ਜਤਿੰਦਰ ਮੋਹਨ
ਇੱਕ ਜੰਗਲ ਵਿੱਚ ਦੂਰ ਦੂਰ ਤੱਕ ਸੰਘਣੇ ਰੁੱਖ ਉੱਗੇ ਹੋਏ ਸਨ। ਕੁਝ ਥਾਵਾਂ ਅਜਿਹੀਆਂ ਵੀ ਸਨ ਕਿ ਸੂਰਜ ਦੀ ਰੌਸ਼ਨੀ ਵੀ ਧਰਤੀ ਤੱਕ ਨਹੀਂ ਪਹੁੰਚਦੀ ਸੀ ਭਾਵ ਹਨੇਰਾ ਹੀ ਲੱਗਦਾ ਸੀ। ਜੰਗਲ ਵਿੱਚ ਕੁਝ ਥਾਵਾਂ ’ਤੇ ਜਿੱਥੇ ਰੁੱਖ ਘੱਟ ਸਨ, ਉੱਥੇ ਘਾਹ ਉੱਗਿਆ ਹੋਇਆ ਸੀ। ਕਈ ਵਾਰ ਇਹ ਘਾਹ ਜ਼ਿਆਦਾ ਮੀਂਹ ਪੈਣ ਨਾਲ ਬਹੁਤ ਉੱਚਾ ਹੋ ਜਾਂਦਾ ਤੇ ਇਸ ਵਿੱਚ ਬਹੁਤ ਸਾਰੇ ਜਾਨਵਰ ਫਿਰਦੇ ਵੀ ਨਜ਼ਰ ਨਾ ਆਉਂਦੇ। ਜੀਵ ਜੰਤੂ ਤਾਂ ਵਿਚਾਰੇ ਲੁਕ ਛਿਪ ਕੇ ਆਪਣਾ ਗੁਜ਼ਾਰਾ ਕਰਦੇ। ਪੰਛੀ ਆਪਣੇ-ਆਪਣੇ ਆਲ੍ਹਣਿਆਂ ਵਿੱਚ ਰਹਿੰਦੇ। ਬਾਂਦਰ ਜਾਨਵਰ ਹੁੰਦੇ ਹੋਏ ਵੀ ਰੁੱਖਾਂ ’ਤੇ ਹੀ ਰਹਿੰਦੇ। ਇਸ ਤਰ੍ਹਾਂ ਬਾਂਦਰਾਂ ਦੇ ਝੁੰਡ ਵਿੱਚ ਹੱਸਮੁਖ ਨਾਂ ਦਾ ਇੱਕ ਬਾਂਦਰ ਰਹਿੰਦਾ ਸੀ। ਉਸ ਦਾ ਹੱਸਦਾ ਚਿਹਰਾ ਦੇਖ ਕੇ ਦੂਜੇ ਵੀ ਖ਼ੁਸ਼ ਹੋ ਜਾਂਦੇ। ਕੁਝ ਜਾਨਵਰ ਉਸ ਨੂੰ ਹੱਸਦਾ ਦੇਖ ਦੁਖੀ ਹੋ ਜਾਂਦੇ। ਉਨ੍ਹਾਂ ਨੂੰ ਲੱਗਦਾ ਕਿ ਉਸ ਦੀ ਇਹ ਆਦਤ ਗੰਦੀ ਹੈ ਸੋ ਉਨ੍ਹਾਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਹ ਆਪਣੀ ਇਸ ਆਦਤ ਨੂੰ ਸੁਧਾਰੇ, ਪਰ ਉਹ ਚੁੱਪ ਕਰ ਜਾਂਦਾ। ਉਸ ਦਾ ਕੋਈ ਕਸੂਰ ਨਹੀਂ ਸੀ ਉਹ ਤਾਂ ਮਜਬੂਰ ਸੀ।
ਇੱਕ ਦਿਨ ਹੱਸਮੁਖ ਰੁੱਖ ’ਤੇ ਬੈਠਾ ਫ਼ਲ ਖਾ ਰਿਹਾ ਸੀ। ਉਸ ਨੂੰ ਪੂਰਬ ਦਿਸ਼ਾ ਵੱਲੋਂ ਇੱਕ ਸ਼ੇਰ ਆਉਂਦਾ ਦਿਖਾਈ ਦਿੱਤਾ। ਉਹ ਡਰ ਗਿਆ, ਪਰ ਉਹ ਰੁੱਖ ’ਤੇ ਚੁੱਪਚਾਪ ਬੈਠਾ ਰਿਹਾ। ਜਦ ਉਸ ਨੇ ਪੱਛਮ ਵਾਲੇ ਪਾਸੇ ਨਜ਼ਰ ਮਾਰੀ ਤਾਂ ਉੱਧਰੋਂ ਵੀ ਇੱਕ ਸ਼ੇਰ ਆ ਰਿਹਾ ਸੀ। ਦੋਵਾਂ ਦੀ ਆਪਸ ਵਿੱਚ ਟੱਕਰ ਹੋ ਗਈ। ਉਹ ਆਪਸ ਵਿੱਚ ਲੜਨ ਲੱਗੇ। ਪੂਰਬ ਵੱਲੋਂ ਆਇਆ ਸ਼ੇਰ ਤਕੜਾ ਸੀ। ਉਸ ਨੇ ਦੂਜੇ ਸ਼ੇਰ ਨੂੰ ਪੰਜਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਕੁਝ ਚਿਰ ਇਹ ਲੜਾਈ ਹੁੰਦੀ ਰਹੀ। ਅਚਾਨਕ ਜੰਗਲ ਵਿੱਚ ਖੜਕਾ ਹੋਇਆ। ਸ਼ਾਇਦ ਗੋਲੀ ਚੱਲਣ ਦੀ ਆਵਾਜ਼ ਸੀ। ਸ਼ੇਰ ਡਰ ਦਾ ਮਾਰਿਆ ਦੂਜੇ ਸ਼ੇਰ ਨੂੰ ਛੱਡ ਕੇ ਭੱਜ ਗਿਆ।
ਪੱਛਮ ਦਿਸ਼ਾ ਵੱਲੋਂ ਆਏ ਸ਼ੇਰ ਦੀ ਹਾਲਤ ਤਰਸਯੋਗ ਸੀ, ਪਰ ਫੇਰ ਵੀ ਉਸ ਨੇ ਆਪਣੀ ਕਮਜ਼ੋਰੀ ਨਾ ਦਿਖਾਈ। ਉਸ ਨੇ ਆਪਣੇ ਆਪ ਨੂੰ ਸੰਵਾਰਿਆ ਤੇ ਫਿਰ ਆਲੇ ਦੁਆਲੇ ਦੇਖਣ ਲੱਗਾ ਕਿ ਉਨ੍ਹਾਂ ਦੀ ਲੜਾਈ ਕਿਸੇ ਨੇ ਦੇਖੀ ਤਾਂ ਨਹੀਂ? ਇੰਨੇ ਨੂੰ ਸ਼ੇਰ ਦੀ ਨਜ਼ਰ ਰੁੱਖ ’ਤੇ ਬੈਠੇ ਹੱਸਮੁਖ ਬਾਂਦਰ ’ਤੇ ਪਈ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਦੇ ਦਿਲ ਵਿੱਚ ਆਇਆ ਕਿ ਇਸ ਬਾਂਦਰ ਨੂੰ ਜ਼ਰੂਰ ਸਾਡੀ ਲੜਾਈ ਦਾ ਪਤਾ ਹੈ ਤੇ ਇਹ ਦੂਜੇ ਜਾਨਵਰਾਂ ਨੂੰ ਜ਼ਰੂਰ ਦੱਸੇਗਾ ਕਿ ਮੈਨੂੰ ਦੂਜੇ ਸ਼ੇਰ ਨੇ ਹਰਾ ਦਿੱਤਾ ਹੈ। ਸ਼ੇਰ ਨਿਗ੍ਹਾ ਟਿਕਾ ਕੇ ਹੱਸਮੁਖ ਵੱਲ ਦੇਖਣ ਲੱਗਾ ਤਾਂ ਉਸ ਦੇ ਹੱਸਮੁਖ ਚਿਹਰੇ ਵੱਲ ਉਸ ਦਾ ਗੁੱਸਾ ਹੋਰ ਵੀ ਵਧ ਗਿਆ। ਉਸ ਨੂੰ ਲੱਗਿਆ ਕਿ ਬਾਂਦਰ ਉਸ ਵੱਲ ਦੇਖ ਕੇ ਹੱਸ ਰਿਹਾ ਹੈ। ਉਸ ਨੇ ਗੁੱਸੇ ਵਿੱਚ ਗਰਜ਼ ਕੇ ਕਿਹਾ, ‘‘ਹੱਸਦਾ ਕਿਵੇਂ ਐਂ ਉਇ ਬਾਂਦਰਾ? ਥੱਲੇ ਆ।’’
‘‘ਨਹੀਂ ਮਹਾਰਾਜ, ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ।’’
‘‘ਫੇਰ ਹੱਸਦਾ ਕਿਉਂ ਐਂ?’’
