ਜਸਵਿੰਦਰ ਸਿੰਘ ਰੁਪਾਲ
ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਗੂੜ੍ਹਾ ਅਤੇ ਦਿਲਾਂ ਦੀ ਸਾਂਝ ਵਾਲਾ ਹੈ। ਸਮੇਂ ਦੇ ਝੱਖੜਾਂ ਅਤੇ ਪਦਾਰਥਵਾਦ ਦੀਆਂ ਹਨੇਰੀਆਂ ਵਿਚ ਵੀ ਇਸ ਦੀਵੇ ਨੂੰ ਬਲਦੇ ਰਹਿਣ ਦਾ ਮਾਣ ਪ੍ਰਾਪਤ ਹੈ। ਉਂਜ ਤਾਂ ਭੈਣ ਅਤੇ ਭਰਾ ਦੋਵੇਂ ਇਕ ਦੂਜੇ ਪ੍ਰਤੀ ਖਿੱਚ ਰੱਖਦੇ ਹਨ, ਪਰ ਸਾਨੂੰ ਕਹਿਣ ਜਾਂ ਮੰਨਣ ਵਿਚ ਕੋਈ ਝਿਜਕ ਨਹੀਂ ਰੱਖਣੀ ਚਾਹੀਦੀ ਕਿ ਭੈਣ ਦਾ ਆਪਣੇ ਵੀਰ ਪ੍ਰਤੀ ਲਗਾਅ, ਮੋਹ, ਪਿਆਰ-ਖਿੱਚ ਵੀਰ ਦੀ ਖਿੱਚ ਨਾਲੋਂ ਵਧੇਰੇ ਤੀਬਰ ਹੈ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਵੀਰੇ ਨੂੰ ਆਪਣੀ ਰਖਵਾਲੀ ਸਮਝਦੀ ਸੀ, ਸਮਝਦੀ ਹੈ ਅਤੇ ਸਮਝਦੀ ਰਹੇਗੀ। ਹਾਲਾਤ ਬਦਲ ਰਹੇ ਹਨ, ਸਮਾਜਿਕ ਤਬਦੀਲੀਆਂ ਆ ਰਹੀਆਂ ਹਨ, ਪਰ ਸਦੀਆਂ ਦੇ ਬਣੇ ਸੰਸਕਾਰ ਜਿਉਂ ਦੇ ਤਿਉਂ ਕਾਇਮ ਹਨ। ਭੈਣ ਦਾ ਆਪਣੇ ਵੀਰ ਪ੍ਰਤੀ ਡੁੱਲ੍ਹਦਾ ਪਿਆਰ ਸਾਡੇ ਲੋਕ ਸਾਹਿਤ ਨੇ ਵੀ ਅਤੇ ਸਾਡੇ ਸਾਹਿਤ ਨੇ ਵੀ ਸੰਭਾਲਿਆ ਹੋਇਆ ਹੈ। ਅੱਜ ਇਸ ਰਿਸ਼ਤੇ ਦੀਆਂ ਗਹਿਰਾਈਆਂ ਨੂੰ ਸਿਰਫ਼ ਲੋਕ ਗੀਤਾਂ ’ਚੋਂ ਲੱਭਣ ਦਾ ਯਤਨ ਕਰਾਂਗੇ।
ਸਭ ਤੋਂ ਪਹਿਲਾਂ ਤਾਂ ਵੀਰੇ ਦੀ ਪ੍ਰਾਪਤੀ ਲਈ ਭੈਣ ਦੀ ਤਾਂਘ ਦੇਖਣਯੋਗ ਹੁੰਦੀ ਹੈ। ਵੀਰੇ ਤੋਂ ਬਿਨਾਂ ਉਸ ਨੂੰ ਆਪਣਾ ਆਪ ਅਧੂਰਾ ਜਾਪਦਾ ਹੈ। ਉਹ ਅਰਦਾਸਾਂ ਕਰਦੀ ਹੈ:
ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
