ਮੁੰਬਈ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਬਵਾਲ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ ਅਤੇ ਉਸ ਲਈ ਇਹ ਤਜਰਬਾ ਸ਼ਾਨਦਾਰ ਰਿਹਾ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਵਰੁਣ ਧਵਨ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗਾ। ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਮਗਰੋਂ 25 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘ਮੈਂ ਇਹ ਫ਼ਿਲਮ ਲੈਣ ਲਈ ਨਿਤੇਸ਼ ਤੇ ਸਾਜਿਦ ਸਰ ਦੇ ਪਿੱਛੇ-ਪਿੱਛੇ ਫਿਰਦੀ ਰਹੀ ਅਤੇ ਰੋਜ਼ਾਨਾ ਪ੍ਰਾਰਥਨਾ ਕਰਦੀ ਰਹੀ ਤਾਂ ਕਿਤੇ ਜਾ ਕੇ ਫ਼ਿਲਮ ਮਿਲੀ। ਜਦੋਂ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਮੈਂ ਰੋਜ਼ਾਨਾ ਖੁਦ ਨੂੰ ਚੂੰਢੀ ਵੱਢ ਕੇ ਦੇਖਦੀ ਸੀ ਕਿ ਕੀ ਮੈਂ ਸੱਚਮੁਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹਾਂ। ਆਖਿਰਕਾਰ ਇਸ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ ਪਰ ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਮੈਂ ਇੰਨੀ ਖੁਸ਼ਕਿਸਮਤ ਹਾਂ ਕਿ ਮੈਨੂੰ ਨਿਤੇਸ਼ ਸਰ ਦੇ ਇਸ ਸ਼ਾਨਦਾਰ ਪ੍ਰਾਜੈਕਟ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।’’ ਉਸ ਨੇ ਆਖਿਆ ਕਿ ਤਿਵਾੜੀ ਨੇ ਉਸ ਨੂੰ ਸਿਰਫ ਸਿਨੇਮਾ ਬਾਰੇ ਹੀ ਨਹੀਂ ਸਗੋਂ ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਤਰੀਕਾ ਵੀ ਸਿਖਾਇਆ। ਜਾਹਨਵੀ ਕਪੂਰ ਤੇ ਵਰੁਣ ਧਵਨ ਪਹਿਲੀ ਵਾਰ ਇਸ ਫਿਲਮ ਵਿੱਚ ਇਕੱਠਿਆਂ ਕੰਮ ਕਰ ਰਹੇ ਹਨ, ਜੋ ਅਗਲੇ ਸਾਲ 7 ਅਪਰੈਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। -ਪੀਟੀਆਈ