ਨਵੀਂ ਦਿੱਲੀ: ਫਿਲਮ ਅਦਾਕਾਰ ਸ਼੍ਰੇਅਸ ਤਲਪੜੇ ਤੇ ਰਾਜਪਾਲ ਯਾਦਵ ਆਪਣੀ ਆਉਣ ਵਾਲੀ ਫਿਲਮ ‘ਮੰਨੂ ਔਰ ਮੁੰਨੀ ਕੀ ਸ਼ਾਦੀ’ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਬਿਲਕੁਲ ਤਿਆਰ ਹਨ। ਫ਼ਿਲਮ ‘ਮੰਨੂ ਔਰ ਮੁੰਨੀ ਕੀ ਸ਼ਾਦੀ’ ਦਰਸ਼ਕਾਂ ਦੇ ਦਿਲਾਂ ਨੂੰ ਖੁਸ਼ੀ ਅਤੇ ਹਾਸੇ ਨਾਲ ਭਰਨ ਲਈ ਇੱਕ ਸਾਫ਼ ਸੁਥਰੀ ਕਾਮੇਡੀ ਪੇਸ਼ ਕਰਨ ਦਾ ਵਾਅਦਾ ਕਰਦੀ ਹੈ। ਇਸ ਫ਼ਿਲਮ ਵਿੱਚ ਇੱਕ ਵਾਰ ਫਿਰ ਸ਼੍ਰੇਅਸ ਤਲਪੜੇ ਅਤੇ ਰਾਜਪਾਲ ਯਾਦਵ ਦੀ ਕਾਮੇਡੀ ਭਰੀ ਜੁਗਲਬੰਦੀ ਦੇਖਣ ਨੂੰ ਮਿਲੇਗੀ। ਦੱਸਣਯੋਗ ਹੈ ਕਿ ਇਸ ਜੋੜੀ ਨੇ ਪਹਿਲਾਂ ਵੀ ‘ਅਪਨਾ ਸਪਨਾ ਮਨੀ-ਮਨੀ’ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ ਸੀ। ਇਸ ਫ਼ਿਲਮ ਵਿੱਚ ਕਨਿਕਾ ਤਿਵਾੜੀ ਵੀ ਮੁੱਖ ਭੂਮਿਕਾ ਵਿੱਚ ਹੈ। ਨਵੇਂ ਨਿਰਦੇਸ਼ਕ ਦੀਪਕ ਸਿਸੋਦੀਆ ਦੇ ਨਿਰਦੇਸ਼ਨ ਹੇਠਲੀ ਫਿਲਮ ‘ਮਨੂੰ ਔਰ ਮੁੰਨੀ ਕੀ ਸ਼ਾਦੀ’ ਕਾਮੇਡੀ, ਰੋਮਾਂਸ, ਭਾਵਨਾਵਾਂ ਦਾ ਦਿਲਕਸ਼ ਮਿਸ਼ਰਣ ਹੋਵੇਗੀ। ਦੀਪਕ ਸਿਸੋਦੀਆ ਨੇ ਕਿਹਾ ਕਿ ਉਹ ਹਮੇਸ਼ਾ ਅਜਿਹੀ ਕਿਸੇ ਪਰਿਵਾਰਕ ਫਿਲਮ ਤੋਂ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰਨਾ ਚਾਹੁੰਦਾ ਸੀ ਜਿਸ ਵਿੱਚ ਦੋਹਰੇ ਅਰਥਾਂ ਵਾਲੇ ਚੁਟਕੁਲੇ ਨਾ ਹੋਣ। -ਆਈਏਐੱਨਐੱਸ