ਆਖਰ ਭੈਣ ਦੀਆਂ ਅਰਦਾਸਾਂ ਨੂੰ ਫ਼ਲ ਲੱਗਦਾ ਹੈ। ਭੈਣ ਦਾ ਚਾਅ ਸੰਭਾਲਿਆ ਨਹੀਂ ਜਾਂਦਾ। ਬਚਪਨ ਤੋਂ ਜਵਾਨੀ ਤਕ ਦੋਵੇਂ ਇਕੱਠੇ ਵੱਡੇ ਹੁੰਦੇ ਹਨ, ਖੇਡਦੇ ਹਨ, ਲੜਦੇ ਹਨ, ਹੱਸਦੇ ਹਨ ਅਤੇ ਇਕ ਦੂਜੇ ਤੋਂ ਵਾਰੀ ਵਾਰੀ ਵੀ ਜਾਂਦੇ ਹਨ।
ਸਮਾਜ ਦੀ ਪਰੰਪਰਾ ਮੁਤਾਬਕ ਹਰ ਲੜਕੀ ਨੇ ਇਕ ਦਿਨ ਵਿਆਹੀ ਜਾਣਾ ਹੁੰਦਾ ਹੈ। ਭੈਣ ਦਾ ਵਿਆਹ ਹੋ ਜਾਂਦਾ ਹੈ ਅਤੇ ਹੱਸਦਾ ਖੇਲਦਾ ਮੇਲ ਅਤੇ ਆਨੰਦ ਵਾਲਾ ਸਮਾਂ ਵਿਛੋੜੇ ਵਿਚ ਬਦਲ ਜਾਂਦਾ ਹੈ। ਦੂਰ ਬੈਠੀ ਭੈਣ ਆਪਣੇ ਵੀਰ ਨੂੰ ਯਾਦ ਕਰਦੀ ਰਹਿੰਦੀ ਹੈ, ਤਾਂਘਦੀ ਰਹਿੰਦੀ ਹੈ। ਕਦੇ ਕਦੇ ਸਹੁਰਾ ਪਰਿਵਾਰ ਵਿਚ ਉਹ ਪਿਆਰ ਤੇ ਨਿੱਘ ਨਹੀਂ ਮਿਲਦਾ ਜੋ ਪੇਕੇ ਘਰ ਸੀ। ਨਾ ਫੋਨ ਦੀ ਸਹੂਲਤ ਹੁੰਦੀ ਸੀ ਤੇ ਨਾ ਹੀ ਉਦੋਂ ਆਵਾਜਾਈ ਦੇ ਸਾਧਨ ਸਨ। ਮਿਲਣ ਨੂੰ ਅਤੇ ਗੱਲਬਾਤ ਕਰਨ ਲਈ ਵੀ ਕਾਫ਼ੀ ਸਮਾਂ ਲੰਘ ਜਾਂਦਾ ਸੀ। ਕੋਈ ਦਿਨ ਤਿਉਹਾਰ ਮਿਲਣ ਦਾ ਸਬੱਬ ਬਣਦਾ ਸੀ। ਦਿਨ ਤਿਉਹਾਰਾਂ ’ਤੇ ਲੈਣ ਦੇਣ ਦੀਆਂ ਚੱਲੀਆਂ ਰੀਤਾਂ ਅਸਲ ਵਿਚ ਵਿਛੋੜੇ ਨੂੰ ਮਿਲਾਪ ਵਿਚ ਬਦਲਣ ਲਈ ਅਤੇ ਪਿਆਰ ਭੇਂਟ ਦੇ ਕੇ ਪਿਆਰ ਗੂੜ੍ਹਾ ਕਰਨ ਲਈ ਹੀ ਬਣੀਆਂ ਸਨ। ਭੈਣ ਦੀ ਤਾਂਘ ਪ੍ਰਗਟ ਹੁੰਦੀ ਹੈ :
ਵੀਰਾ ਆਵੀਂ ਵੇ ਭੈਣ ਦੇ ਵਿਹੜੇ, ਪੁੰਨਿਆ ਦਾ ਚੰਨ ਬਣ ਕੇ।
ਉਸ ਨੂੰ ਜਿਸ ਦਿਨ ਵੀ ਲੱਗਦਾ ਹੈ ਕਿ ਅੱਜ ਵੀਰਾ ਆਵੇਗਾ, ਉਸ ਦੀ ਸਾਰੀ ਇਕਾਗਰਤਾ ਇੱਥੇ ਆ ਕੇ ਟਿਕਦੀ ਹੈ ਕਿ ਕਿਵੇਂ ਆਏ ਵੀਰ ਦੀ ਪ੍ਰਾਹੁਣਚਾਰੀ ਕੀਤੀ ਜਾਵੇ। ਪਰ ਸਾਰਾ ਕੁਝ ਤਾਂ ਸੱਸ ਦੇ ਕੰਟਰੋਲ ਵਿਚ ਹੈ। ਭੈਣ ਸੱਸ ਨੂੰ ਕਹਿੰਦੀ ਹੈ:
