ਮੁੱਢਲੇ ਢਾਡੀਆਂ ਵਿੱਚੋਂ ਹੀ ਇੱਕ ਹੋਰ ਢਾਡੀ ਹੋਇਆ ਹੈ ਮੋਹਣ ਸਿੰਘ ਬਿੰਡਾ। ਅਸਲ ਵਿੱਚ ਮੋਹਣ ਸਿੰਘ ਦੀ ਪਛਾਣ ਅਮਰ ਸਿੰਘ ਸ਼ੌਂਕੀ ਦੇ ਜਥੇ ਨਾਲ ਸਾਰੰਗੀ ਮਾਸਟਰ ਵਜੋਂ ਹੋਈ। ਉਸ ਦੀ ਜ਼ਿਆਦਾ ਰਿਕਾਰਡਿੰਗ ਅਮਰ ਸਿੰਘ ਸ਼ੌਂਕੀ ਨਾਲ ਹੀ ਹੈ। ਇਸ ਦੇ ਨਾਲ ਨਾਲ ਉਸ ਦੀ ਆਪਣੀ ਖ਼ੁਦ ਦੀ ਵੀ ਕਾਫ਼ੀ ਰਿਕਾਰਡਿੰਗ ਮਿਲਦੀ ਹੈ, ਜੋ ਉਸ ਦੀ ਵੱਖਰੀ ਪਛਾਣ ਬਣਾਉਂਦੀ ਹੈ।
ਮੋਹਣ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਰੌਲੀ ਕਾਲਰਾ ਵਿਖੇ ਪਿਤਾ ਗੁਰਾਂਦਿੱਤਾ ਦੇ ਘਰ 1914 ਦੇ ਲਗਭਗ ਹੋਇਆ। ਇਨ੍ਹਾਂ ਦਾ ਪਰਿਵਾਰ ਰਾਜਪੂਤ ਬਰਾਦਰੀ ਨਾਲ ਸਬੰਧਿਤ ਸੀ। ਮੋਹਣ ਸਿੰਘ ਦਾ ਪਹਿਲਾ ਨਾਂ ਦੌਲਤ ਸੀ ਤੇ ਆਮ ਲੋਕ ਉਸ ਨੂੰ ਦੌਲਾ ਹੀ ਸੱਦਦੇ ਸਨ। ਉਸ ਦਾ ਬਚਪਨ ਆਮ ਪੇਂਡੂ ਮੁੰਡਿਆਂ ਦੀ ਤਰ੍ਹਾਂ ਬੀਤਿਆ। ਉਸ ਦੀ ਆਵਾਜ਼ ਉੱਚੀ ਅਤੇ ਸੁਰੀਲੀ ਸੀ। ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ ਜੋ ਜਵਾਨੀ ਚੜ੍ਹਨ ਤੱਕ ਵਧਦਾ ਹੀ ਗਿਆ। ਉਸ ਸਮੇਂ ਢਾਡੀ ਦੀਦਾਰ ਸਿੰਘ ਦੀ ਪ੍ਰਸਿੱਧੀ ਚਾਰੇ ਪਾਸੇ ਸੀ। ਮੋਹਣ ਸਿੰਘ ਨੇ ਉਸ ਨੂੰ ਉਸਤਾਦ ਧਾਰ ਕੇ ਕਈ ਸਾਲ ਲਗਾਤਾਰ ਢਾਡੀ ਗਾਇਕੀ ਦੇ ਗੁਰ ਸਿੱਖੇ। ਅਮਰ ਸਿੰਘ ਸ਼ੌਂਕੀ ਨੂੰ ਢਾਡੀ ਗਾਇਕੀ ਵੱਲ ਮੋਹਣ ਸਿੰਘ ਹੀ ਲੈ ਕੇ ਆਇਆ, ਪਹਿਲਾ ਤਾਂ ਉਹ ਵਾਜੇ ਢੋਲਕ ਨਾਲ ਗਾਉਂਦਾ ਸੀ।
ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਮੋਹਣ ਸਿੰਘ ਨੇ ਅਮਰ ਸਿੰਘ ਸ਼ੌਂਕੀ ਤੇ ਸਰਵਨ ਸਿੰਘ ਨਾਲ ਮਿਲ ਕੇ ਢਾਡੀ ਜਥਾ ਬਣਾ ਲਿਆ ਸੀ। ਮੋਹਣ ਸਿੰਘ ਸਾਰੰਗੀ ਦਾ ਪੂਰਾ ਮਾਹਰ ਸੀ ਅਤੇ ਸੁਰਾਂ ’ਤੇ ਉਸ ਦੀ ਪਕੜ ਪੀਢੀ ਸੀ। ਲੰਮਾ ਸਮਾਂ ਇਹ ਜਥਾ ਆਪਣੀ ਕਲਾ ਦੇ ਜੌਹਰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਦਿਖਾਉਂਦਾ ਰਿਹਾ। ਇਨ੍ਹਾਂ ਦੀ ਆਵਾਜ਼ ਵਿੱਚ ਵੱਖ-ਵੱਖ ਕੰਪਨੀਆਂ ਵਿੱਚ ਅਣਗਿਣਤ ਰਿਕਾਰਡਿੰਗ ਹੋਈ।
ਇਸ ਤੋਂ ਬਿਨਾਂ ਮੋਹਣ ਸਿੰਘ ਆਪਣੇ ਵੱਖਰੇ ਜਥੇ ਨਾਲ ਵੀ ਗਾਉਂਦਾ ਰਿਹਾ। ਮੋਹਣ ਸਿੰਘ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਵਿੱਚ ਕਾਫ਼ੀ ਰਿਕਾਰਡਿੰਗ ਮਿਲਦੀ ਹੈ। ਸੰਸਾਰ ਪ੍ਰਸਿੱਧ ਕੰਪਨੀ ਐੱਚ.ਐੱਮ.ਵੀ. ਤੋਂ ਬਿਨਾਂ ਸਟਾਰ ਹਿੰਦੁਸਤਾਨ ਰਿਕਾਰਡਰਜ਼ ਕੰਪਨੀ ਨੇ ਵੀ ਇਸ ਜਥੇ ਦੀ ਆਵਾਜ਼ ਵਿੱਚ ਕਾਲੇ ਤਵੇ ਕੱਢੇ ਹਨ। ਮਿਰਜ਼ਾ ਸਾਹਿਬਾਂ, ਗੋਪੀ ਚੰਦ, ਪੂਰਨ ਅਤੇ ਹੋਰ ਲੋਕ ਗਥਾਵਾਂ ਵਿੱਚੋਂ ਪ੍ਰਸੰਗ ਰਿਕਾਰਡ ਹੋਏ ਮਿਲਦੇ ਹਨ।
- ਬਾਂਦੀ ਨੇ ਧਾਹਾਂ ਮਾਰੀਆਂ, ਰੋਂਦੀ ਜ਼ਾਰੋ ਜ਼ਾਰ,
ਪੱਟ ਪੱਟ ਸਿੱਟਦੀ ਮੀਢੀਆਂ, ਲਾਹੇ ਹਾਰ ਸ਼ਿੰਗਾਰ।
- ਗੋਰਖ ਆਖੇ ਗੋਪੀ ਚੰਦਾ,
ਐਵੇਂ ਲਟਾਂ ਲੁਹਾਈਂ ਨਾ,
ਇਤਰ ਫੁਲੇਲ, ਲਵਿੰਡਰ ਛੱਡ ਕੇ,
ਅੰਗ ਭਮੂਤ ਰਮਾਈਂ ਨਾ।
- ਰਾਜਾ ਕਹਿੰਦਾ ਸੁਣੋ ਰਾਣੀਓ,
ਮੈਨੂੰ ਹੁਣ ਅਟਕਾਇਓ ਨਾ
ਮੇਰਾ ਦਿਲ ਭਰਮਾਉਣ ਲਈ ਕੋਈ,
ਗਲ਼ ਵਿੱਚ ਜ਼ੁਲਫ਼ਾਂ ਪਾਇਓ ਨਾ।
- ਹੀਰ ਰੋ ਕੇ ਕਹਿੰਦੀ ਸੁਣੀ ਜੰਡੋਰਿਆ ਬਾਰ ਦਿਆ
