ਹੈਦਰਾਬਾਦ: ਨਾਗਾਰਜੁਨ ਅੱਕੀਨੇਨੀ ਦੀ ਫਿਲਮ ‘ਘੋਸਟ’ ਦੀ ਸ਼ੂਟਿੰਗ, ਜੋ ਦੁਬਈ ਵਿੱਚ ਸ਼ੁਰੂ ਹੋਣੀ ਸੀ, ਕਰੋਨਾ ਕਾਰਨ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਦੁਬਈ ਲਈ ਰਵਾਨਾ ਹੋਣ ਵਾਲੇ ਯੂਨਿਟ ਦੇ ਕੁਝ ਮੈਂਬਰਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਕਰਕੇ ਸ਼ੂਟਿੰਗ ਮੁਲਤਵੀ ਕਰਨੀ ਪਈ ਹੈ। ਕਰੋਨਾ ਪਾਜ਼ੇਟਿਵ ਆਏ ਟੀਮ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਫਿਲਮ ਦੀ ਸ਼ੂਟਿੰਗ ਲਈ ਨਵਾਂ ਸ਼ਡਿਊਲ ਬਾਅਦ ਵਿਚ ਤਿਆਰ ਕੀਤਾ ਜਾਵੇਗਾ। ਫਿਲਮ ਦਾ ਨਿਰਦੇਸ਼ਨ ‘ਗਰੁੜ ਵੇਗਾ’ ਲਈ ਮਸ਼ਹੂਰ ਪ੍ਰਵੀਨ ਸੱਤਾਰੂ ਕਰ ਰਹੇ ਹਨ। ਸੋਨਲ ਚੌਹਾਨ, ਗੁਲ ਪਨਾਗ ਅਤੇ ਅਨੀਖਾ ਸੁਰੇਂਦਰਨ ਵੀ ਫਿਲਮ ਦਾ ਹਿੱਸਾ ਹਨ। ਨਾਰਾਇਣ ਦਾਸ ਕੇ ਨਾਰੰਗ, ਪੁਸਕੁਰ ਰਾਮ ਮੋਹਨ ਰਾਓ ਅਤੇ ਸ਼ਰਥ ਮਰਾਰ ਫਿਲਮ ਦਾ ਨਿਰਮਾਣ ਕਰ ਰਹੇ ਹਨ। -ਆਈਏਐੱਨਐੱਸ