ਸੱਸੇ ਦੁੱਧ ਨੂੰ ਜਾਗ ਨਾ ਲਾਈਂ, ਅੱਜ ਮੇਰੇ ਵੀਰ ਨੇ ਆਉਣਾ।
ਵੀਰ ਆਉਂਦਾ ਹੈ। ਭੈਣ ਸਵਾਗਤ ਕਰਦੀ ਹੈ:
ਤੈਨੂੰ ਵੀਰਾ ਦੁੱਧ ਦਾ ਛੰਨਾ,
ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ।
ਵੀਰ ਦੀ ਸੇਵਾ ਭੈਣ ਦੀ ਇੱਛਾ ਅਨੁਸਾਰ ਨਹੀਂ ਹੁੰਦੀ। ਭੈਣ ਉਸ ਨੂੰ ਖੁੱਲ੍ਹਾ ਖਾਣ ਪੀਣ ਨੂੰ ਦੇਣਾ ਚਾਹੁੰਦੀ ਹੈ, ਪਰ ਸੱਸ ਦੇ ਮਨ ਵਿਚ ‘ਮੁੰਡੇ ਦੀ ਮਾਂ’ ਹੋਣ ਦਾ ਗਰੂਰ ਹੈ ਅਤੇ ‘ਧੀਆਂ ਵਾਲੇ ਨੀਵੇਂ ਹੁੰਦੇ ਹਨ’ ਦੀ ਭਾਵਨਾ ਵੀ ਅੰਦਰ ਧਸੀ ਹੋਈ ਹੈ। ਉਹ ਪ੍ਰਾਹੁਣੇ ਅਨੁਸਾਰ ਮੇਰ ਤੇਰ ਵੀ ਕਰਦੀ ਹੈ। ਭੈਣ ਦੁਖੀ ਹੈ ਕਿ ਘਰ ਵਿਚ ਦੁੱਧ ਘਿਓ ਆਦਿ ਸਾਰਾ ਖੁੱਲ੍ਹਾ ਡੁੱਲ੍ਹਾ ਹੋਣ ’ਤੇ ਵੀ ਸੱਸ ਕੰਜੂਸੀ ਕਰਦੀ ਹੈ:
ਸੱਸੇ ਤੇਰੀ ਮਹਿੰ ਮਰ ਜਾਏ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਭੈਣ ਨੂੰ ਆਪਣੇ ਵੀਰ ਦੇ ਹਰੇਕ ਕੰਮ ’ਤੇ ਮਾਣ ਹੁੰਦਾ ਹੈ। ਉਹ ਬਹੁਤਾ ਪੜ੍ਹੀ ਲਿਖੀ ਨਹੀਂ, ਉਸ ਨੂੰ ਨਹੀਂ ਪਤਾ ਕਿ ਵੀਰ ਦੀ ਨੌਕਰੀ ਕਿਹੜੀ ਹੈ, ਪਰ ਉਸ ਨੂੰ ਇਹ ਅਹਿਸਾਸ ਹੈ ਕਿ ਉਹ ਨੌਕਰੀ ਅਫ਼ਸਰਾਂ ਵਾਲੀ ਹੈ। ਠਾਣੇਦਾਰੀ ਉਸ ਵੇਲੇ ਵੱਡੀ ਅਫ਼ਸਰੀ ਮੰਨੀ ਜਾਂਦੀ ਸੀ, ਤਦੇ ਤਾਂ ਭੈਣ ਕਹਿੰਦੀ ਹੈ:
ਠਾਣੇਦਾਰ ਦੇ ਬਰਾਬਰ ਡਹਿੰਦੀ, ਕੁਰਸੀ ਮੇਰੇ ਵੀਰ ਦੀ।
ਵੀਰ ਆਪਣੇ ਕੰਮਾਂ ਵਿਚ ਰੁੱਝੇ ਹੋਏ ਜੇ ਕਿਧਰੇ ਤਿੱਥ ਤਿਉਹਾਰ ਨੂੰ ਭੈਣ ਕੋਲ ਆਉਣਾ ਭੁੱਲ ਜਾਂਦੇ ਹਨ ਜਾਂ ਲੇਟ ਹੋ ਜਾਂਦੇ ਹਨ ਤਾਂ ਸੱਸ ਨੂੰ ਤਾਹਨੇ ਦੇਣ ਲਈ ਬਹਾਨਾ ਮਿਲ ਜਾਂਦਾ ਹੈ:
