ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਨੇ ਆਪਣੇ ਕਾਰੋਬਾਰੀ ਪਤੀ ਰਾਜ ਕੁੰਦਰਾ ਸਬੰਧੀ ਚੱਲ ਰਹੇ ਵਿਵਾਦ ਵਿਚਾਲੇ ਗਲਤੀਆਂ ਕਰਨ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਸੁਨੇਹਾ ਸਾਂਝਾ ਕੀਤਾ ਹੈ। ਰਾਜ ਕੁੰਦਰਾ ਪੋਰਨੋਗ੍ਰਾਫੀ ਰੈਕੇਟ ਨਾਲ ਸਬੰਧਾਂ ਕਾਰਨ ਜਾਂਚ ਦੇ ਘੇਰੇ ਵਿੱਚ ਹੈ। ਉਸ ਨੂੰ ਹਾਲ ਹੀ ਵਿੱਚ ਨਿਆਂਇਕ ਹਿਰਾਸਤ ਵਿੱਚ ਵੀ ਭੇਜਿਆ ਗਿਆ ਸੀ। ਸ਼ਿਲਪਾ ਨੇ ਇੰਸਟਾਗ੍ਰਾਮ ’ਤੇ ਇੱਕ ਕਿਤਾਬ ਦਾ ਅੰਸ਼ ਸਾਂਝਾ ਕੀਤਾ। ਇਹ ਸੋਫੀਆ ਲੋਰੇਨ ਦੇ ਇੱਕ ਹਵਾਲੇ ਨਾਲ ਆਰੰਭ ਹੁੰਦਾ ਹੈ, ਜਿਸ ਵਿੱਚ ਲਿਖਿਆ ਹੈ, ‘‘ਗਲਤੀਆਂ ਉਨ੍ਹਾਂ ਅਦਾਇਗੀਆਂ ਦਾ ਹਿੱਸਾ ਹਨ ਜੋ ਇਨਸਾਨ ਪੂਰੀ ਜ਼ਿੰਦਗੀ ਅਦਾ ਕਰਦਾ ਰਹਿੰਦਾ ਹੈ।’’ ਨੋਟ ਵਿੱਚ ਲਿਖਿਆ ਹੈ, ‘‘ਅਸੀਂ ਗਲਤੀਆਂ ਕੀਤੇ ਬਿਨਾਂ ਆਪਣੀ ਜ਼ਿੰਦਗੀ ਦਿਲਚਸਪ ਨਹੀਂ ਬਣਾ ਸਕਦੇ। ਅਸੀਂ ਆਸ ਕਰਦੇ ਹਾਂ ਕਿ ਇਹ ਬਹੁਤੀਆਂ ਖ਼ਤਰਨਾਕ ਗਲਤੀਆਂ ਨਾ ਹੋਣ ਜਾਂ ਅਜਿਹੀਆਂ ਨਾ ਹੋਣ ਜਿਸ ਨਾਲ ਕਿਸੇ ਨੂੰ ਨੁਕਸਾਨ ਪਹੁੰਚੇ ਪਰ ਗਲਤੀਆਂ ਹੋਣਗੀਆਂ ਜ਼ਰੂਰ। ਅਸੀਂ ਆਪਣੀਆਂ ਗ਼ਲਤੀਆਂ ਨੂੰ ਉਨ੍ਹਾਂ ਚੀਜ਼ਾਂ ਦੇ ਰੂਪ ਵਿੱਚ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਭੁੱਲਣਾ ਚਾਹੁੰਦੇ ਹਾਂ ਜਾਂ ਇਨ੍ਹਾਂ ਤੋਂ ਮਿਲੀ ਸਿੱਖਿਆ ਕਰ ਕੇ ਸਭ ਤੋਂ ਦਿਲਚਸਪ, ਚੁਣੌਤੀਪੂਰਨ ਅਤੇ ਉਤਸ਼ਾਹਜਨਕ ਤਜਰਬਿਆਂ ਦੇ ਰੂਪ ਵਿੱਚ ਵੀ ਇਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ।’’ ਅੰਤ ਵਿੱਚ ਉਸ ਨੇ ਲਿਖਿਆ, ‘‘ਮੈਂ ਗਲਤੀਆਂ ਕਰਾਂਗੀ। ਫਿਰ ਆਪਣੇ ਆਪ ਨੂੰ ਮੁਆਫ ਕਰ ਕੇ ਇਨ੍ਹਾਂ ਤੋਂ ਕੁਝ ਸਿੱਖਾਂਗੀ।’’ ਦੋ ਬੱਚਿਆਂ ਦੀ ਮਾਂ 46 ਸਾਲਾ ਅਦਾਕਾਰਾ ਨੇ ਨਾਲ ਹੀ ਇੱਕ ਸਟਿੱਕਰ ਵੀ ਸਾਂਝਾ ਕੀਤਾ ਜਿਸ ਉੱਤੇ ਲਿਖਿਆ ਸੀ, ‘‘ਗਲਤੀ ਹੋਈ ਹੈ ਪਰ ਕੋਈ ਗੱਲ ਨਹੀਂ।’’ ਹਾਲਾਂਕਿ ਉਸ ਦੀ ਪੋਸਟ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਉਹ ਇਹ ਸਭ ਕਿਸ ਬਾਰੇ ਕਹਿ ਰਹੀ ਸੀ। -ਆਈਏਐੱਨਐੱਸ