ਮੁੰਬਈ, 27 ਸਤੰਬਰ
ਪੰਜਾਬੀ ਗਾਇਕ ਤੇ ‘ਬਿੱਗ ਬੌਸ’ ਦੀ ਸਾਬਕਾ ਪ੍ਰਤੀਯੋਗੀ ਹਿਮਾਂਸ਼ੀ ਖੁਰਾਣਾ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਹਿਮਾਂਸ਼ੀ ਨੇ ਕੋਵਿਡ-19 ਲਈ ਪਾਜ਼ੇਟਿਵ ਨਿਕਲਣ ਦੀ ਖੁ਼ਦ ਪੁਸ਼ਟੀ ਕੀਤੀ ਹੈ। ਸੰਸਦ ਵਿੱਚ ਪਾਸ ਖੇਤੀ ਬਿਲਾਂ ਖਿਲਾਫ਼ ਹੋਏ ਹਾਲੀਆ ਪ੍ਰਦਰਸ਼ਨਾਂ ’ਚ ਸ਼ਿਰਕਤ ਕਰਨ ਵਾਲੀ 28 ਸਾਲਾ ਗਾਇਕਾ ਨੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਕਰੋਨਾਵਾਇਰਸ ਦਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਖੁਰਾਣਾ ਨੇ ਇਕ ਟਵੀਟ ’ਚ ਕਿਹਾ, ‘ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਸਾਰੀਆਂ ਸਾਵਧਾਨੀਆਂ ਵਰਤਣ ਦੇੇ ਬਾਵਜੂਦ ਮੈਂ ਟੈਸਟ ਦੌਰਾਨ ਕੋਵਿਡ-19 ਲਈ ਪਾਜ਼ੇਟਿਵ ਨਿਕਲ ਆਈ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਪਿਛਲੇ ਦਿਨਾਂ ’ਚ ਮੈਂ ਇਕ ਰੋਸ ਮੁਜ਼ਾਹਰੇ ਦਾ ਹਿੱਸਾ ਸੀ। ਉਸ ਥਾਂ ’ਤੇ ਕਾਫੀ ਭੀੜ ਭੜੱਕਾ ਹੋਣ ਕਰਕੇ, ਅੱਜ ਸ਼ਾਮੀਂ ਮੈਂ ਆਪਣੀ ਸ਼ੂਟ ’ਤੇ ਜਾਣ ਤੋਂ ਪਹਿਲਾਂ ਟੈਸਟ ਕਰਵਾਉਣ ਬਾਰੇ ਸੋਚਿਆ।’ ਖੁਰਾਣਾ ਨੇ ਧਰਨਿਆਂ ਮੁਜ਼ਾਹਰਿਆਂ ’ਚ ਸ਼ਾਮਲ ਹੋਣ ਵਾਲਿਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ। -ਪੀਟੀਆਈ