ਮੁੰਬਈ: ਸੁਪਰਸਟਾਰ ਸ਼ਾਹਰੁਖ ਖਾਨ ਨੇ ਅੱਜ ਆਪਣੀ ਆਉਣ ਵਾਲੀ ਫਿਲਮ ‘ਜਵਾਨ’ ਦੀ ਸਹਿ-ਅਦਾਕਾਰਾ ਨਯਨਤਾਰਾ ਦਾ ਪੋਸਟਰ ਜਾਰੀ ਕੀਤਾ ਜਿਸ ਵਿਚ ਉਹ ਐਕਸ਼ਨ ਵਿਚ ਨਜ਼ਰ ਆ ਰਹੀ ਹੈ। ਇਸ ਫਿਲਮ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤਾਮਿਲ ਫਿਲਮਾਂ ਦੀ ਅਦਾਕਾਰਾ ਨਯਨਤਾਰਾ ‘ਕੋਲਾਮਾਵੂ ਕੋਕਿਲਾ’, ‘ਗਜਿਨੀ’ ਅਤੇ ‘ਨੇਤ੍ਰੀਕਨ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਫਿਲਮ ‘ਜਵਾਨ’ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ ਜਿਸ ਵਿਚ ਨਯਨਤਾਰਾ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਏਗੀ। ਸ਼ਾਹਰੁਖ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਇਸ ਫਿਲਮ ਦੀ ਸਹਿ-ਅਦਾਕਾਰਾ ਦੀ ਪਹਿਲੀ ਝਲਕ ਸਾਂਝੀ ਕੀਤੀ ਜਿਸ ਵਿੱਚ ਵਿਜੈ ਸੇਤੂਪਤੀ ਵੀ ਹੈ। ਸ਼ਾਹਰੁਖ ਨੇ ਪੋਸਟਰ ਦੇ ਕੈਪਸ਼ਨ ਵਿਚ ਲਿਖਿਆ, ‘ਇਹ ਤੂਫਾਨ ਤੋਂ ਪਹਿਲਾਂ ਆਉਣ ਵਾਲੀ ਗਰਜ ਹੈ! #ਨਯਨਤਾਰਾ।’ ਇਹ ਫਿਲਮ ਐਕਸ਼ਨ ਥ੍ਰਿਲਰ ਹੈ ਜੋ ਇੱਕ ਵਿਅਕਤੀ ਦੀ ਭਾਵਨਾਤਮਕ ਯਾਤਰਾ ਨੂੰ ਦਰਸਾਉਂਦੀ ਹੈ ਜੋ ਸਮਾਜ ਵਿੱਚ ਗਲਤੀਆਂ ਨੂੰ ਸੁਧਾਰਨ ਦਾ ਬੀੜਾ ਚੁੱਕਦਾ ਹੈ। ਇਸ ਫਿਲਮ ਵਿੱਚ ਦੀਪਿਕਾ ਪਾਦੂਕੋਨ ਵਿਸ਼ੇਸ਼ ਭੂਮਿਕਾ ਵਿੱਚ ਸਾਹਮਣੇ ਆਵੇਗੀ। ਇਸ ਤੋਂ ਇਲਾਵਾ ਸਾਨੀਆ ਮਲਹੋਤਰਾ, ਪ੍ਰਿਆਮਣੀ, ਗਿਰਿਜਾ ਓਕ, ਸੰਜੀਤਾ ਭੱਟਾਚਾਰੀਆ, ਲਹਿਰ ਖਾਨ, ਆਲੀਆ ਕੁਰੈਸ਼ੀ, ਰਿਧੀ ਡੋਗਰਾ, ਸੁਨੀਲ ਗਰੋਵਰ ਅਤੇ ਮੁਕੇਸ਼ ਛਾਬੜਾ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ 7 ਸਤੰਬਰ ਨੂੰ ਰਿਲੀਜ਼ ਹੋਵੇਗੀ। -ਪੀਟੀਆਈ