ਮੁੰਬਈ: ਵੈੱਬ ਸੀਰੀਜ਼ ‘ਇਨਸਾਈਡ ਐੈੱਜ’ ਅਤੇ ‘ਫੋਰ ਮੋਰ ਸ਼ਾਟਜ਼ ਪਲੀਜ਼!’ ਵਿੱਚ ਅਦਾਕਾਰੀ ਕਰਨ ਵਾਲੀ ਸਯਾਨੀ ਗੁਪਤਾ ਜਲਦੀ ਹੀ ਫਿਲਮ ‘ਹੋਮਕਮਿੰਗ’ ਵਿੱਚ ਨਜ਼ਰ ਆਵੇਗੀ। ਇਹ ਫਿਲਮ ਉਸ ਦੇ ਜੱਦੀ ਸ਼ਹਿਰ ਕੋਲਕਾਤਾ ’ਤੇ ਆਧਾਰਿਤ ਹੈ। ਉਸ ਦੀ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਜੱਦੀ ਸ਼ਹਿਰ ਵਿੱਚ ਸ਼ੂਰੂ ਹੋਣ ’ਤੇ ਉਹ ਬਹੁਤ ਖੁਸ਼ ਹੈ। ਸਯਾਨੀ ਨੇ ਕਿਹਾ ਕਿ ਕੋਲਕਾਤਾ ਉਸ ਦਾ ਘਰ ਹੈ, ਇਹ ਦੁਨੀਆ ਵਿਚੋਂ ਉਸ ਦਾ ਸੱਚਮੁਚ ਪਸੰਦੀਦਾ ਸ਼ਹਿਰ ਹੈ। ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਸ਼ਹਿਰ ਵਿੱਚ ਬਿਤਾਉਣ ਤੋਂ ਬਾਅਦ ਇੱਥੇ ਸ਼ੂਟਿੰਗ ਕਰਨ ਦਾ ਮੌਕਾ ਮਿਲਣਾ ਅਤੇ ਕੰਮ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਦੇ ਨੇੜੇ ਹੋਣਾ ਵੱਖਰਾ ਸਕੂਨ ਦਿੰਦਾ ਹੈ। ਤਕਨੀਕੀ ਤੌਰ ’ਤੇ ਇਹ ਉਸ ਦੀ ਪਹਿਲੀ ਫਿਲਮ ਹੈ ਜਿਸ ਦਾ ਇਕ ਹਿੱਸਾ ਬੰਗਾਲੀ ਫਿਲਮ ’ਚੋਂ ਹੈ। ਉਸ ਨੇ ਦੱਸਿਆ ਕਿ ਕੰਮ ਕਰਦੇ ਹੋਏ ਆਪਣੀ ਮਾਂ ਬੋਲੀ ਦੀ ਵਰਤੋਂ ਕਰਨਾ ਬਹੁਤ ਹੀ ਆਰਾਮਦਾਇਕ ਤੇ ਸਕੂਨ ਭਰਿਆ ਹੁੰਦਾ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਬੰਗਾਲੀ ਬੋਲਣਾ ਬਹੁਤ ਪਸੰਦ ਹੈ। ਉਸ ਨੇ ਦੱਸਿਆ ਕਿ ਉਸ ਨੇ ਕੰਮ ਕਰਦੇ ਹੋਏ ਕਦੇ ਵੀ ਬੰਗਾਲੀ ਭਾਸ਼ਾ ਨਹੀਂ ਵਰਤੀ ਤੇ ਇੰਨੇ ਲੰਬੇ ਸਮੇਂ ਬਾਅਦ ਕੰਮ ਦੌਰਾਨ ਬੰਗਾਲੀ ਬੋਲਣ ਨਾਲ ਉਸ ਨੂੰ ਬਹੁਤ ਸਕੂਨ ਮਿਲਿਆ ਹੈ। ਉਸ ਨੇ ਕਿਹਾ ਕਿ ਕੋਲਕਾਤਾ ’ਚ ਸ਼ੂਟਿੰਗ ਕਰਨਾ ਬਹੁਤ ਵਧੀਆ ਰਿਹਾ। ਸ਼ੂਟਿੰਗ ਤੋਂ ਇਲਾਵਾ ਇੱਥੇ ਬੰਗਾਲੀ ਖਾਣਾ ਤੇ ਆਪਣੀ ਮਾਂ ਨੂੰ ਅਕਸਰ ਮਿਲਣ ਦਾ ਮੌਕਾ ਮਿਲਦਾ ਹੈ। ‘ਹੋਮਕਮਿੰਗ’ ਵਿੱਚ ਤੁਸ਼ਾਰ ਪਾਂਡੇ, ਪਲਬੀਤਾ ਬੋਰਠਾਕੁਰ ਅਤੇ ਸੋਹਮ ਮਜੂਮਦਾਰ ਵੀ ਹਨ। ਫਿਲਮ ਦੇ ਨਿਰਦੇਸ਼ਕ, ਲੇਖਕ ਤੇ ਪ੍ਰੋਡਿਊਸਰ ਸੌਮਿਆਜੀਤ ਮਜੂਮਦਾਰ ਹਨ। ਇਹ ਫਿਲਮ ਜਲਦੀ ਹੀ ਸੋਨੀ ਲਿਵ ’ਤੇ ਦਿਖਾਈ ਜਾਵੇਗੀ। -ਆਈਏਐੱਨਐੱਸ