ਗੁਰਮੀਤ ਸਿੰਘ*
ਚੰਡੋਲ (ਲਾਰਕ) ਜਾਤੀ ਦੇ ਸਾਰੇ ਪੰਛੀ ਆਪਣੇ ਸੁਰੀਲੇ ਗਾਇਨ ਲਈ ਜਾਣੇ ਜਾਂਦੇ ਹਨ। ਉਹ ਉੱਡਦੇ ਵੇਲੇ ਵੀ ਗਾਉਂਦੇ ਹਨ। ਸਲੇਟੀ ਸਿਰ ਚੰਡੋਲ ਨਾਂ ਦਾ ਪੰਛੀ ਵੀ ਗਾਉਣ ਦਾ ਸ਼ੌਕੀਨ ਮੰਨਿਆ ਗਿਆ ਹੈ। ਸਲੇਟੀ ਸਿਰ ਚੰਡੋਲ ਨੂੰ ਅੰਗਰੇਜ਼ੀ ਵਿਚ ‘Ashy-Crowned Sparrow’ ਜਾਂ ‘Ashy-Crowned Finch Lark’ ਅਤੇ ਹਿੰਦੀ ਵਿਚ ਲਵਾ ਜਾਂ ਸਲੇਟੀ ਸਿਰ ਦੇਵਲੀ ਕਹਿੰਦੇ ਹਨ। ਇਹ ਲਾਰਕ ਪਰਿਵਾਰ ਦਾ ਛੋਟਾ ਜਿਹਾ ਚਿੜੀ ਦੇ ਆਕਾਰ ਦਾ ਪੰਛੀ ਹੈ। ਇਹ ਸਾਡੇ ਦੇਸ਼ ਵਿਚ ਕਈ ਥਾਵਾਂ ’ਤੇ ਮਿਲਦਾ ਹੈ। ਇਹ ਮੈਦਾਨਾਂ ਵਿਚ ਖੁੱਲ੍ਹੀਆਂ ਪੈਲੀਆਂ ਵਿਚ ਜਿੱਥੇ ਘਾਹ ਫੂਸ ਘੱਟ ਹੁੰਦਾ ਹੈ, ਵਿਖੇ ਮਿਲਦਾ ਹੈ। ਇਸ ਦੇ ਨਰ ਦਾ ਸਿਰ ਉੱਪਰੋਂ ਸਲੇਟੀ ਰੰਗ ਦਾ ਹੁੰਦਾ ਹੈ, ਅੱਖਾਂ ਦੀ ਧਾਰੀ, ਠੋਡੀ, ਗਲਾ ਅਤੇ ਥੱਲੇ ਤੋਂ ਸਾਰਾ ਕਾਲੇ ਰੰਗ ਦਾ ਹੁੰਦਾ ਹੈ। ਜਦੋਂਕਿ ਮਾਦਾ ਰੇਤਲੀ ਭੂਰੀ ਅਤੇ ਚਿੜੀ ਵਰਗੀ ਦਿਖਾਈ ਦਿੰਦੀ ਹੈ। ਇਸ ਦੀ ਚੁੰਝ ਛੋਟੀ ਮੋਟੀ ਤਿੱਖੀ ਅਤੇ ਘਸਮੈਲੀ ਜਿਹੀ ਹੁੰਦੀ ਹੈ। ਇਨ੍ਹਾਂ ਦਾ ਰੰਗ ਰੂਪ ਧਰਤੀ ਨਾਲ ਰਲਦਾ ਮਿਲਦਾ ਹੋਣ ਕਰਕੇ ਦੂਰੋਂ ਛੇਤੀ ਦਿਖਾਈ ਨਹੀਂ ਦਿੰਦੇ। ਇਸ ਦੀਆਂ ਲੱਤਾਂ ਛੋਟੀਆਂ ਅਤੇ ਭੂਰੀਆਂ ਹੁੰਦੀਆਂ ਹਨ। ਇਸ ਦਾ ਪੂੰਝਾਂ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਮਾਦਾ ਨਰ ਨਾਲੋਂ ਥੋੜ੍ਹੀ ਜਿਹੀ ਹਲਕੀ ਹੁੰਦੀ ਹੈ ਅਤੇ ਭੂਰਾ ਰੰਗ ਨਰ ਨਾਲੋਂ ਵਧੀਆ ਹੁੰਦਾ ਹੈ। ਸਲੇਟੀ ਸਿਰ ਚੰਡੋਲ ਦਾ ਆਕਾਰ 11 ਤੋਂ 12 ਸੈਂਟੀਮੀਟਰ ਹੁੰਦਾ ਹੈ ਅਤੇ ਭਾਰ 16 ਗ੍ਰਾਮ ਦੇ ਲਗਭਗ ਹੁੰਦਾ ਹੈ, ਲੱਤਾਂ ਅਤੇ ਪੈਰ ਗੂੜ੍ਹੇ ਭੂਰੇ ਹੁੰਦੇ ਹਨ।