ਤੈਨੂੰ ਤੀਆਂ ਨੂੰ ਲੈਣ ਨਾ ਆਏ,
ਬਹੁਤਿਆਂ ਭਰਾਵਾਂ ਵਾਲੀਏ।
ਫਿਰ ਉਸ ਦਾ ਜਵਾਬ ਭੈਣ ਇਉਂ ਦਿੰਦੀ ਹੈ:
ਤੈਥੋਂ ਡਰਦੇ ਲੈਣ ਨਾ ਆਏ, ਸੱਸੇ ਨੀਂ ਵੜੇਵੇਂ ਅੱਖੀਏ।
ਭੈਣ ਸੱਸ ਨੂੰ ਸਾਫ਼ ਸਾਫ਼ ਕਹਿ ਦਿੰਦੀ ਹੈ ਕਿ ਉਹ ਹੋਰ ਹਰ ਗੱਲ ਸਹਿ ਸਕਦੀ ਹੈ, ਪਰ ਭਰਾ ਦੀ ਗਾਲ੍ਹ ਹਰਗਿਜ਼ ਨਹੀਂ ਬਰਦਾਸ਼ਤ ਕਰੇਗੀ:
ਗਾਲ੍ਹ ਭਰਾਵਾਂ ਦੀ, ਮੈਂ ਨਾ ਵੈਰਨੇ ਸਹਿੰਦੀ।
ਉਂਜ, ਆਮ ਹਾਲਾਤ ਵਿਚ ਵੀਰ ਅਜਿਹਾ ਨਹੀਂ ਹੋਣ ਦਿੰਦਾ। ਉਹ ਹਰ ਕੋਸ਼ਿਸ਼ ਕਰਦਾ ਹੈ ਕਿ ਡੁੱਬ ਜਾਣੀਆਂ ਦੀ ਖ਼ਬਰ ਲਿਆਂਦੀ ਜਾਵੇ ਅਤੇ ਦਿਨ ਤਿਉਹਾਰ ਨੂੰ ਕੁਝ ਲੈਣ ਦੇਣ ਵੀ ਹੋ ਜਾਏ। ਭੈਣ ਆਸ ਤਾਂ ਚਾਚੇ ਤਾਇਆਂ ਤੋਂ ਵੀ ਰੱਖਦੀ ਹੈ, ਪਰ ਉਹ ਤਾਂ ਉਸ ਨੂੰ ਕਦੇ ਮਿਲਣ ਵੀ ਨਹੀਂ ਜਾਂਦੇ। ਭੈਣ ਦਾ ਵੀਰ ’ਤੇ ਮਾਣ ਇਉਂ ਪ੍ਰਗਟ ਹੁੰਦਾ ਹੈ:
ਵੀਰ ਨਦੀਆਂ ਚੀਰਦੇ ਆਏ, ਚਾਚੇ ਤਾਏ ਕੋਲ ਦੀ ਲੰਘੇ।
ਹੌਲੀ ਹੌਲੀ ਵੀਰ ਦਾ ਵੀ ਵਿਆਹ ਹੋ ਜਾਂਦਾ ਹੈ। ਇਕ ਪਾਸੇ ਤਾਂ ਭਾਬੋ, ਵੀਰ ’ਤੇ ਜ਼ਿਆਦਾ ਹੱਕ ਜਮਾਉਣ ਲੱਗਦੀ ਹੈ ਤੇ ਕੁਝ ਵੀਰੇ ਦਾ ਪਿਆਰ ਵੀ ਵੰਡਿਆ ਜਾਂਦਾ ਹੈ। ਭੈਣ ਤੋਂ ਵੀਰ ਦਾ ਉਦਰੇਵਾਂ ਤੇ ਓਪਰਾਪਣ ਸਹਿ ਨਹੀਂ ਹੁੰਦਾ। ਉਹ ਆਖਦੀ ਹੈ ਕਿ ਜੇ ਆਉਣ ਦਾ ਵਕਤ ਨਹੀਂ ਖ਼ਤ ਤਾਂ ਲਿਖ ਦਿਆ ਕਰ:
ਚਿੱਠੀ ਪਾ ਦੀਂ ਵੇ ਅੰਮਾ ਦਿਆ ਜਾਇਆ, ਭੈਣ ਪਰਦੇਸਣ ਨੂੰ।
ਵੀਰ ਦੀ ਮਜਬੂਰੀ ਹੈ:
ਤੇਰੀ ਭਾਬੋ ਲਿਖਣ ਨਾ ਦੇਵੇ,
ਚਿੱਠੀਆਂ ਨਾਲ ਘਰ ਭਰ ਦਾਂ।
