ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ, ਜਿਹੜੀ ਆਪਣੀ ਹਾਲ ਹੀ’ਚ ਰਿਲੀਜ਼ ਹੋਈ ਫ਼ਿਲਮ ‘ਅਤਰੰਗੀ ਰੇ’ ਦੀ ਸ਼ਾਨਦਾਰ ਸਫਲਤਾ ਦਾ ਆਨੰਦ ਮਾਣ ਰਹੀ ਹੈ, ਨੂੰ ਪਿਛਲੇ ਕੁਝ ਮਹੀਨਿਆਂ ਤੋਂ ਸ਼ੂਟਿੰਗ ਲਈ ਇੱੱਕ ਸੈੱਟ ਤੋਂ ਦੂਜੇ ਅਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਰਮਿਆਨ ਕਾਫੀ ਭੱਜ-ਨੱਠ ਕਰਨੀ ਪੈ ਰਹੀ ਹੈ। ਸਾਰਾ ਅਲੀ ਖ਼ਾਨ ਭਵਿੱਖ ਵਿੱਚ ‘ਗੈਸਲਾਈਟ’ ਅਤੇ ਲਕਸ਼ਮਣ ਉਤੇਕਰ ਦੀ ਫ਼ਿਲਮ, ਜਿਸ ਦਾ ਨਾਮ ਹਾਲੇ ਨਹੀਂ ਰੱਖਿਆ ਗਿਆ, ਵਿੱਚ ਨਜ਼ਰ ਆਵੇਗੀ। ਸੂਤਰਾਂ ਨੇ ਦੱਸਿਆ, ‘‘ਲਕਸ਼ਮਣ ਉਤੇਕਰ ਦੀ ਫ਼ਿਲਮ ਦੇ ਸੈੱਟ ਤੋਂ ਇੰਦੌਰ ਤੋਂ ਮੁੜਨ ਮਗਰੋਂ ਸਾਰਾ ਅਲੀ ਖ਼ਾਨ ਦਾ ਪ੍ਰੋਗਰਾਮ ਕਾਫ਼ੀ ਰੁਝੇਵੇਂ ਵਾਲਾ ਹੈ। ਨਵੀਂ ਫ਼ਿਲਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਪਣੇ ਪਹਿਲੇ ਸਾਰੇ ਬਰਾਂਡਾਂ ਨਾਲ ਵਚਨਬੱਧਤਾ ਪੂਰੀ ਕਰ ਰਹੀ ਹੈ। ਉਹ ਸਾਰਾ ਦਿਨ ਬਰਾਂਡਾਂ ਦੀ ਸ਼ੂਟਿੰਗ, ਡਬਿੰਗ ਅਤੇ ਰੋਜ਼ਾਨਾ ਵਰਕਆਊਟ ’ਚ ਰੁੱਝੀ ਰਹਿੰਦੀ ਹੈ।’’ ਸੂਤਰਾਂ ਅਨੁਸਾਰ ਅਦਾਕਾਰਾ ਨੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਉਹ ਸੈੱਟ ’ਤੇ ਜਾਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੁੰਦੀ ਹੈ।’’ -ਆਈਏਐੱਨਐੱਸ