ਇਹ ਚੰਡੋਲ ਪੰਛੀ ਆਮਤੌਰ ’ਤੇ ਜੋੜਿਆਂ ਵਿਚ ਜਾਂ ਛੋਟੇ ਝੁੰਡਾਂ ਵਿਚ ਵੇਖੇ ਜਾ ਸਕਦੇ ਹਨ। ਉਹ ਜ਼ਮੀਨ ’ਤੇ ਵਿੰਗ-ਤੜਿੰਗਾ ਹੋ ਕੇ ਦੌੜਦੇ ਹਨ ਅਤੇ ਬੀਜ ਅਤੇ ਕੀੜੇ ਖਾਂਦੇ ਹਨ।
ਆਲ੍ਹਣੇ ਬਣਾਉਣ ਵਿਚ ਮੁੱਖ ਭੂਮਿਕਾ ਮਾਦਾ ਵੱਲੋਂ ਨਿਭਾਈ ਜਾਂਦੀ ਹੈ। ਆਲ੍ਹਣਾ ਜ਼ਮੀਨ ’ਤੇ ਵਧੀਆ ਘਾਹ ਦੀਆਂ ਜੜਾਂ ਵਾਲਾਂ ਜਾਂ ਖੰਭਾਂ ਨਾਲ ਕਤਾਰਬੱਧ ਅਤੇ ਅਕਸਰ ਬੱਜਰੀ ਨਾਲ ਘਿਰਿਆ ਹੋਇਆ ਹੁੰਦਾ ਹੈ। ਜਦੋਂ ਇਨ੍ਹਾਂ ਪੰਛੀਆਂ ਨੂੰ ਕੋਈ ਪਰੇਸ਼ਾਨ ਕਰਦਾ ਹੈ ਤਾਂ ਇਹ ਉਡਾਰੀ ਮਾਰ ਜਾਂਦੇ ਹਨ। ਰਾਤ ਵੇਲੇ ਇਹ ਮਿੱਟੀ ਨੂੰ ਥੋੜ੍ਹਾ ਜਿਹਾ ਪਰੇ ਕਰਕੇ ਡੂੰਘੀ ਥਾਂ ਬਣਾ ਕੇ ਵਿਚ ਸੌਂ ਜਾਂਦੇ ਹਨ। ਇਹ ਆਮਤੌਰ ’ਤੇ ਸਾਲ ਵਿਚ ਫਰਵਰੀ ਤੋਂ ਸਤੰਬਰ ਵਿਚ ਪ੍ਰਜਣਨ ਕਰਦੇ ਹਨ। ਨਰ ਚੰਡੋਲ ਉਡਾਣ ਵੇਲੇ ਗਾਉਂਦਾ ਹੈ, ਉੱਪਰ ਤੋਂ ਰੁਕ-ਰੁਕ ਕੇ ਹੇਠਾਂ ਆਉਣ ਵੇਲੇ ਗਾਉਣ ਦੀ ਗਤੀ ਤੇਜ਼ ਕਰ ਦਿੰਦਾ ਹੈ।
ਮਾਦਾ 2 ਤੋਂ 3 ਅੰਡੇ ਦਿੰਦੀ ਹੈ। ਆਂਡਿਆਂ ਵਿਚੋਂ ਲਗਭਗ 13 ਜਾਂ 14 ਦਿਨਾਂ ਬਾਅਦ ਚੂਜ਼ੇ ਨਿਕਲਦੇ ਹਨ। ਨਰ ਤੇ ਮਾਦਾ ਵੱਲੋਂ ਮਿਲ ਕੇ ਚੂਜ਼ਿਆਂ ਨੂੰ ਖਾਣਾ ਖੁਆਇਆ ਜਾਂਦਾ ਹੈ, ਹਾਲਾਂਕਿ ਮਾਦਾ ਵਧੇਰੇ ਕਿਰਿਆਸ਼ੀਲ ਹੁੰਦੀ ਹੈ। ਚੂਜ਼ੇ ਉੱਡਣ ਦੇ ਯੋਗ ਹੋਣ ਤੋਂ ਪਹਿਲਾਂ ਆਲ੍ਹਣਾ ਛੱਡ ਦਿੰਦੇ ਹਨ। ਭਾਰਤ ਵਿਚ ਸਲੇਟੀ ਸਿਰ ਚੰਡੋਲ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-4 ਵਿਚ ਰੱਖਿਆ ਗਿਆ ਹੈ। ਆਈ.ਯੂ. ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ) ਮੁਤਾਬਿਕ ਇਸ ਪੰਛੀ ਨੂੰ ਕੋਈ ਖ਼ਤਰਾ ਨਹੀਂ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910