ਕਿਸ ਵਿਧ ਕਰਲਾਂ ਤੇਰਾ ਝੂਠੇ ਦਾ ਇਤਬਾਰ ਵੇ।
- ਨਿਕਲ ਜੰਡੋਰੇ ਵਿੱਚੋਂ ਰਾਂਝਣ ਮਿਲਿਆ ਹੀਰ ਨੂੰ
ਭੂਰੀ ਹੇਠ ਵਿਛਾਕੇ ਖੁਸ਼ੀਆਂ ਬਹੁਤ ਮਨਾਈਆਂ।
- ਮਿਰਜ਼ਾ ਆਖੇ ਸਾਹਿਬਾਂ, ਤੈਨੂੰ ਖ਼ਬਰ ਨਾ ਸਾਰ
ਮੈਨੂੰ ਬੱਕੀ ਬਖਸ਼ੀ ਰੱਬ ਨੇ, ਨੀਂ ਉਹ ਕਾਲੀ ਰਾਤ ਉਤਾਰ।
- ਸਾਹਿਬਾਂ ਆਖੇ ਮਿਰਜ਼ਿਆ, ਮੈਨੂੰ ਨਾ ਸਮਝੀਂ ਕਮਜ਼ੋਰ ਵੇ
ਕੀ ਹੈ ਤੇਰੀ ਟੈਰੜੀ, ਇਹਦੀ ਕੀ ਹੈ ਤੋਰ ਵੇ।
1980 ਵਿੱਚ ਮੋਹਣ ਸਿੰਘ, ਅਮਰ ਸਿੰਘ ਸ਼ੌਂਕੀ ਨਾਲ ਇੰਗਲੈਂਡ ਦਾ ਚੱਕਰ ਵੀ ਮਾਰ ਆਇਆ। ਇਸ ਜਥੇ ਵਿੱਚ ਸ਼ੌਂਕੀ ਦਾ ਵੱਡਾ ਪੁੱਤਰ ਸਵਰਾਜ ਸਿੰਘ ਅਤੇ ਲਛਮਣ ਸਿੰਘ ਚੋਪੜਾ ਵੀ ਸ਼ਾਮਲ ਸਨ। ਪਰਵਾਸੀ ਪੰਜਾਬੀਆਂ ਨੇ ਇਸ ਜਥੇ ਨੂੰ ਪੂਰਾ ਮਾਣ ਤੇ ਸਤਿਕਾਰ ਦਿੱਤਾ।
ਮੋਹਣ ਸਿੰਘ ਦੀ ਗਿਣਤੀ ਚੋਟੀ ਦੇ ਸਾਰੰਗੀ ਵਾਦਕਾਂ ਵਿੱਚ ਕੀਤੀ ਜਾ ਸਕਦੀ ਹੈ। ਉਹ ਇੱਕ ਬਹੁਤ ਹੀ ਹੰਢਿਆ ਹੋਇਆ ਅਤੇ ਪਰਿਪੱਕ ਸਾਜ਼ੀ ਸੀ। ਸਾਰੰਗੀ ਦੇ ਸੁਰਾਂ ’ਤੇ ਉਸ ਦੇ ਪੋਟੇ ਅਜਿਹੇ ਥਿਰਕਦੇ ਸਨ ਕਿ ਉਹ ਵੱਡੇ ਤੋਂ ਵੱਡੇ ਇਕੱਠ ਨੂੰ ਵੀ ਕੀਲ ਕੇ ਬਿਠਾਉਣ ਦੇ ਸਮਰੱਥ ਸੀ। ਸੁਰਾਂ ਦੇ ਉਤਰਾਅ ਚੜ੍ਹਾਅ ਸਰੋਤੇ ਨੂੰ ਪੱਬਾਂ ਭਾਰ ਹੋਣ ’ਤੇ ਮਜਬੂਰ ਕਰ ਦਿੰਦੇ ਸਨ।
ਮੋਹਣ ਸਿੰਘ ਦਾ ਵਿਆਹ ਪੱਕੀ ਉਮਰ ਵਿੱਚ ਜਾ ਕੇ ਹੋਇਆ। ਇਸ ਵਿਆਹ ਤੋਂ ਉਸ ਦੇ ਦੋ ਲੜਕੇ ਗੁਰਮੀਤ ਸਿੰਘ ਤੇ ਚਰਨਜੀਤ ਸਿੰਘ ਹੋਏ। ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਉਸ ਦੇ ਪਦ ਚਿੰਨ੍ਹਾਂ ’ਤੇ ਨਹੀਂ ਚੱਲਿਆ।
ਸੰਪਰਕ: 84271-00341