ਡਾ. ਸੁਰਜੀਤ ਸਿੰਘ ਭਦੌੜ
ਸਮਾਜਿਕ ਵਿਸ਼ਿਆਂ ਦੀ ਭਾਵਪੂਰਤ ਪੇਸ਼ਕਾਰੀ ਨਾਲ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲੇ ਕਲਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਦੇ ਜ਼ਿਕਰ ਵਿੱਚੋਂ ਗੀਤਕਾਰ ਕੁਲਦੀਪ ਕੰਡਿਆਰਾ ਦਾ ਨਾਮ ਪਰਦੇ ਦੇ ਪਿੱਛੇ ਤੋਂ ਉੱਭਰ ਕੇ ਸਾਹਮਣੇ ਆਉਂਦਾ ਹੈ। ਕਰਮਜੀਤ ਦੀ ਆਵਾਜ਼ ਵਿੱਚ ਸੋਲੋ ਟਰੈਕ ‘ਰੋਟੀ’ ਤੋਂ ਇਲਾਵਾ ਪੰਜਾਬੀ ਫ਼ਿਲਮ ‘ਜੱਟ ਬੁਆਏਜ਼’ ਦਾ ਗੀਤ ‘ਯਾਰਾ ਵੇ ਯਾਰਾ’ ਅਤੇ ‘ਗੋਰਿਆਂ ਨੂੰ ਦਫਾ ਕਰੋ’ ਦਾ ਗੀਤ ‘ਮੋਰਾ’ ਲੋਕ ਗੀਤਾਂ ਵਾਂਗ ਮਕਬੂਲ ਹੋਣ ਤੋਂ ਬਾਅਦ ਕੁਲਦੀਪ ਕੰਡਿਆਰਾ ਨੂੰ ਸੁਲਝੇ ਹੋਏ ਗੀਤਕਾਰ ਵਜੋਂ ਜਾਣਿਆ ਜਾਣ ਲੱਗਿਆ।
ਜਿੰਨੀ ਸ਼ਿੱਦਤ ਨਾਲ ਸਮਾਜਿਕ ਵਿਸ਼ਿਆਂ ਨੂੰ ਛੋਹਣ ਲਈ ਕੁਲਦੀਪ ਕੰਡਿਆਰਾ ਨੇ ਕਲਮ ਚਲਾਈ, ਉਸੇ ਸਮਾਜਿਕ ਜ਼ਿੰਮੇਵਾਰੀ ਨੂੰ ਕਬੂਲਦਿਆਂ ਕਰਮਜੀਤ ਨੇ ਉਨ੍ਹਾਂ ਗੀਤਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਪਿੰਡਾਂ ਦੀ ਘਟਦੀ ਆਰਥਿਕਤਾ ਅਤੇ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੀ ਮਜਬੂਰੀ ‘ਕੋਈ ਲੈ ਸਕਦਾ ਤਾਂ ਲੈ ਲਓ ਜੀ, ਮੇਰਾ ਸਾਰਾ ਪਿੰਡ ਵਿਕਾਊ ਹੈ’ ਨੂੰ ਉਸ ਨੇ ਬਾਖੂਬੀ ਬਿਆਨ ਕੀਤਾ ਹੈ। ‘ਇਨਕਲਾਬ ਜਿੰਦਾਬਾਦ’ ਦੇ ਹੋਕੇ ਨਾਲ ਕੁਲਦੀਪ ਵਿਦੇਸ਼ ਜਾ ਰਹੇ ਨੌਜਵਾਨਾਂ ਦੀ ਤ੍ਰਾਸਦੀ ਨੂੰ ‘ਬਣ ਗਈ ਮਜਬੂਰੀ ਸਭ ਦੀ ਛੱਡਣਾ ਪਰਿਵਾਰ ਨੂੰ, ਸਿਸਟਮ ਤੋਂ ਤੰਗ ਆ ਕੇ ਚੱਲੇ ਸਭ ਬਾਹਰ ਨੂੰ’ ਗੀਤ ਨਾਲ ਸਿਸਟਮ ਦੀ ਕਮਜ਼ੋਰੀ ਕਹਿਣ ਦੀ ਹਿੰਮਤ ਕੀਤੀ ਹੈ।
ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਨਾਨਕਸਰ ਦੇ ਜੰਮਪਲ ਕੁਲਦੀਪ ਦਾ ਪਰਿਵਾਰਕ ਪਿਛੋਕੜ ਗ਼ਰੀਬੀ ਵਾਲਾ ਰਿਹਾ ਹੈ ਅਤੇ ਸ਼ਾਇਦ ਉਹ ਤਾਂ ਹੀ ਸਮਾਜ ਅਤੇ ਰਿਸ਼ਤਿਆਂ ਦੀ ਗੰਭੀਰਤਾ ਨੂੰ ਬਾਕੀਆਂ ਨਾਲੋਂ ਜ਼ਿਆਦਾ ਸੰਜੀਦਗੀ ਨਾਲ ਸਮਝਣ ਦਾ ਕਾਰਨ ਮੰਨਦਾ ਹੈ। ਘਰ ਦੀ ਮਾੜੀ ਆਰਥਿਕ ਸਥਿਤੀ ਕਾਰਨ ਦਸਵੀਂ ਤੱਕ ਹੀ ਪੜ੍ਹ ਸਕੇ ਇਸ ਗੀਤਕਾਰ ਨੂੰ ਪਿੰਡਾਂ ਦੇ ਕੋਠਿਆਂ ’ਤੇ ਮੰਜੇ ਜੋੜ ਕੇ ਲੱਗੇ ਸਪੀਕਰਾਂ ਵਿੱਚ ਆਪਣੇ ਪਿੰਡ ਦਾ ਨਾਮ ਸੁਣਨ ਦੇ ਝੱਸ ਨੇ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ। ਜ਼ਮੀਨੀ ਪੱਧਰ ’ਤੇ ਰਿਸ਼ਤਿਆਂ ਅਤੇ ਦੋਸਤਾਂ ਨਾਲ ਪਿਆਰ ਨਾਲ ਵਿਚਰਨ ਵਾਲੇ ਕੁਲਦੀਪ ਦੀ ਕਲਮ ਨੇ ਬਹੁਤ ਸੱਭਿਆਚਾਰਕ ਗੀਤ ਪੰਜਾਬੀ ਜ਼ੁਬਾਨ ਨੂੰ ਦਿੱਤੇ ਹਨ। ਕਰਮਜੀਤ ਅਨਮੋਲ ਦੀ ਟੇਪ ‘ਬਲੌਰੀ ਅੱਖ’ ਵਿਚਲੇ ਗੀਤ ‘ਚੁਬਾਰੇ’ ਨਾਲ 2004 ਤੋਂ ਗੀਤ ਰਿਕਾਰਡਿੰਗ ਦੀ ਸ਼ੁਰੂਆਤ ਨਾਲ ਹੁਣ ਤੱਕ ਉਸ ਦੇ 100 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ। ਇਨ੍ਹਾਂ ਵਿੱਚ ਕਰਮਜੀਤ ਅਨਮੋਲ ਦੀ ਆਵਾਜ਼ ਵਿੱਚ ‘ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ, ਸੁਣ ਲਾਂ ਮੈਂ ਤੇਰੇ ਮਿੱਠੜੇ ਜੇ ਬੋਲ’ (ਮਰ ਗਏ ਓ ਲੋਕੋ), ‘ਜਿੰਦ ਤੇਰੇ ਨਾਂ ਕਰਤੀ’ (ਵਧਾਈਆਂ ਜੀ ਵਧਾਈਆਂ), ‘ਜਾਵੀਂ ਨਾ’ (ਮੰਜੇ ਬਿਸਤਰੇ), ‘ਦਿਲ ਤੇਰਾ’ (ਮਿਸਟਰ ਐਂਡ ਮਿਸਿਜ਼ 420 ਰਿਟਰਨਜ਼), ‘ਗੱਭਰੂ ਨੂੰ ਨਿੱਕਾ ਜ਼ੈਲਦਾਰ ਆਖਦੇ’ (ਨਿੱਕਾ ਜ਼ੈਲਦਾਰ), ‘ਆਟੇ ਦੀ ਚਿੜੀ’ ਤੇ ‘ਧਰਤੀ ਪੰਜਾਬ ਦੀ’ (ਆਟੇ ਦੀ ਚਿੜੀ), ‘ਚੰਨ ਮੇਰਿਆ’ (ਰਾਂਝਾ ਰਫਿਊਜੀ) ਸਮੇਤ ਦਰਜਨਾਂ ਗੀਤ ਸ਼ਾਮਲ ਹਨ, ਜੋ ਲੋਕਾਂ ਦੀ ਜ਼ੁਬਾਨ ’ਤੇ ਹਨ।
ਉਪਰੋਕਤ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦਾ ਸੰਦੀਪ ਥਿੰਦ ਦੀ ਆਵਾਜ਼ ਵਿੱਚ ਟਾਈਟਲ ਗੀਤ ‘ਆ ਗਈ ਮਿੰਦੋ ਤਸੀਲਦਾਰਨੀ’ ਅਤੇ ‘ਨਿੱਕਾ ਜ਼ੈਲਦਾਰ 1’ ਅਤੇ ‘ਨਿੱਕਾ ਜ਼ੈਲਦਾਰ 2’ ਦੇ ਟਾਈਟਲ ਗੀਤਾਂ ਤੋਂ ਇਲਾਵਾ ਐਮੀ ਵਿਰਕ ਦਾ ਪ੍ਰਸਿੱਧ ਗੀਤ ‘ਮਿੰਨੀ ਕੂਪਰ’ ਅਤੇ ਹਰਮਿੰਦਰ ਢਿੱਲੋਂ ਦਾ ਸੋਲੋ ਟਰੈਕ ‘ਫੋਟੋ’ ਕੁਲਦੀਪ ਦੁਆਰਾ ਲਿਖੇ ਗਏ ਹਿਟ ਗੀਤਾਂ ਦੀ ਸੂਚੀ ਵਿੱਚ ਸ਼ਾਮਲ ਹਨ। ਸਰਦੂਲ ਸਿਕੰਦਰ, ਰੋਸ਼ਨ ਪ੍ਰਿੰਸ ਅਤੇ ਨਛੱਤਰ ਗਿੱਲ ਦੀਆਂ ਆਵਾਜ਼ਾਂ ਵਿੱਚ ਅਤੇ ਆਉਣ ਵਾਲੀ ਫ਼ਿਲਮ ‘ਲੱਡੂ ਬਰਫ਼ੀ’ ਦੇ ਟਾਈਟਲ ਗੀਤ ਤੋਂ ਇਲਾਵਾ ਇੱਕ ਹੋਰ ਫ਼ਿਲਮ ‘ਰੱਬਾ ਰੱਬਾ ਮੀਂਹ ਬਰਸਾ’ ਦੇ ਗੀਤ ਵੀ ਕੁਲਦੀਪ ਕੰਡਿਆਰਾ ਨੇ ਲਿਖੇ ਹਨ। ਗੀਤਕਾਰੀ ਦੇ ਨਾਲ ਨਾਲ ਉਸ ਨੇ ਪੰਜਾਬੀ ਫ਼ਿਲਮਾਂ ਵਿੱਚ ਸਹਿਯੋਗੀ ਕਲਾਕਾਰ ਵਜੋਂ ਵੀ ਕਿਸਮਤ ਅਜ਼ਮਾਈ ਸ਼ੁਰੂ ਕੀਤੀ ਹੈ। ‘ਵੇਖ ਬਰਾਤਾਂ ਚੱਲੀਆਂ’ ਵਿੱਚ ਉਸ ਵੱਲੋਂ ਬੱਸਾਂ ਵਿੱਚ ਦਵਾਈਆਂ ਵੇਚਣ ਵਾਲੇ ਦੇ ਨਿਭਾਏ ਕਿਰਦਾਰ ਨੂੰ ਕਾਫ਼ੀ ਸਲਾਹਿਆ ਗਿਆ ਅਤੇ ਉਹ ਹੁਣ ਆਉਣ ਵਾਲੀਆਂ ਫ਼ਿਲਮਾਂ ਵਿੱਚ ਗੀਤਕਾਰੀ ਦੇ ਨਾਲ ਅਦਾਕਾਰੀ ਵਿੱਚ ਵੀ ਦਿਖਾਈ ਦੇਵੇਗਾ। ਲੱਚਰਤਾ ਤੋਂ ਦੂਰ ਇਸ ਗੀਤਕਾਰ ਦੀਆਂ ਰਚਨਾਵਾਂ ਦੀ ਪੁਸਤਕ ‘ਵੰਝਲੀ’ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਸੰਪਰਕ: 98884-88060