ਨਵੀਂ ਦਿੱਲੀ: ਕਿਸੇ ਸਮੇਂ ਕਾਫ਼ੀ ਜ਼ਿਆਦਾ ਸਿਗਰਟਨੋਸ਼ੀ ਕਰਨ ਵਾਲੇ ਅਦਾਕਾਰ ਸ਼ਾਹਰੁਖ਼ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਖ਼ਰਕਾਰ ਇਸ ਆਦਤ ਤੋਂ ਛੁਟਕਾਰਾ ਪਾ ਲਿਆ ਹੈ। ਅਦਾਕਾਰ ਨੇ ਸ਼ਨਿੱਚਰਵਾਰ ਨੂੰ ਮੁੰਬਈ ਦੇ ਇੱਕ ਪ੍ਰੋਗਰਾਮ ਵਿੱਚ ਆਪਣੇ 59ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਇਕੱਤਰ ਹੋਏ ਪ੍ਰਸ਼ੰਸਕਾਂ ਨਾਲ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸ਼ਾਹਰੁਖ ਫੈਨ ਕਲੱਬ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਅਦਾਕਾਰ ਨੂੰ ਇਹ ਆਖਦਿਆਂ ਸੁਣਿਆ ਜਾ ਸਕਦਾ ਹੈ, ‘‘ਇਹ ਚੰਗੀ ਗੱਲ ਹੈ ਕਿ ਮੈਂ ਹੁਣ ਸਿਗਰਟਨੋਸ਼ੀ ਨਹੀਂ ਕਰਦਾ। ਦੋਸਤੋ। ਮੈਨੂੰ ਲੱਗਿਆ ਸੀ ਕਿ ਸਿਗਰਟਨੋਸ਼ੀ ਛੱਡਣ ਮਗਰੋਂ ਮੈਨੂੰ ਸਾਹ ਦੀ ਸਮੱਸਿਆ ਹੋਵੇਗੀ, ਪਰ ਮੈਂ ਅਜੇ ਵੀ ਇਸ ਦੇ ਮਾੜੇ ਪ੍ਰਭਾਵ ਨੂੰ ਮਹਿਸੂਸ ਕਰਦਾ ਹਾਂ। ਇੰਸ਼ਾਅੱਲ੍ਹਾ, ਇਹ ਵੀ ਠੀਕ ਹੋ ਜਾਵੇਗਾ।’’ ਸਾਲ 2012 ਵਿੱਚ ਸ਼ਾਹਰੁਖ ਨੂੰ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰੌਇਲਜ਼ ਵਿਚਾਲੇ ਆਈਪੀਐੱਲ ਮੈਚ ਦੌਰਾਨ ਜਨਤਕ ਤੌਰ ’ਤੇ ਸਿਗਰਟਨੋਸ਼ੀ ਕਰਨ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜੈਪੁਰ ਦੀ ਇੱਕ ਅਦਾਲਤ ਸਾਹਮਣੇ ਦੋਸ਼ ਕਬੂਲਣ ਮਗਰੋਂ ਉਸ ’ਤੇ ਸਿਰਫ਼ 100 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਸ਼ਾਹਰੁਖ ਨੇ 2017 ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਆਰਿਅਨ, ਸੁਹਾਨਾ ਅਤੇ ਅਬਰਾਮ ਖ਼ਾਤਰ ਸਿਗਰਟ ਅਤੇ ਸ਼ਰਾਬ ਛੱਡਣ ਬਾਰੇ ਸੋਚ ਰਿਹਾ ਹੈ। ਸ਼ਾਹਰੁਖ ਨੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਕਿ ਉਹ ਘੱਟ ਤੋਂ ਘੱਟ ਅਗਲੇ ਦਸ ਸਾਲਾਂ ਤੱਕ ਉਨ੍ਹਾਂ ਦਾ ਮਨੋਰੰਜਨ ਕਰੇਗਾ। -ਪੀਟੀਆਈ