ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਜਰਸੀ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫਿਲਮ ਸਾਲ 2019 ਵਿਚ ਆਈ ਤੇਲਗੂ ਫਿਲਮ ‘ਜਰਸੀ’ ਦਾ ਰੀਮੇਕ ਹੈ। ਸ਼ਾਹਿਦ ਇਸ ਫਿਲਮ ਵਿਚ ਕ੍ਰਿਕਟਰ ਦਾ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਇਸ ਸਾਲ ਦੇ ਸ਼ੁਰੂ ਵਿਚ ਆਰੰਭ ਕੀਤੀ ਗਈ ਸੀ ਪਰ ਕਰੋਨਾਵਾਇਰਸ ਕਾਰਨ ਲਾਗੂ ਕੀਤੀ ਤਾਲਾਬੰਦੀ ਕਾਰਨ ਮਾਰਚ ਮਹੀਨੇ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਟੀਮ ਨੇ ਅਕਤੂਬਰ ਮਹੀਨੇ ਮੁੜ ਚੰਡੀਗੜ੍ਹ ਅਤੇ ਦੇਹਰਾਦੂਨ ਵਿੱਚ ਵੱਖ ਵੱਖ ਥਾਵਾਂ ’ਤੇ ਸ਼ੂਟ ਕਰਦਿਆਂ ਇਸ ਨੂੰ ਮੁਕੰਮਲ ਕਰ ਲਿਆ ਹੈ। 39 ਸਾਲਾ ਅਦਾਕਾਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਫਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਦੀ ਜਾਣਕਾਰੀ ਸਾਂਝੀ ਕੀਤੀ। ਟਵਿੱਟਰ ’ਤੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ 47 ਦਿਨਾਂ ਵਿਚ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਫਿਲਮ ਮੁਕੰਮਲ ਕਰਨਾ ਚਮਤਕਾਰ ਹੈ। ਉਨ੍ਹਾਂ ਕਿਹਾ ਕਿ ਉਹ ਟੀਮ ਦੇ ਹਰ ਮੈਂਬਰ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਇਸ ਔਖੇ ਸਮੇਂ ਵਿਚ ਵੀ ਰੋਜ਼ਾਨਾ ਆਪਣਾ ਕੰਮ ਬਾਖੂ਼ਬੀ ਕਰਦਿਆਂ ਫਿਲਮ ਨੂੰ ਇੰਨੀ ਜਲਦੀ ਪੂਰੀ ਕਰਨ ਵਿਚ ਯੋਗਦਾਨ ਪਾਇਆ। ਇਹ ਫ਼ਿਲਮ ਇੱਕ ਚੰਗੇ ਪਰ ਨਾਕਾਮਯਾਬ ਖਿਡਾਰੀ ਦੀ ਕਹਾਣੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ 2019 ਵਿਚ ਇਸੇ ਨਾਂ ਨਾਲ ਤੇਲਗੂ ਫਿਲਮ ਬਣਾਉਣ ਵਾਲੇ ਨਿਰਦੇਸ਼ਕ ਗੌਤਮ ਤਿਨਾਨੌਰੀ ਨੇ ਕੀਤਾ ਹੈ। -ਪੀਟੀਆਈ