ਮੁੰਬਈ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਨਵੀਂ ਆ ਰਹੀ ਫਿਲਮ ‘ਮਿਲੀ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਹ ਫਿਲਮ ਅਦਾਕਾਰਾ ਦੇ ਪਿਤਾ ਬੋਨੀ ਕਪੂਰ ਵੱਲੋਂ ਬਣਾਈ ਜਾ ਰਹੀ ਹੈ। ਮੁਥੁਕੂਟੀ ਜ਼ੇਵੀਅਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 2019 ਵਿੱਚ ਆਈ ਮਲਿਆਲਮ ਫਿਲਮ ‘ਹੈਲੇਨ’ ਦਾ ਰੀਮੇਕ ਹੈ। ਮਲਿਆਲਮ ਫਿਲਮ ਦਾ ਨਿਰਦੇਸ਼ਨ ਵੀ ਮੁਥੁਕੂਟੀ ਨੇ ਹੀ ਕੀਤਾ ਸੀ। 24 ਸਾਲਾ ਅਦਾਕਾਰਾ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਫਿਲਮ ਵਿੱਚ ਪਹਿਲੀ ਵਾਰ ਆਪਣੇ ਪਿਤਾ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕੀਤਾ। ਜਾਹਨਵੀ ਨੇ ਲਿਖਿਆ, ‘‘ਮਿਲੀ’ ਦੀ ਸ਼ੂਟਿੰਗ ਨਬਿੜ ਗਈ ਹੈ। ਮੇਰੀ ਆਪਣੇ ਪਿਤਾ ਨਾਲ ਪਹਿਲੀ ਫਿਲਮ ਹੈ, ਜਿਨ੍ਹਾਂ ਤੋਂ ਮੈਂ ਇੱਕ ਨਿਰਮਾਤਾ ਵਜੋਂ ਸਾਰੀ ਉਮਰ ਫਿਲਮਾਂ ਦੀਆਂ ਕਹਾਣੀਆਂ ਸੁਣਦੀ ਰਹੀ ਹਾਂ ਪਰ ਉਨ੍ਹਾਂ ਨਾਲ ਕੰਮ ਕਰਕੇ ਹੁੁਣ ਮੈਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਜਦੋਂ ਸਾਰੇ ਕਹਿੰਦੇ ਹਨ ਕਿ ਤੁਸੀਂ ਫਿਲਮ ਵਿੱਚ ਆਪਣਾ ਦਿਲ ਤੇ ਰੂਹ ਲਗਾ ਦਿੰਦੇ ਹੋ ਤਾਂ ਇਸ ਦੇ ਅਰਥ ਕੀ ਹਨ। ਮੈਨੂੰ ਮਾਣ ਹੈ ਕਿ ਮੈਂ ਇਹ ਮਹਿਸੂਸ ਕਰ ਸਕੀ ਹਾਂ।’ ਇਸ ਪੋਸਟ ਦੇ ਨਾਲ ਹੀ ਅਦਾਕਾਰਾ ਨੇ ਫ਼ਿਲਮ ਦੀ ਸ਼ੂਟਿੰਗ ਵੇਲੇ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਕਿਹਾ, ‘ਮੁਥੁਕੂਟੀ ਜ਼ੇਵੀਅਰ ਵਰਗੇ ਨਿਰਦੇਸ਼ਕ ਨਾਲ ਕੰਮ ਕਰਨਾ ਉਸ ਲਈ ਬਹੁਤ ਹੀ ਖਾਸ ਤਜਰਬਾ ਸੀ। -ਆਈਏਐੱਨਐੱਸ