਕੜਿਆਂ ਤੋਂ ਸ਼ੁਰੂ ਹੋ ਕੇ ਨਾਟਕ ਦੇ ਅੰਤ ਤਕ ਲੱਖਾਂ ਵਿਚ ਪਹੁੰਚ ਜਾਂਦੀ ਹੈ। ਓਪਰੇ ਤੌਰ ’ਤੇ ਦੇਖਣ ਨੂੰ ਭਾਵੇਂ ਇਹ ਕੋਵਿਡ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਹਨ, ਪਰ ਅਦਾਕਾਰ ਜਿਵੇਂ ਇਹ ਗਿਣਤੀ ਕਰ ਰਿਹਾ ਹੈ, ਇਕ ਇਕ ਹਿੰਦਸਾ ਹਥੌੜੇ ਵਾਂਗ ਸਿਰ ’ਚ ਵੱਜ ਰਿਹਾ ਹੈ। ਦਿਨ, ਮਹੀਨੇ, ਪਲ, ਛਿਣ ਗਿਣਨਾ, ਬੁਰੇ ਦਿਨਾਂ ਦੇ ਅੰਤ ਬਾਰੇ ਗਿਣਤੀਆਂ ਮਿਣਤੀਆਂ ਕਰਨਾ, ਅੱਛੇ ਦਿਨ ਆਉਣ ਦੀ ਉਡੀਕ ਵਿਚ ਕੰਧਾਂ ’ਤੇ ਲੀਕਾਂ ਮਾਰਨ ਸਮਾਨ ਹੈ। ਅਦਾਕਾਰ ਕੁਝ ਸੁਣਾਉਣਾ ਚਾਹੁੰਦਾ ਹੈ। ਕਿਸ ਨੂੰ ਸੁਣਾਵੇ! ਚਾਰੇ ਪਾਸੇ ਸੁੰਨ ਹੈ। ਉਸ ਨੂੰ ਇਕ ਕੁੱਤਾ ਦਿਖਾਈ ਦਿੰਦਾ ਹੈ। ਪੁਚਕਾਰਦਾ ਹੈ, ਖਾਣਾ ਦਿੰਦਾ ਹੈ ਤੇ ਕਹਾਣੀ ਸੁਣਨ ਲਈ ਕਹਿੰਦਾ ਹੈ। ਕਹਾਣੀ ਚਿੜੀ ਦੀ ਹੈ। ਚਿੜੀ ਵਿਚਾਰੀ ਕੀ ਕਰੇ, ਠੰਢਾ ਪਾਣੀ ਪੀ ਮਰੇ! ਹਜ਼ਾਰਾਂ ਵਾਰ ਸੁਣੀ ਤੇ ਸੁਣਾਈ ਗਈ ਕਹਾਣੀ ਨੀਲਮ ਕਿਉਂ ਸੁਣਾਉਣਾ ਚਾਹੁੰਦੀ ਹੈ। ਅਦਾਕਾਰ ਕੁੱਤੇ ਨੂੰ ਸੰਬੋਧਨ ਹੁੰਦਾ ਹੈ, ‘ਤੂੰ ਮੇਰੀ ਕਹਾਣੀ ਅੱਗੇ ਜ਼ਰੂਰ ਸੁਣਾਈ, ਜੇ ਅੱਗੇ ਨਾ ਤੁਰੇ ਤਾਂ ਕਹਾਣੀ ਦਮ ਤੋੜ ਜਾਂਦੀ ਹੈ!’ ਨੀਲਮ ਆਪਣੀ ਪ੍ਰੇਸ਼ਾਨੀ ਦਰਸ਼ਕ ਤਕ ਪਹੁੰਚਾਉਣਾ ਚਾਹੁੰਦੀ ਹੈ ਕਿ ਸਾਡੀਆਂ ਕਹਾਣੀਆਂ ਅੱਗੇ ਨਹੀਂ ਤੁਰੀਆਂ, ਦਮ ਤੋੜ ਗਈਆਂ! ਪਰ ਅਸੀਂ ਕਹਾਣੀ ਕਹਿਣੀ ਹੈ। ਵਾਰ ਵਾਰ ਕਹਿਣੀ ਹੈ ਤੇ ਵੱਖਰੇ ਅੰਦਾਜ਼ ਵਿਚ ਕਹਿਣੀ ਹੈ, ਤਾਂ ਕਿ ਇਹ ਦਿਲ ਦੇ ਅੰਦਰਲੇ ਕੋਨਿਆਂ ਤਕ ਸੰਚਾਰਿਤ ਹੋ ਜਾਵੇ। ਨੀਲਮ ਵੱਖਰੇ ਅੰਦਾਜ਼ ਸਹਿਤ ਕਹਾਣੀ ਲੈ ਕੇ ਹਾਜ਼ਰ ਹੈ।
