ਨਵੀਂ ਦਿੱਲੀ, 4 ਫਰਵਰੀ
ਸੀਬੀਆਈ ਨੇ ਬੌਲੀਵੁੱਡ ਅਦਾਕਾਰ ਸ੍ਰੀਦੇਵੀ ਦੀ ਮੌਤ ਨੂੰ ਲੈ ਕੇ ਯੂਟਿਊਬ ’ਤੇ ਕੀਤੇ ਦਾਅਵਿਆਂ ਦੀ ਹਮਾਇਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਹੋਰਨਾਂ ਪਤਵੰਤਿਆਂ ਵੱਲੋਂ ‘ਜਾਅਲੀ’ ਪੱਤਰ ਪੇਸ਼ ਕੀਤੇ ਜਾਣ ਦੇ ਦੋਸ਼ ਵਿਚ ਅਖੌਤੀ ਤਫ਼ਤੀਸ਼ਕਾਰ ਦੀਪਤੀ ਆਰ.ਪਿੰਨਿਤੀ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਭੁਬਨੇਸ਼ਵਰ ਅਧਾਰਿਤ ਪਿੰਨਿਤੀ ਤੇ ਉਸ ਦੇ ਵਕੀਲ ਭਾਰਤ ਸੁਰੇਸ਼ ਕਾਮਤ ਖਿਲਾਫ਼ ਮੁੰਬਈ ਅਧਾਰਿਤ ਵਕੀਲ ਚਾਂਦਨੀ ਸ਼ਾਹ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਏਜੰਸੀ ਨੂੰ ਇਹ ਸ਼ਿਕਾਇਤ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਭੇਜੀ ਗਈ ਸੀ। ਸ਼ਾਹ ਨੇ ਦਾਅਵਾ ਕੀਤਾ ਸੀ ਕਿ ਪਿੰਨਿਤੀ ਨੇ ਕਈ ਦਸਤਾਵੇਜ਼ ਪੇਸ਼ ਕੀਤੇ ਸਨ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਵਲੋਂ ਲਿਖੇ ਪੱਤਰ ਤੋਂ ਇਲਾਵਾ ਸੁਪਰੀਮ ਕੋਰਟ ਨਾਲ ਸਬੰਧਤ ਦਸਤਾਵੇਜ਼ ਤੇ ਯੂਏਈ ਸਰਕਾਰ ਦਾ ਰਿਕਾਰਡ ਵੀ ਸ਼ਾਮਲ ਸੀ, ਜੋ ਦੇਖਣ ’ਚ ਜਾਅਲੀ ਲੱਗਦਾ ਸੀ। ਸ੍ਰੀਦੇਵੀ ਦੀ ਫਰਵਰੀ 2018 ਵਿਚ ਦੁਬਈ ’ਚ ਮੌਤ ਹੋ ਗਈ ਸੀ। -ਪੀਟੀਆਈ