ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਆਪਣੇ ਪੁੱਤਰ ਸ਼ਿੰਦੇ ਨਾਲ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਸ਼ੂਟਿੰਗ ਚੰਡੀਗੜ੍ਹ ਵਿਚ ਸ਼ੁਰੂ ਹੋ ਗਈ ਹੈ। ਇਸ ਫਿਲਮ ਦਾ ਨਿਰਮਾਣ ਗਿੱਪੀ ਗਰੇਵਾਲ ਦੀ ਕੰਪਨੀ ਹੰਬਲ ਮੋਸ਼ਨ ਪਿਕਚਰਜ਼ ਅਤੇ ਸਾਰੇਗਾਮਾ ਇੰਡੀਆ ਲਿਮਟਿਡ ਵਲੋਂ ਕੀਤਾ ਜਾਵੇਗਾ। ਇਸ ਫਿਲਮ ਲਈ ਯੂਡਲੀ ਫਿਲਮਜ਼ ਨੇ ਸਹਿਯੋਗ ਦਿੱਤਾ ਹੈ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਿਲ ਨੂੰ ਛੂਹਣ ਵਾਲੀ ਪਰਿਵਾਰਕ ਕਾਮੇਡੀ ਹੈ, ਜਿਸ ਦਾ ਨਿਰਦੇਸ਼ਨ ਅਮਰਪ੍ਰੀਤ ਜੀਐੱਸ ਛਾਬੜਾ ਵਲੋਂ ਕੀਤਾ ਗਿਆ ਹੈ। ਇਹ ਫਿਲਮ ਹਾਸੇ-ਮਜ਼ਾਕ ਨਾਲ ਭਰਪੂਰ ਹੈ ਜੋ ਤੇਜ਼ੀ ਨਾਲ ਬਦਲ ਰਹੇ ਆਧੁਨਿਕ ਯੁਗ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ। ਸਾਰੇਗਾਮਾ ਇੰਡੀਆ ਲਿਮਟਿਡ ਤੇ ਮੀਤ ਪ੍ਰਧਾਨ ਸਿਧਾਰਥ ਆਨੰਦ ਕੁਮਾਰ ਨੇ ਕਿਹਾ, ‘ਪੰਜਾਬੀ ਸਿਨੇਮਾ ਦਾ ਮੁੜ ਉਭਾਰ ਹੋ ਰਿਹਾ ਹੈ ਤੇ ‘ਕੈਰੀ ਆਨ ਜੱਟਾ 3’ ਬਾਕਸ ਆਫਿਸ ’ਤੇ ਹਿੱਟ ਹੋਈ ਹੈ। ਹੁਣ ਨਿਰਮਾਤਾ ਅਤੇ ਨਿਰਦੇਸ਼ਕ ਚੰਗੀਆਂ ਕਹਾਣੀਆਂ ਅਤੇ ਸਬੰਧਤ ਵਿਸ਼ਿਆਂ ’ਤੇ ਜ਼ੋਰ ਦੇ ਰਹੇ ਹਨ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਆਧੁਨਿਕ ਸਮਾਜ ਵਿੱਚ ਬੱਚਿਆਂ ਦੇ ਪਾਲਣ ਪੋਸ਼ਣ ਦੀ ਕਹਾਣੀ ਹੈ, ਜਿੱਥੇ ਪਿਛਲੀ ਪੀੜ੍ਹੀ ਦੇ ਨਿਯਮ ਲਾਗੂ ਨਹੀਂ ਹੁੰਦੇ। ਜ਼ਿਕਰਯੋਗ ਹੈ ਕਿ ‘ਹੌਸਲਾ ਰੱਖ’ ’ਚ ਸ਼ਿੰਦਾ ਨੇ ਵਧੀਆ ਕੰਮ ਕੀਤਾ ਸੀ ਅਤੇ ਦਰਸ਼ਕ ਇਸ ਫਿਲਮ ’ਚ ਗਿੱਪੀ ਅਤੇ ਸ਼ਿੰਦਾ ਨੂੰ ਇਕੱਠੇ ਦੇਖ ਕੇ ਖੁਸ਼ ਹੋਣਗੇ। ਗਿੱਪੀ ਗਰੇਵਾਲ ਨੇ ਕਿਹਾ, ‘ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਪੰਜਾਬੀ ਸਿਨੇਮਾ ਵਿੱਚ ਵਧ ਰਹੀ ਦਿਲਚਸਪੀ ਤੋਂ ਖੁਸ਼ ਹਾਂ।’ ਇਸ ਫਿਲਮ ਦੇ ਲੇਖਕ ਨਰੇਸ਼ ਕਥੂਰੀਆ ਹਨ ਅਤੇ ਇਸ ਵਿੱਚ ਅਦਾਕਾਰਾ ਹਿਨਾ ਖਾਨ ਹੈ ਜੋ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕਰੇਗੀ। ਇਸ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ ਵਿੱਚ ਹੋਵੇਗੀ ਅਤੇ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। -ਟਨਸ