ਨੀਲਮ ਦੇ ਰੰਗਮੰਚ ਦਾ ਮਿਜ਼ਾਜ ਵੱਖਰਾ ਹੈ। ਸਰੀਰਿਕ ਭਾਸ਼ਾ ਨੂੰ ਵਰਤਣਾ ਤੇ ਰੰਗਮੰਚ ਦੀ ਭਾਸ਼ਾ ਬਣਾਉਣਾ ਉਸ ਦਾ ਪ੍ਰਮੁੱਖ ਹਥਿਆਰ ਹੈ। ਉਸ ਦਾ ਅਦਾਕਾਰ ਦਰਸ਼ਕ ਦੇ ਸਾਹਮਣੇ ਤਿਆਰ ਹੋਏਗਾ, ਕੱਪੜੇ ਉਤਾਰੇਗਾ, ਪਹਿਨੇਗਾ! ਪਰ ਕਾਹਲੀ ਨਾਲ ਨਹੀਂ, ਆਪਣੇ ਸਮੁੱਚੇ ਸਹਿਜ ਦਾ ਪਾਲਣ ਕਰੇਗਾ। ਉਹ ਤੁਹਾਡੇ ਸਾਹਮਣੇ ਨਹਾ ਰਿਹਾ ਹੈ… ਡਗਮਗਾਉਂਦੀਆਂ ਇੱਟਾਂ ’ਤੇ ਤੁਰ ਰਿਹਾ ਹੈ, ਦੌੜ ਰਿਹਾ ਹੈ, ਛੋਟੇ ਟਰੰਕ ’ਤੇ ਵੱਡਾ ਟਰੰਕ ਰੱਖ ਕੇ ਕਿਸੇ ਕਰਤਬੀ ਕਲਾਕਾਰ ਵਾਂਗ ਸੰਤੁਲਨ ਬਣਾ ਰਿਹਾ ਹੈ। ਉਹ ਸ਼ੀਸ਼ਾ ਵੇਖਦਾ ਹੈ। ਨੀਲਮ ਸ਼ੀਸ਼ਾ ਦਿਖਾਉਂਦੀ ਹੈ। ਉਹ ਸ਼ੋਰ ਤੋਂ ਬਾਅਦ ਵਾਲੀ ਚੁੱਪ ਦਾ ਤਲਿਸਮ ਸਿਰਜਦੀ ਹੈ, ਐਸੀ ਚੁੱਪ ਕਿ ਅਦਾਕਾਰ ਦੇ ਸਾਹਾਂ ਦੀ ਆਵਾਜ਼ ਤੁਹਾਡੇ ਤਕ ਪਹੁੰਚਦੀ ਹੈ ਤੇ ਆਪ ਮੁਹਾਰੇ ਤੁਹਾਡਾ ਹੱਥ ਆਪਣੇ ਸੀਨੇ ਦੇ ਖੱਬੇ ਪਾਸੇ ਧਰਿਆ ਜਾਂਦਾ ਹੈ। ਅਦਾਕਾਰ ਦੇ ਮੂੰਹੋਂ ਨੀਲਮ ਸਵਾਲ ਖੜ੍ਹਾ ਕਰਦੀ ਹੈ, ‘ਬਿਮਾਰੀ ਆ ਗਈ ਹੈ, ਬਿਮਾਰ ਹੋ ਜਾਵਾਂਗੇ, ਫ਼ਿਕਰ ਇਹ ਨਹੀਂ, ਫ਼ਿਕਰ ਤਾਂ ਇਹ ਹੈ ਕਿ ਕੀ ਅਸੀਂ ਇਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ!’ ਅਦਾਕਾਰ ਦੇ ਦਿਲ ’ਚ ਆਪਣੀ ਮਹਬਿੂਬਾ ਲਈ ਤੜਪ ਹੈ। ਮੁਹੱਬਤ ਸੰਗ ਮਿਲਣ ਲਈ ਤੜਪ ਰਿਹਾ ਹੈ। ਸ਼ਿਵ ਕੁਮਾਰ ਬਟਾਲਵੀ ਦੀ ਰੂਹ ਮੰਚ ’ਤੇ ਆ ਪਹੁੰਚਦੀ ਹੈ, ‘ਇਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ! ਗੁੰਮ ਹੈ! ਗੁੰਮ ਹੈ!’ ਅਦਾਕਾਰ ਟਰੰਕ ’ਚੋਂ ਮਾਸ਼ੂਕਾ ਦਾ ਸੂਟ ਕੱਢਦਾ ਹੈ। ਆਪਣੇ ਤੇ ਦਰਸ਼ਕ ਦੇ ਵਿਚਕਾਰ ਉਸ ਦਾ ਸੂਟ ਟੰਗ ਦਿੰਦਾ ਹੈ। ਹੁਣ ਦਰਸ਼ਕ ਨੇ ਅਦਾਕਾਰ ਦੀ ਮੁਹੱਬਤ ਵਾਲੀ ਛਾਨਣੀ ਰਾਹੀਂ ਉਸ ਤਕ ਪਹੁੰਚਣਾ ਹੈ। ਅਦਾਕਾਰ ਨੇ ਆਪਣੇ ਜਜ਼ਬਾਤ ਉਸ ਮੁਹੱਬਤੀ ਸੂਟ ਦੇ ਰੇਸ਼ਿਆਂ ਥਾਣੀ ਦਰਸ਼ਕ ਤਕ ਪਹੁੰਚਾਉਣੇ ਹਨ। ਪਰਦੇ ਨੂੰ ਨੀਲਮ ਪਰਦਾ ਨਹੀਂ ਰਹਿਣ ਦਿੰਦੀ, ਆਰ ਪਾਰ ਦਿਸਦਾ ਸ਼ੀਸ਼ਾ ਬਣਾ ਦਿੰਦੀ ਹੈ। ਨੀਲਮ ਦਾ ਰੰਗਮੰਚ ਪੰਜ ਤੱਤਾਂ ਦੇ ਸੱਚ ਨਾਲ ਜੁੜਿਆ ਹੋਇਆ ਹੈ। ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਵੀ ਉਸ ਦੇ ਖ਼ਿਆਲਾਂ ’ਚੋਂ ਬਾਹਰ ਨਹੀਂ। ਕਰੋਨਾ ਦੀ ਬਿਮਾਰੀ ਚੱਖਣ ਤੇ ਸੁੰਘਣ ਦੀ ਤਾਕਤ ’ਤੇ ਹਮਲਾ ਕਰਦੀ ਹੈ। ਅਦਾਕਾਰ ਆਪਣੀ ਮਾਸ਼ੂਕਾ ਦੇ ਸਾਹਾਂ ਦੀ ਖੁਸ਼ਬੋ ਮਾਨਣਾ ਚਾਹੁੰਦਾ ਹੈ, ਪਰ ਉਸ ਨੂੰ ਖੁਸ਼ਬੋ ਨਹੀਂ ਆ ਰਹੀ। ਉਹ ਤੜਪਦਾ ਹੈ। ਸਮਾਂ ਜਦੋਂ ਮੂੰਹ ਜ਼ੋਰ ਹੋ ਜਾਵੇ ਤੇ ਸਿਆਸਤਾਂ ਸਮੇਂ ਦੇ ਨੱਕ ’ਚ ਨਕੇਲ ਪਾ ਕੇ ਮਨਮਰਜ਼ੀਆਂ ਕਰਨ ’ਤੇ ਉਤਾਰੂ ਹੋ ਜਾਣ ਤਾਂ ਖੁਸ਼ਬੋਆਂ ’ਤੇ ਹਮਲਾ ਹੁੰਦਾ ਹੈ।
ਅਦਾਕਾਰ ਬਗ਼ਾਵਤ ਦੀ ਸੁਰ ਛੇੜਦਾ ਹੈ, ਪਰ ‘ਨੀਲਮੀ ਅੰਦਾਜ਼’ ’ਚ। ਟਰੰਕ ਖੋਲ੍ਹਦਾ ਹੈ… ਕਾਲੀ ਟੇਪ ਕੱਢਦਾ ਹੈ, ਉਸ ਦੇ ਟੁਕੜੇ ਕੱਟਣੇ ਸ਼ੁਰੂ ਕਰਦਾ ਹੈ, ਇਕ ਟੁਕੜਾ ਖੱਬੀ ਅੱਖ ’ਤੇ, ਦੂਜਾ ਸੱਜੀ ਅੱਖ ’ਤੇ। ਫਿਰ ਨੱਕ ’ਤੇ, ਫਿਰ ਬੁੱਲ੍ਹਾਂ ’ਤੇ। ਉਸ ਦੀ ਆਵਾਜ਼ ਬਦਲ ਰਹੀ ਹੈ। ਚਿਹਰਾ ਡਰਾਉਣੀ ਸ਼ਕਲ ਅਖ਼ਤਿਆਰ ਕਰ ਰਿਹਾ ਹੈ। ਅਦਾਕਾਰ ਦੀ ਸਰੀਰਿਕ ਗਤੀ ਤੇਜ਼ੀ ਫੜਦੀ ਹੈ। ਉਹ ਚੀਜ਼ਾਂ ਸਮੇਟਣ ਲੱਗਦਾ ਹੈ। ਪਰਦੇ ਉਤਰ ਰਹੇ ਹਨ, ਸਾਮਾਨ ਵਿਉਂਤ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਾਹਾਂ ਦੀ ਆਵਾਜ਼ ਤੇਜ਼ ਹੋ ਰਹੀ ਹੈ, ਪਿੱਠਭੂਮੀ ਤੋਂ ਕੋਈ ਸੰਗੀਤ ਉਸ ਦੀ ਮਦਦ ਨਹੀਂ ਕਰ ਰਿਹਾ, ਉਹ ਸੰਗੀਤ ਦਰਸ਼ਕ ਦੇ ਦਿਲ ਦੀ ਧੌਂਕਣੀ ਦੇ ਰੂਪ ਵਿਚ ਬਦਲ ਜਾਂਦਾ ਹੈ। ਰੌਸ਼ਨੀ ਸਿਮਟਣ ਲੱਗਦੀ ਹੈ, ਦਰਸ਼ਕ ਰੌਸ਼ਨ ਹੋਇਆ ਮਹਿਸੂਸਦਾ ਹੈ। ਨੀਲਮ ਦੇ ਕਾਲੇ ਡੱਬੇ ਦੀ ਇਕ ਬਾਰੀ ਦਰਸ਼ਕ ਵੱਲ ਖੁੱਲ੍ਹਦੀ ਹੈ। ਰੰਗਮੰਚ ਉੱਚੇ ਟਿੱਬੇ ’ਤੇ ਚੜ੍ਹ ਆਪਣੀ ਸਮੁੱਚੀ ਬੁਲੰਦੀ ਸਮੇਤ ਨਫ਼ਾਸਤ, ਨਜ਼ਾਕਤ, ਲਿਆਕਤ, ਹਿਮਾਕਤ ਦਾ ਨਗਾਰਾ ਵਜਾ ਰਿਹਾ ਹੈ। ਨੀਲਮ ਦੇ ਘਰ ਦੇ ਪਿਛਵਾੜੇ ਬਣੇ ਰਿਹਰਸਲ ਘਰ ਦਾ ਫਰਸ਼, ਕੰਧਾਂ, ਬੂਹੇ ਬਾਰੀਆਂ ਰੰਗਮੰਚ ਦੇ ਰੰਗ ’ਚ ਰੰਗੀਆਂ ਰਾਸ ਰਚਾ ਰਹੀਆਂ ਹਨ। ਵੰਸ਼ ਭਾਰਦਵਾਜ ਉਰਫ਼ ਰੌਕੀ ਦੀ ਅਦਾਕਾਰੀ ਦਾ ਜਲੌਅ ਦੇਖਣ ਵਾਲਾ ਹੈ। ਆਪਣੀਆਂ ਸਰੀਰਿਕ ਅਦਾਵਾਂ, ਸੰਵਾਦ ਅਦਾਇਗੀ, ਹਾਵ ਭਾਵ ’ਚ ਫੌਰੀ ਬਦਲਾਅ ਤੇ ਰਿਦਮ ਦੀ ਪਾਲਣਾ ਕਰਦਾ ਰੌਕੀ ਇਕ ਛਿਣ ਲਈ ਵੀ ਤੁਹਾਡੀ ਅੱਖ ਦੀ ਪੁਤਲੀ ਨੂੰ ਆਸੇ ਪਾਸੇ ਨਹੀਂ ਘੁੰਮਣ ਦਿੰਦਾ। ਰੌਕੀ ਰੰਗਮੰਚ ਅਦਾਕਾਰੀ ਦਾ ਸਿਰਤਾਜ ਹੈ। ਪ੍ਰਵੀਨ ਜੱਗੀ ਨੇ ਲੋੜ ਮੁਤਾਬਕ ਬਹੁਤ ਹੀ ਘੱਟ ਰੌਸ਼ਨੀ ਉਪਕਰਨ ਦਾ ਇਸਤੇਮਾਲ ਕਰਦਿਆਂ ਮਾਹੌਲ ਨੂੰ ਜ਼ਿੰਦਾ ਕੀਤਾ। ‘ਬਲੈਕ ਬਾਕਸ’ ਨੇ ਇਕ ਵਾਰ ਫਿਰ ਡਾ. ਨੀਲਮ ਮਾਨ ਸਿੰਘ ਚੌਧਰੀ ਦੀ ਵਿਲੱਖਣਤਾ ’ਤੇ ਮੋਹਰ ਲਗਾਈ ਹੈ। ਆਓ, ਢੇਰ ਸਾਰਾ ਮਾਣ ਕਰੀਏ।
ਸੰਪਰਕ: 98880-11096