‘‘ਮਹਾਰਾਜ, ਮੈਂ ਹੱਸਦਾ ਨਹੀਂ।’’
‘‘ਕੋਈ ਗੱਲ ਨ੍ਹੀਂ। ਕਦੇ ਤਾਂ ਮਿਲੇਂਗਾ ਈ, ਦਿਖਾਊਂ ਤੈਨੂੰ ਦਿਨੇ ਤਾਰੇ।’’
ਕਹਿ ਕੇ ਸ਼ੇਰ ਚਲਾ ਗਿਆ। ਸ਼ੇਰ ਨੂੰ ਆਪਣੀ ਕਮਜ਼ੋਰੀ ਤੇ ਹੀਣਭਾਵਨਾ ਮਹਿਸੂਸ ਹੋਈ। ਉਸ ਨੂੰ ਬਾਂਦਰ ਦੀ ਹੱਸਣ ਦੀ ਅਦਾ ’ਤੇ ਵਾਰ ਵਾਰ ਗੁੱਸਾ ਆਉਂਦਾ। ਇੱਕ ਤਾਂ ਬਾਂਦਰ ਰੁੱਖ ’ਤੇ ਚੜਿ੍ਹਆ ਬੈਠਾ ਸੀ, ਦੂਜਾ ਸ਼ੇਰ ਜ਼ਖਮੀ ਸੀ। ਸੋ ਉਹ ਆਪਣੇ ਟਿਕਾਣੇ ਨੂੰ ਚੱਲ ਪਿਆ।
ਦਿਨ ਨਿਕਲਦੇ ਗਏ। ਹੱਸਮੁਖ ਤੇ ਸ਼ੇਰ ਵਿੱਚ ਕੋਈ ਮੁਲਾਕਾਤ ਨਾ ਹੋਈ। ਇੱਕ ਦਿਨ ਹੱਸਮੁਖ ਨਦੀ ’ਤੇ ਪਾਣੀ ਪੀ ਰਿਹਾ ਸੀ। ਉਹੀ ਸ਼ੇਰ ਜੋ ਹੁਣ ਖੁਰਾਕ ਖਾ ਕੇ ਤਕੜਾ ਹੋ ਗਿਆ ਸੀ, ਉਸੇ ਨਦੀ ’ਤੇ ਪਾਣੀ ਪੀਣ ਆ ਗਿਆ। ਹੱਸਮੁਖ ਨੇ ਸ਼ੇਰ ਨੂੰ ਨਦੀ ਵੱਲ ਆਉਂਦਾ ਦੇਖ ਕੇ ਪਾਣੀ ਪੀਣਾ ਛੱਡਿਆ ਤੇ ਭੱਜ ਕੇ ਰੁੱਖ ਉੱਤੇ ਚੜ੍ਹ ਗਿਆ।
ਸ਼ੇਰ ਦੀ ਨਿਗ੍ਹਾ ਵੀ ਉਸ ’ਤੇ ਪੈ ਗਈ। ਉਸ ਨੇ ਪਾਣੀ ਪੀਤਾ ਤੇ ਫਿਰ ਹੱਸਮੁਖ ਨੂੰ ਗਰਜ ਕੇ ਬੋਲਿਆ, ‘‘ਥੱਲੇ ਆ ਓਇ ਬਾਂਦਰਾ!’’
