ਡਾ. ਸਾਹਿਬ ਸਿੰਘ
ਸਾਨੂੰ ਆਦਤ ਹੈ ਹਰ ਕਿਸੇ ਨੂੰ ਨਾਵਾਂ ’ਚ ਬੰਨ੍ਹਣ ਦੀ, ਤੇ ਫਿਰ ਓਨਾ ਕੂ ਹੀ ਅਕਸ ਚਿਤਵ ਕੇ ਉਹੋ ਜਿਹਾ ਸੋਚਣ ਸਮਝਣ ਦੀ। ਫਿਰ ਅਸੀਂ ਉਸ ਤੋਂ ਪਾਰ ਨਹੀਂ ਸੋਚਦੇ। ਇਸੇ ਲਈ ਪੰਜਾਬੀ ਉਲਾਰ ਬਿਰਤੀ ਲਈ ਉਹ ਸਿਰਫ਼ ‘ਗੁਲਾਬੋ ਮਾਸੀ’ ਹੈ। ਸਾਡਾ ਇੰਨੇ ਨਾਲ ਹੀ ਸਰ ਜਾਂਦਾ ਹੈ। ਗੁਲਾਬ ਖਿੜਿਆ ਖਿੜਾਇਆ ਮਿਲ ਜਾਵੇ ਤਾਂ ਕੀਹਦਾ ਜੀਅ ਕਰਦਾ ਹੈ ਕਿ ਉਹਦੇ ਖਿੜਨ ਦੀ ਪ੍ਰਕਿਰਿਆ ਜਾਨਣ ਦਾ ਤਰੱਦਦ ਕਰੇ! ਗੁਲਾਬ ਅੱਜ ਮਹਿਕ ਰਿਹਾ ਹੈ। ਪਰ ਕੰਡਿਆਂ ਨੇ ਫੁੱਲਾਂ ’ਤੇ ਹਾਵੀ ਹੋਣ ਦਾ ਯਤਨ ਤਾਂ ਕੀਤਾ ਹੋਊ… ਵੱਡੇ ਖੀਵੇ ਦੀ ਉਸ ਧੀ ਨੇ ਖੌਰੇ ਕਿੰਨੇ ਉੱਚੇ ਨੀਵੇਂ ਟਿੱਬਿਆਂ ਨੂੰ ਪੱਧਰਾ ਕਰਨ ਲਈ ਹੱਥ ਪੈਰ ਮਾਰੇ ਹੋਣਗੇ। ਜੀ ਹਾਂ, ਮੈਂ ਗੱਲ ਨਿਰਮਲ ਰਿਸ਼ੀ ਦੀ ਕਰ ਰਿਹਾ ਹਾਂ। ਉਸ ਦੀ ਤਪੱਸਿਆ ਸੱਚੀਂ ਕਿਸੇ ਰਿਸ਼ੀ ਵਰਗੀ ਹੈ। ਸਾਧਨਾ ਇੰਨੀ ਨਿੱਠ ਕੇ ਕੀਤੀ ਹੋਈ ਕਿ ਉਮਰ ਦੇ ਸੱਤਵੇਂ ਦਹਾਕੇ ’ਚ ਵੀ ਇਸ ਫੁੱਲ ਦੀ ਖੁਸ਼ਬੋ ਮੱਠੀ ਨਹੀਂ ਪਈ। ਕਲਾ ਦੀ ਨਿਰਮਲ ਧਾਰ ਵਰਗੀ, ਸਵੱਛ, ਸਾਫ਼, ਆਰ ਪਾਰ ਦਿਸਦੀ ਰਿਸ਼ੀ! ਉਹ ਹੱਸਦੀ ਹੈ ਤਾਂ ਕਿਸੇ ਬੱਚੇ ਵਾਂਗ। ਅਦਾਕਾਰੀ ਕਰਦੀ ਹੈ ਤਾਂ ਪੁਰਾਣੇ ਸਮਿਆਂ ’ਚ ਚਾਰਦੀਵਾਰੀ ਰਹਿਤ ਘਰਾਂ ’ਚ ਗੁਆਂਢ ਬੈਠੀ ਕਿਸੇ ਜਾਣੂ ਤੀਵੀਂ ਵਾਂਗ, ਮਿਲਦੀ ਹੈ ਤਾਂ ਕਿਸੇ ਚਿਰਾਂ ਦੇ ਵਿੱਛੜੇ ਪਰ ਸੱਜਰੇ ਚਾਵਾਂ ਵਾਲੇ ਪਰਿਵਾਰਕ ਜੀਅ ਵਾਂਗ। ਨਿਰਮਲ ਰਿਸ਼ੀ ਪੰਜਾਬੀ ਰੰਗਮੰਚ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਉਹ ਇਤਿਹਾਸਕ ਗ੍ਰੰਥ ਹੈ ਜਿਸ ਦੇ ਪੰਨਿਆਂ ’ਤੇ ਰਾਜ ਬੱਬਰ, ਸਰਦਾਰ ਸੋਹੀ, ਦਰਸ਼ਨ ਬੜੀ, ਗਿਰਜਾ ਸ਼ੰਕਰ, ਗੁਰਦਾਸ ਮਾਨ, ਮੋਹਨ ਬੱਗਨ, ਨੀਨਾ ਟਿਵਾਣਾ ਦੇ ਸੁਪਨੇ ਅੰਕਿਤ ਹਨ। ਉਸ ਗ੍ਰੰਥ ਦਾ ਆਦਿ, ਮੱਧ ਤੇ ਅੰਤ ਹਰਪਾਲ ਟਿਵਾਣਾ ਦੀਆਂ ਯਾਦਾਂ ਨਾਲ ਸਜਿਆ ਹੋਇਆ ਹੈ। ਉਹ ਸਿਰਫ਼ ਨਿਰਮਲ ਰਿਸ਼ੀ ਨਹੀਂ ਹੈ, ਵੱਡੇ ਖੀਵੇ ਦੇ ਪੰਡਤਾਂ ਦੀ ਇਹ ਧੀ ਪੰਜਾਬੀ ਰੰਗਮੰਚ ਦੇ ਸੁਨਹਿਰੀ ਕਾਲ ਨੂੰ ਸਮਝਣ ਵੱਲ ਖੁੱਲ੍ਹਦੀ ਖਿੜਕੀ ਹੈ।
ਉਸ ਦਾ ਦਾਦਾ ਰਾਮ ਦਿੱਤਾ ਮਹਾਰਾਜਾ ਪਟਿਆਲਾ ਦਾ ਦਰੋਗਾ ਸੀ। ਪਿਉ ਬਲਦੇਵ ਕ੍ਰਿਸ਼ਨ ਰਿਸ਼ੀ ਪਟਵਾਰ ਪੁਣਾ ਕਰਦਾ ਸੀ। ਪਰ ਨਾ ਦਾਦਾ ਜਾਣਦਾ ਸੀ, ਨਾ ਪਿਓ ਕਿ ਇਸ ਰਿਸ਼ੀ ਨੂੰ ਇਕ ਦਿਨ ਉਸ ਦੀ ਕਲਾ ਤੋਂ ਖ਼ੁਸ਼ ਹੋ ਕੇ ਮਹਾਰਾਜੇ ਨੇ ਆਪਣੇ ਮਹਿਲਾਂ ’ਚ ਦਾਅਵਤ ਦੇਣੀ ਸੀ। ਇਸ ਦਾਅਵਤ ’ਤੇ ਜਾਣਾ ਉਸ ਲਈ ਵੱਡੀ ਗੱਲ ਨਹੀਂ, ਬਲਕਿ ਅਪੋਲੋ ਗਰਾਊਂਡ ਦੇ ਖੁੱਲ੍ਹੇ ਮੈਦਾਨ ’ਚ ਭੁੰਜੇ ਦਰੀ ਵਿਛਾ ਕੇ ਮਹੀਨਿਆਂ ਬੱਧੀ ਸੌਣਾ ਯਾਦ ਕਰਦਿਆਂ ਉਸ ਦੇ ਚਿਹਰੇ ’ਤੇ ਅਵੱਲਾ ਨੂਰ ਚੜ੍ਹਦਾ ਹੈ। ਉਹ ਹਰਪਾਲ ਟਿਵਾਣਾ ਦੀ ਲਾਡਲੀ ਸ਼ਾਗਿਰਦ ਹੈ। ਹਰਪਾਲ ਦੀ ਮਾਂ ਨੁੂੰ ਇਕ ਦਿਨ ‘ਰੰਗ ਤਮਾਸ਼ੇ’ ਤੋਂ ਖਿਝ ਚੜ੍ਹੀ ਤਾਂ ਉਸ ਨੂੰ ਸਣੇ ਉਸ ਦੀ ਰੰਗਮੰਚ ਟੋਲੀ ਘਰੋਂ ਬਾਹਰ ਕੱਢ ਦਿੱਤਾ। ਹਰਪਾਲ ਦਿਲ ਦਾ ਬਾਦਸ਼ਾਹ ਸੀ। ਉਹ ਆਪਣੀ ਟੋਲੀ ਲੈ ਕੇ ਅਪੋਲੋ ਗਰਾਊਂਡ ਜਾ ਵਸਿਆ। ਨਿਰਮਲ ਉਦੋਂ ਭਰ ਜਵਾਨ ਸੀ। ਆਪਣੇ ਉਸਤਾਦ ਨੂੰ ਜ਼ਿੰਦਗੀ ਦੇ ਟਿੱਬੇ ਪੱਧਰੇ ਕਰਦਿਆਂ ਦੇਖ ਉਹ ਸਿੱਖ ਰਹੀ ਸੀ ਕਿ ਤਕੜੇ ਹੋ ਕੇ ਮੁਆਸ਼ਰੇ ਨੂੰ ਕਿਵੇਂ ਟੱਕਰਨਾ ਹੈ। ਮਾਨਸਾ ਦਾ ਪਿੰਡ ‘ਵੱਡਾ ਖੀਵਾ’ ਵਿਚ ਉਸ ਦੇ ਦੋ ਵੱਡੇ ਭਰਾ ਜੰਮਦਿਆਂ ਹੀ ਮਰ ਗਏ। ਤਿੰਨ ਬੱਚੇ ਬਚੇ, ਉਹ ਤਿੰਨ ਭੈਣਾਂ ਹਨ। ਨਿਰਮਲ ਪੜ੍ਹਨ ਲਈ ਆਪਣੀ ਭੂਆ ਕੋਲ ਗੰਗਾਨਗਰ ਜਾ ਪਹੁੰਚੀ। ਸਕੂਲ ਕਾਲਜ ਦੀ ਪੜ੍ਹਾਈ ਉੱਥੇ ਹੀ ਕੀਤੀ। ਰੰਗਮੰਚ ਵਾਲੇ ਜਾਣਦੇ ਹਨ ਕਿ ਥਿਊਰੀ ਆਫ ਏਲੀਨੇਸ਼ਨ ਕੀ ਹੁੰਦੀ ਹੈ, ਆਲੇ ਦੁਆਲੇ ਦਿੱਸਦੇ ਸੱਚ ਨਾਲੋਂ ਤੋੜ ਕੇ ਅਸਲ ਸੱਚ ਲੱਭਣਾ ਤੇ ਫਿਰ ਝੂਠੇ ਸੱਚ ਨੂੰ ਲੱਤ ਮਾਰਨੀ। ਨਿਰਮਲ ਨੂੰ ਮੰਚ ਦਾ ਨਸ਼ਾ ਚੜ੍ਹਿਆ ਹੋਇਆ ਸੀ। ਉਹ ਰੱਜ ਕੇ ਪੜ੍ਹੀ। ਨਾਟਕ, ਸਕਿੱਟਾਂ, ਗਿੱਧਾ, ਕਲਾ ਦੇ ਹਰ ਰੂਪ ਨਾਲ ਯਾਰੀ ਪਾ ਲਈ। ਨਿਰਮਲ ਪੜ੍ਹ ਲਿਖ ਗਈ।
ਉਚੇਰੀ ਵਿੱਦਿਆ ਲਈ ਜੈਪੁਰ ਜਾਣਾ ਚਾਹੁੰਦੀ ਸੀ, ਪਰ ਸਰਸਵਤੀ ਦੇਵੀ ਨੂੰ ਕੁਝ ਹੋਰ ਮਨਜ਼ੂਰ ਸੀ। ਉਹ ਪਟਿਆਲਾ ਪਹੁੰਚ ਗਈ। ਫਿਜ਼ੀਕਲ ਐਜੂਕੇਸ਼ਨ ਕਾਲਜ ਵਿਚੋਂ ਉਸ ਨੇ ਵਿੱਦਿਆ ਹਾਸਲ ਕੀਤੀ। ਇਹ ਉਹੀ ਸਮਾਂ ਸੀ ਜਦੋਂ ਹਿੰਦੋਸਤਾਨ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਇਕ ਯੁੱਧ ਕਰ ਚੁੱਕਾ ਸੀ। ਪੰਜਾਬ ’ਚੋਂ ਹਰਿਆਣਾ ਅਲੱਗ ਹੋ ਰਿਹਾ ਸੀ, ਪਰ ਨਿਰਮਲ ਆਪਣੇ ਕਲਾਤਮਕ ਯੁੱਧ ਵਿਚਲੇ ‘ਬ੍ਰਹਮਅਸਤਰ’ ਦੇ ਨਜ਼ਦੀਕ ਪਹੁੰਚ ਰਹੀ ਸੀ। ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿੱਖ ਕੇ ਸ਼ਾਹੀ ਸ਼ਹਿਰ ਵਾਪਸ ਆ ਚੁੱਕੇ ਸਨ। ਉਨ੍ਹਾਂ ਨੂੰ ਕੋਈ ਵਧੀਆ ਅਦਾਕਾਰਾ ਚਾਹੀਦੀ ਸੀ। ਪ੍ਰੋਫੈਸਰ ਸੂਦ ਜ਼ਰੀਆ ਬਣੇ ਤੇ 12 ਨਵੰਬਰ, 1966 ਨੂੰ ਨਿਰਮਲ ਰਿਸ਼ੀ ਪੰਜਾਬੀ ਰੰਗਮੰਚ ਦੇ ਪਹਿਲੇ ਪੇਸ਼ੇਵਰ ਨਿਰਦੇਸ਼ਕ ਹਰਪਾਲ ਟਿਵਾਣਾ ਦੀ ਸੰਗਤ ’ਚ ਪਹੁੰਚ ਗਈ। ਅਲਬਰਟ ਕਾਮੂ ਦੀ ਸਕ੍ਰਿਪਟ, ਉਸ ਦਾ ਪੰਜਾਬੀ ਰੂਪ ‘ਮੱਸਿਆ ਦੀ ਰਾਤ’ ਨਿਰਮਲ ਲਈ ਨਵੀਂ ਸਵੇਰ ਬਣ ਬਹੁੜਿਆ। ਫਿਰ ਚੱਲ ਸੋ ਚੱਲ… ‘ਦੀਵਾ ਬਲੇ ਸਾਰੀ ਰਾਤ’, ‘ਚਮਕੌਰ ਦੀ ਗੜ੍ਹੀ’, ‘ਹਿੰਦ ਦੀ ਚਾਦਰ’, ‘ਫਾਦਰ’, ‘ਲੌਂਗ ਦਾ ਲਿਸ਼ਕਾਰਾ’, ‘ਮੇਲਾ ਮੁੰਡੇ ਕੁੜੀਆਂ ਦਾ’ ਨਿਰਮਲ ਦਿਲਾਂ ’ਤੇ ਰਾਜ ਕਰਨ ਲੱਗੀ। ਹਰਪਾਲ ਤੇ ਨੀਨਾ ਦੀ ਪਰਿਵਾਰਕ ਜ਼ਿੰਦਗੀ ਦੇ ਕਰੀਬ ਰਹੀ। ਟਿਵਾਣਾ ਸਾਹਿਬ ਵੱਡੀ ਹਸਤੀ ਸਨ ਤੇ ਰੋਅਬ ਵੱਖਰਾ। ਕਲਾਕਾਰ ਜ਼ੁਬਾਨ ਖੋਲ੍ਹਣ ਲੱਗਿਆਂ ਡਰਦੇ, ਸਫ਼ਰ ਕਰਦੇ ਤਾਂ ਉਦੋਂ ਤਕ ਪਿਆਸ ’ਤੇ ਕਾਬੂ ਰੱਖਦੇ, ਜਦੋਂ ਤਕ ਟਿਵਾਣਾ ਸਾਹਿਬ ਦੀ ਪਸੰਦ ਦਾ ਨਲਕਾ ਨਾ ਆ ਜਾਂਦਾ। ਅੱਜ ਉਨ੍ਹਾਂ ਦੀ ਇਸ ਪਿਆਰੀ ਸ਼ਾਗਿਰਦ ਦੀ ਪਿਆਸ ਬਾਰੇ ਭਿਣਕ ਵੀ ਪੈ ਜਾਵੇ ਤਾਂ ਅਨੇਕਾਂ ਹੱਥ ਪਾਣੀ ਦੇ ਗਲਾਸ ਲੈ ਕੇ ਸਾਹਮਣੇ ਖੜ੍ਹੇ ਹੁੰਦੇ ਹਨ। ‘ਫਾਦਰ’ ਨਾਟਕ ’ਚ ਨਿਰਮਲ ਨੇ ਟਿਵਾਣਾ ਸਾਹਿਬ ਦੇ ਥੱਪੜ ਮਾਰਨਾ ਸੀ, ਡਰਦੀ ਉਸਤਾਦ ਦੇ ਥੱਪੜ ਕਿੰਜ ਮਾਰੇ! ਖਿਝ ਕੇ ਟਿਵਾਣਾ ਸਾਹਿਬ ਨੇ ਨਿਰਮਲ ਦੇ ਥੱਪੜ ਜੜਤਾ, ਸ਼ਾਗਿਰਦ ਕੁੜੀ ਸਹਿਮ ਗਈ, ਤਿੰਨ ਦਿਨ ਰੋਂਦੀ ਰਹੀ। ਨੀਨਾ ਟਿਵਾਣਾ ਦੀ ਮਾਂ ਨੇ ਸਮਝਾਇਆ, ‘ਰੋ ਨਾ ਧੀਏ, ਹਰਪਾਲ ਦਾ ਥੱਪੜ ਜੀਹਦੇ ਪੈ ਜਾਏ, ਉਹ ਬੰਦਾ ਬਣ ਜਾਂਦਾ’ ਤੇ ਨਿਰਮਲ ‘ਬੰਦਾ’ ਬਣ ਗਈ। ਅੱਜ ਤਕ ‘ਬੰਦਈ’ ਖੁੱਸਣ ਨਹੀਂ ਦਿੱਤੀ।
1975 ’ਚ ਨਿਰਮਲ ਲੁਧਿਆਣਾ ਜਾ ਪਹੁੰਚੀ। ਖ਼ਾਲਸਾ ਕਾਲਜ ਫਾਰ ਵਿਮੈਨ ’ਚ ਲੈਕਚਰਰ ਲੱਗ ਗਈ ਤੇ ਸੇਵਾ ਮੁਕਤੀ ਤਕ ਉੱਥੇ ਹੀ ਡਟੀ ਰਹੀ। ਰੰਗਮੰਚ ਨਾ ਛੱਡਿਆ। ਰਿਕਸ਼ੇ ’ਤੇ ਬੈਠ ਗਲੀ ਗਲੀ ਘੁੰਮਦੀ, ਟਿਕਟਾਂ ਵੇਚਦੀ, ਪੋਸਟਰ ਲਗਾਉਂਦੀ, ਕਲਾਕਾਰਾਂ ਦਾ ਰੋਟੀ ਟੁੱਕ ਕਰਦੀ। ਮਜਾਲ ਐ ਕੋਈ ਅੱਖ ਚੁੱਕ ਦੇਖ ਲਵੇ। ਰੰਗਮੰਚ ਨੂੰ ਉਸ ਨੇ ਬਹੁਤ ਕੁਝ ਦਿੱਤਾ, ਰੰਗਮੰਚ ਨੇ ਉਸ ਦੀ ਝੋਲੀ ਬੜਾ ਕੁਝ ਪਾਇਆ। ਉਹ ਉਸ ਦੌਰ ਦੀ ਅਦਾਕਾਰਾ ਹੈ ਜਦੋਂ ਛੇ ਛੇ ਮਹੀਨੇ ਰਿਹਰਸਲਾਂ ਹੁੰਦੀਆਂ, ਦਿੱਲੀ ਤੋਂ ਅਬਰਾਹਮ ਅਲਕਾਜ਼ੀ ਵਿਸ਼ੇਸ਼ ਤੌਰ ’ਤੇ ਰਿਹਰਸਲ ਦੇਖਣ ਪਹੁੰਚਦੇ। ਡਾ. ਹਰਚਰਨ ਸਿੰਘ ਦੀ ‘ਬੱਲੇ ਬੱਲੇ’ ਉਸ ਦੇ ਚੇਤਿਆਂ ’ਚ ਅੱਜ ਵੀ ਗੂੰਜ ਰਹੀ ਹੈ। ਉਹ ਤੂੜੀ ’ਤੇ ਚਾਦਰ ਵਿਛਾ ਕੇ ਵੀ ਸੁੱਤੀ, ਪੰਜ ਸਿਤਾਰਾ ਹੋਟਲਾਂ ’ਚ ਵੀ ਰਹੀ। ਉਸ ਦੇ ਵੱਡੇ ਪਰਿਵਾਰ ’ਚ ਦੋ ਇਨਸਾਨ ਰਾਸ਼ਟਰਪਤੀ ਤੱਕ ਪਹੁੰਚੇ। ਉਸ ਦੀ ਚਾਚੀ ਅਧਿਆਪਕ ਦੇ ਤੌਰ ’ਤੇ ਐਵਾਰਡ ਲੈਣ ਲਈ ਤੇ ਖ਼ੁਦ ਨਿਰਮਲ ਰਿਸ਼ੀ ਸੰਗੀਤ ਨਾਟਕ ਅਕੈਡਮੀ ਐਵਾਰਡ ਹਾਸਲ ਕਰਨ ਲਈ। ਪਰ ਉਹ ਮੰਨਦੀ ਹੈ ਕਿ ਅਜਿਹਾ ‘ਪੰਜਾਬੀ ਰੰਗਮੰਚ ਦੇ ਰਾਸ਼ਟਰਪਤੀ’ ਹਰਪਾਲ ਟਿਵਾਣਾ ਸਦਕਾ ਹੋਇਆ। ਰਾਜ ਬੱਬਰ, ਗੁਰਦਾਸ ਮਾਨ, ਸਰਦਾਰ ਸੋਹੀ ਉਸ ਲਈ ਪਿਆਰੇ ਰਾਜ, ਗੁਰਦਾਸ ਤੇ ਸੋਹੀ ਹਨ। ਉਹ ਹਰ ਇਕ ਦਾ ਜ਼ਿਕਰ ਕਰਦੀ ਅੱਖਾਂ ਦੇ ਕੋਏ ਨਮ ਕਰ ਬਹਿੰਦੀ ਹੈ, ਪਰ ਦਿਸਣ ਨ੍ਹੀਂ ਦਿੰਦੀ। ਪੰਜਾਬੀ ਮਾਨਸਿਕਤਾ ਦੀ ਕਮਜ਼ੋਰੀ ਹੀ ਸਮਝੋ ਕਿ ਅਸੀਂ ਉਸ ਦੇ ਵਰਤ ਵਰਤਾਓ ਤੇ ਰੋਹਬ ਨੂੰ ਦੇਖਦਿਆਂ ਉਹਨੂੰ ਜੱਟੀ ਕਹਿ ਕੇ ਨਿਵਾਜਦੇ ਹਾਂ ਤੇ ਪੰਡਤ ਰਾਮ ਦਿੱਤੇ ਦੀ ਧੀ ਦਾ ਬਣਦਾ ਸਤਿਕਾਰ ਉਸ ਦੇ ਅਸਲ ਸਮੇਤ ਦੇਣ ਦੀ ਥਾਂ ਉਲਾਰ ਹੋ ਜਾਂਦੇ ਹਾਂ। ਉਹ ਨਾ ਪੰਡਤਾਣੀ ਹੈ, ਨਾ ਜੱਟੀ। ਉਹ ਕਲਾਕਾਰ ਹੈ, ਸ਼ੁੱਧ ਕਲਾਕਾਰ। ਕਲਾਕਾਰੀ ਦਾ ਸਤਿਕਾਰ ਕਰਨ ਵਾਲੀ, ਕਲਾ ਦੀ ਇਬਾਦਤ ਕਰਨ ਵਾਲੀ।
ਸੰਪਰਕ: 98880-11096