ਵੀਰਾ ਭੈਣ ਨੂੰ ਆਉਣ ਲਈ ਆਖਦਾ ਹੈ, ਪਰ ਭਾਬੋ, ਆਈ ਹੋਈ ਭੈਣ ਦਾ ਓਨਾ ਸਤਿਕਾਰ ਨਹੀਂ ਕਰਦੀ। ਕਦੇ ਕਦੇ ਭੈਣ ਨੂੰ ਕਿਸੇ ਗੱਲੋਂ ਟੋਕ ਵੀ ਦਿੰਦੀ ਹੈ ਤਾਂ ਭੈਣ ਦੀ ਨਿਰਾਸ਼ਤਾ ਉਹਦੇ ਹਿਰਦੇ ਦੀ ਪੀੜ ਬਣ ਕੇ ਬਾਹਰ ਨਿਕਲਦੀ ਹੈ:
ਨੀਂ ਮੈਂ ਸੱਦੀ ਓ ਵੀਰ ਘਰ ਆਈ, ਭਾਬੋ ਨੇ ਝਿੜਕ ਦਿੱਤੀ।
ਵੀਰਾ ਤੇਰੀ ਵੇ ਅੰਮਾ ਦੀ ਜਾਈ, ਭਾਬੋ ਦੀ ਮੈਂ ਕੁਝ ਨਾ ਲੱਗਾਂ।
ਹਲਕੀ ਫੁਲਕੀ ਨੋਕ ਝੋਕ, ਟੋਕਾ ਟਾਕੀ, ਗਿਲੇ ਸ਼ਿਕਵੇ, ਪਿਆਰ ਨਿਹੋਰੇ ਆਦਿ ਤਾਂ ਚੱਲਦੇ ਰਹਿੰਦੇ ਹਨ, ਪਰ ਭੈਣ ਵੀਰ ਦੇ ਘਰ ‘ਪੁੱਤ’ ਖੇਡਦਾ ਦੇਖਣਾ ਚਾਹੁੰਦੀ ਹੈ। ਇਸ ਲਈ ਉਹ ਮੰਨਤਾਂ ਅਤੇ ਸੁੱਖਣਾਂ ਵੀ ਮੰਨਦੀ ਹੈ:
ਵੇ ਮੈਂ ਨਿੱਤ ਵਰਮੀਂ ਜਲ ਪਾਵਾਂ,
ਵੀਰਾ ਤੇਰੀ ਜੜ੍ਹ ਲੱਗ ਜਾਏ।
ਭੈਣ ਦੇ ਦਿਲੋਂ ਨਿਕਲੀ ਦੁਆ ਕਬੂਲ ਪੈਂਦੀ ਹੈ। ਵੀਰ ਘਰ ਪੁੱਤ ਹੋਣ ਦੀ ਖ਼ਬਰ ਮਿਲਣ ’ਤੇ ਉਹ ਪੁੱਠੀਆਂ ਛਾਲਾਂ ਮਾਰਦੀ ਆਪੇ ’ਚ ਨਹੀਂ ਮਿਉਂਦੀ:
ਚੰਨ ਚੜਿ੍ਹਆ ਬਾਪ ਦੇ ਵਿਹੜੇ, ਵੀਰ ਘਰ ਪੁੱਤ ਜੰਮਿਆ।
ਭਤੀਜਾ ਉਸ ਨੂੰ ਵੀਰ ਨਾਲੋਂ ਵੀ ਵਧੇਰੇ ਪਿਆਰਾ ਹੈ:
ਭਾਈਆਂ ਨਾਲੋਂ ਨੀਂ ਭਤੀਜੇ ਪਿਆਰੇ,
ਭੂਆ ਕਹਿ ਕੇ ਮੱਥਾ ਟੇਕਦੇ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭੈਣ ਦੇ ਹਿਰਦੇ ਵਿਚ ਵੀਰ ਪ੍ਰਤੀ ਪਿਆਰ ਕੁੱਟ ਕੁੱਟ ਭਰਿਆ ਪਿਆ ਹੈ ਅਤੇ ਡੁੱਲ੍ਹ ਡੁੱਲ੍ਹ ਪੈਂਦਾ ਹੈ। ਉਹ ਉਸ ਤੋਂ ਆਸਾਂ ਵੀ ਰੱਖਦੀ ਹੈ, ਹਰ ਖੁਸ਼ੀ ਵੀ ਲੋੜਦੀ ਹੈ ਅਤੇ ਉਸ ਤੋਂ ਕੁਰਬਾਨ ਹੋਣ ਲਈ ਵੀ ਤਿਆਰ ਹੈ।
ਸੰਪਰਕ: 98147-15796