ਫਿਰ ਉਸ ਨੇ ਰੁੱਖ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। ਰੁੱਖ ਦੇ ਟਾਹਣੇ ਹਿੱਲਣ ਲੱਗ ਪਏ। ਹੱਸਮੁਖ ਦਾ ਦਿਲ ਧੱਕ-ਧੱਕ ਕਰਨ ਲੱਗਾ। ਉਹ ਛਾਲ ਮਾਰ ਕੇ ਦੂਜੇ ਰੁੱਖ ’ਤੇ ਜਾ ਕੇ ਬੈਠ ਗਿਆ। ਸ਼ੇਰ ਰੁੱਖ ’ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ, ਪਰ ਸਫਲ ਨਾ ਹੋਇਆ। ਉੱਧਰ ਹੱਸਮੁਖ ਕਦੇ ਕਿਸੇ ਰੁੱਖ ਤੇ ਕਦੇ ਕਿਸੇ ਰੁੱਖ ਚੜ੍ਹਦਾ ਰਿਹਾ ਤੇ ਥਾਂ ਬਦਲਦਾ ਰਿਹਾ। ਆਖ਼ਿਰ ਸ਼ੇਰ ਅੱਕ ਗਿਆ। ਉਸ ਨੇ ਬਾਂਦਰ ਨੂੰ ਧਮਕੀ ਦਿੱਤੀ, ‘‘ਕੋਈ ਨ੍ਹੀਂ, ਕਦੇ ਫੇਰ ਸਹੀ ਪੁੱਤ!’’
ਕਹਿ ਕੇ ਸ਼ੇਰ ਚਲਾ ਗਿਆ। ਹੱਸਮੁਖ ਨੂੰ ਆਪਣੇ ਚਿਹਰੇ ’ਤੇ ਬਹੁਤ ਗੁੱਸਾ ਆਇਆ। ਉਸ ਨੂੰ ਆਪਣੇ ਮਾਂ-ਬਾਪ ’ਤੇ ਵੀ ਬਹੁਤ ਗੁੱਸਾ ਆਇਆ ਜਿਨ੍ਹਾਂ ਨੇ ਉਸ ਦਾ ਨਾਂ ਹੱਸਮੁਖ ਰੱਖਿਆ। ਉਸ ਨੂੰ ਲੱਗਿਆ ਕਿ ਰੱਬ ਨੇ ਵੀ ਉਸ ਦਾ ਚਿਹਰਾ ਹੱਸਮੁਖ ਬਣਾ ਕੇ ਉਸ ਨਾਲ ਧੋਖਾ ਕੀਤਾ ਹੈ। ਉਹ ਆਪਣੇ ਝੁੰਡ ਵਿੱਚ ਵਾਪਸ ਜਾਣ ਲੱਗਾ। ਉਸ ਦੇ ਦਿਮਾਗ਼ ਵਿੱਚ ਵਾਰ ਵਾਰ ਸ਼ੇਰ ਦਾ ਖਿਆਲ ਆਉਂਦਾ। ਉਹ ਸੋਚ ਰਿਹਾ ਸੀ ਕਿ ਜਦੋਂ ਦੋਵੇਂ ਸ਼ੇਰ ਆਪਸ ਵਿੱਚ ਲੜ ਰਹੇ ਸਨ ਤਾਂ ਉਸ ਨੂੰ ਉੱਥੋਂ ਦੂਰ ਚਲੇ ਜਾਣਾ ਚਾਹੀਦਾ ਸੀ। ਫਿਰ ਅਗਲੇ ਪਲ ਸੋਚਦਾ ਕਿ ਇਸ ਲੜਾਈ ਵਿੱਚ ਉਸ ਦਾ ਕੋਈ ਰੋਲ ਨਹੀਂ ਹੈ। ਇਹ ਸੋਚਾਂ ਸੋਚਦਾ ਉਹ ਆਪਣੇ ਝੁੰਡ ਵਿੱਚ ਪਹੁੰਚ ਗਿਆ। ਉਸ ਦੇ ਹੱਸਮੁਖ ਚਿਹਰੇ ਤੋਂ ਉਦਾਸੀ ਝਲਕਦੀ ਸੀ। ਬਾਂਦਰਾਂ ਦੇ ਸਰਦਾਰ ਸੁੰਦਰ ਨੇ ਉਸ ਨੂੰ ਪੁੱਛਿਆ,‘‘ਕੀ ਗੱਲ, ਅੱਜ ਮੇਰਾ ਹੱਸਮੁਖ ਉਦਾਸ ਕਿਉਂ ਐਂ?’’
‘‘ਨਹੀਂ ਚਾਚਾ, ਕੋਈ ਗੱਲ ਨਹੀਂ।’’
‘‘ਨਹੀਂ! ਕੋਈ ਗੱਲ ਤਾਂ ਹੈ।’’
‘‘ਕੀ ਦੱਸਾਂ ਚਾਚਾ, ਮੈਂ ਤਾਂ ਫਸ ਗਿਆ।’’
‘‘ਕਿਵੇਂ?’’
‘‘ਇਹ ਹੱਸਮੁਖ ਚਿਹਰੇ ਕਾਰਨ।’’
‘‘ਗੱਲ ਤਾਂ ਦੱਸ?’’
ਹੱਸਮੁਖ ਨੇ ਆਪਣੇ ਚਾਚੇ ਸੁੰਦਰ ਤੇ ਹੋਰਾਂ ਨੂੰ ਸ਼ੇਰਾਂ ਦੀ ਲੜਾਈ ਵਾਲੀ ਗੱਲ ਦੱਸੀ। ਸਭ ਦੀ ਅਲੱਗ-ਅਲੱਗ ਰਾਇ ਸੀ। ਕੁਝ ਹੱਸਮੁਖ ਦੇ ਪੱਖ ਵਿੱਚ ਸਨ ਜੋ ਉਸ ਨੂੰ ਨਿਰਦੋਸ਼ ਸਮਝਦੇ ਸਨ। ਪਰ ਕੁਝ ਅਜਿਹੇ ਵੀ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਦੁਖੀ ਨੂੰ ਦੇਖ ਕੇ ਹੱਸਣਾ ਬੁਰੀ ਗੱਲ ਹੈ। ਹੱਸਮੁਖ ਸੰਕਟ ਵਿੱਚ ਸੀ, ਪਰ ਦੂਜਿਆਂ ਨੂੰ ਲੱਗ ਰਿਹਾ ਸੀ ਕਿ ਉਹ ਅਜੇ ਵੀ ਹੱਸ ਰਿਹਾ ਹੈ। ਬਾਂਦਰ ਉਸ ਨੂੰ ਦੇਖ ਕੇ ਕਹਿਣ ਲੱਗੇ, ‘‘ਇਹ ਤਾਂ ਹੁਣ ਵੀ ਹੱਸੀ ਜਾਂਦੈ।’’
‘‘ਇਹਦਾ ਤਾਂ ਮੂੰਹ ਹੀ ਇਹੋ ਜਿਹਾ ਐ।’’
ਸੁੰਦਰ ਬੁੱਢਾ ਬਾਂਦਰ ਸੀ। ਉਹ ਉਸ ਨੂੰ ਸਮਝਾਉਣ ਲਈ ਨੇੜੇ ਦੇ ਪਹਾੜੀ ਸਥਾਨ ’ਤੇ ਲੈ ਗਿਆ। ਇਸ ਪਹਾੜੀ ਸਥਾਨ ਵਿੱਚ ਕਈ ਥਾਵਾਂ ਅਜਿਹੀਆਂ ਸਨ ਕਿ ਉੱਥੇ ਆਸਾਨੀ ਨਾਲ ਲੁਕ ਕੇ ਬਚਿਆ ਜਾ ਸਕਦਾ ਸੀ। ਉਸ ਨੇ ਹੱਸਮੁਖ ਨੂੰ ਬਚਣ ਦੇ ਤਰੀਕੇ ਦੱਸੇ। ਹੱਸਮੁਖ ਦਾ ਦਿਲ ਖੜ੍ਹ ਗਿਆ। ਉਸ ਦਾ ਹੌਸਲਾ ਵਧ ਗਿਆ ਨਹੀਂ ਤਾਂ ਹਰ ਵੇਲੇ ਉਸ ਨੂੰ ਸ਼ੇਰ ਹੀ ਦਿਸਦਾ ਸੀ।
ਹੁਣ ਹੱਸਮੁਖ ਜ਼ਿਆਦਾ ਸਮਾਂ ਪਹਾੜੀ ਇਲਾਕੇ ਵਿੱਚ ਹੀ ਰਹਿੰਦਾ। ਉੱਥੇ ਰਹਿਣ ਵਾਲੇ ਜੀਵ -ਜੰਤੂ ਤੇ ਪਸ਼ੂ ਪੰਛੀ ਵੀ ਉਸ ਦੇ ਮਿੱਤਰ ਬਣ ਗਏ। ਇੱਕ ਦਿਨ ਹੱਸਮੁਖ ਨੇ ਛੁਪ ਛੁਪ ਕੇ ਆਪਣੇ ਪਿੱਛੇ ਆ ਰਹੇ ਸ਼ੇਰ ਨੂੰ ਦੇਖਿਆ ਤਾਂ ਉਹ ਭੱਜ ਪਿਆ। ਸ਼ੇਰ ਥੋੜ੍ਹੀ ਹੀ ਦੂਰ ਸੀ। ਸ਼ੇਰ ਨੇ ਦੇਖਿਆ ਕਿ ਹੱਸਮੁਖ ਭੱਜ ਰਿਹਾ ਹੈ ਤੇ ਉਸ ਨੂੰ, ਉਸ ਦੇ ਪਿੱਛੇ ਆਉਣ ਦਾ ਪਤਾ ਲੱਗ ਗਿਆ ਹੈ। ਸ਼ੇਰ ਨੇ ਉਸ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ। ਹੱਸਮੁਖ ਪਹਾੜੀ ਦੇ ਦੂਜੇ ਪਾਸੇ ਭੀੜੀ ਜਿਹੀ ਥਾਂ ਵਿੱਚ ਉਤਰ ਗਿਆ। ਸ਼ੇਰ ਇੰਨੀ ਤੇਜ਼ੀ ਨਾਲ ਭੱਜਿਆ ਕਿ ਉਹ ਭੀੜੀ ਥਾਂ ਵਿੱਚ ਫਸ ਗਿਆ। ਹੁਣ ਨਾ ਉਹ ਅੱਗੇ ਜਾ ਸਕਦਾ ਸੀ ਅਤੇ ਨਾ ਹੀ ਪਿੱਛੇ ਮੁੜ ਸਕਦਾ ਸੀ। ਸ਼ੇਰ ਨੂੰ ਮਹਿਸੂਸ ਹੋਇਆ ਕਿ ਹੁਣ ਉਹ ਨਿਕਲ ਨਹੀਂ ਸਕਦਾ। ਉਸ ਨੂੰ ਆਪਣੀ ਗ਼ਲਤੀ ’ਤੇ ਬਹੁਤ ਪਛਤਾਵਾ ਹੋਇਆ। ਉਹ ਸੋਚਣ ਲੱਗਾ ਕਿ ਹੱਸਮੁਖ ਨੇ ਮੈਨੂੰ ਕੁਝ ਨਹੀਂ ਕਿਹਾ, ਪਰ ਮੈਂ ਐਵੇਂ ਹੀ ਉਸ ਦੇ ਪਿੱਛੇ ਪਿਆ ਹੋਇਆ ਹਾਂ। ਉਸ ਨੇ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋਇਆ। ਉਸ ਨੂੰ ਲੱਗਿਆ ਕਿ ਉਸ ਦਾ ਕਾਲ ਨੇੜੇ ਹੈ। ਉਸ ਨੂੰ ਇਹ ਵੀ ਮਹਿਸੂਸ ਹੋਇਆ ਕਿ ਕੋਈ ਵੀ ਜੰਗਲੀ ਜਾਨਵਰ ਉਸ ਨੂੰ ਆ ਕੇ ਖਾ ਸਕਦਾ ਹੈ। ਹੱਸਮੁਖ ਦੂਰ ਖੜ੍ਹਾ ਇਹ ਸਭ ਕੁਝ ਦੇਖ ਰਿਹਾ ਸੀ। ਸ਼ੇਰ ਉੱਚੀ ਉੱਚੀ ਰੋਣ ਲੱਗਾ।
ਸ਼ੇਰ ਨੂੰ ਰੋਂਦੇ ਦੇਖ ਕੇ ਹੱਸਮੁਖ ਨੂੰ ਦਇਆ ਆ ਗਈ। ਉਹ ਸ਼ੇਰ ਦੇ ਸਾਹਮਣੇ ਹੋਇਆ ਤਾਂ ਸ਼ੇਰ ਬਹੁਤ ਦੁਖੀ ਸੀ। ਸ਼ੇਰ ਉਸ ਦਾ ਹੱਸਮੁਖ ਚਿਹਰਾ ਦੇਖ ਕੇ ਚੁੱਪ ਕਰ ਗਿਆ। ਹੱਸਮੁਖ ਨੇ ਪੁੱਛਿਆ, ‘‘ਸਰਦਾਰ ਜੀ, ਮੇਰਾ ਕਸੂਰ ਤਾਂ ਦੱਸੋ?’’
‘‘ਤੂੰ ਮੈਨੂੰ ਹੱਸ ਕੇ ਚਿੜਾਉਨੈ।’’
‘‘ਨਹੀਂ ਸਰਦਾਰ ਜੀ, ਮੈਂ ਤੁਹਾਨੂੰ ਨਹੀਂ ਚਿੜਾਉਂਦਾ। ਮੈਂ ਕੀ ਕਰਾਂ। ਮੇਰਾ ਚਿਹਰਾ ਹੀ ਰੱਬ ਨੇ ਅਜਿਹਾ ਬਣਾ ਦਿੱਤਾ।’’
ਸ਼ੇਰ ਨਿਮੋਝੂਣਾ ਜਿਹਾ ਹੋ ਗਿਆ। ਹੁਣ ਉਹ ਹੱਸਮੁਖ ਨੂੰ ਡਰਾ ਨਹੀਂ ਸਕਦਾ ਸੀ। ਉਸ ਦੀ ਜਾਨ ਖ਼ਤਰੇ ਵਿੱਚ ਸੀ। ਉਸ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ‘‘ਭਰਾ, ਮੈਨੂੰ ਬਚਾ ਲੈ।’’
‘‘ਬਚਾ ਤਾਂ ਲਊਂ ਪਰ ਫੇਰ…?’’
‘‘ਫੇਰ ਕੀ? ਮੈਂ ਤੈਨੂੰ ਆਪਣਾ ਛੋਟਾ ਭਰਾ ਸਮਝੂੰ।’’
ਹੱਸਮੁਖ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉਸ ਨੂੰ ਕੁਝ ਨਹੀਂ ਕਹੇਗਾ। ਬਾਕੀ ਉਹ ਛੇਤੀ ਛੇਤੀ ਉਸ ਦੇ ਹੱਥ ਵੀ ਨਹੀਂ ਆਵੇਗਾ। ਉਹ ਦੂਜੇ ਪਾਸੇ ਗਿਆ ਤੇ ਹੌਲੀ ਹੌਲੀ ਸ਼ੇਰ ਦੇ ਸਿਰ ਨੂੰ ਬਾਹਰ ਕੱਢਿਆ। ਸ਼ੇਰ ਬੌਂਦਲਿਆ ਪਿਆ ਸੀ ਤੇ ਕੋਲ ਹੀ ਹੱਸਮੁਖ ਬੈਠਾ ਸੀ। ਹੁਣ ਉਹ ਦੁਸ਼ਮਣ ਨਹੀਂ ਦੋਸਤ ਸਨ।
ਸੰਪਰਕ: 94630-20766