ਹਿਸਾਰ, 11 ਸਤੰਬਰ
ਇਥੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਸਬੰਧੀ ਅੱਜ ਸਰਵ ਜਾਤੀ ਖਾਪ ਮਹਾਪੰਚਾਇਤ ਹੋਈ ਜਿਸ ਵਿੱਚ ਭਾਜਪਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇ ਸੂਬਾ ਸਰਕਾਰ ਨੇ 23 ਸਤੰਬਰ ਤਕ ਸੀਬੀਆਈ ਜਾਂਚ ਦੀ ਸਿਫਾਰਸ਼ ਨਾ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਹ ਮਹਾਪੰਚਾਇਤ ਹਿਸਾਰ ਦੀ ਜਾਟ ਧਰਮਸ਼ਾਲਾ ਵਿਚ ਹੋਈ ਜਿਸ ਵਿਚ ਸੋਨਾਲੀ ਦੀ ਧੀ ਯਸ਼ੋਧਰਾ ਤੇ ਪਰਿਵਾਰਕ ਮੈਂਬਰਾਂ ਨੇ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ 43 ਸਾਲਾ ਸੋਨਾਲੀ ਦੀ ਗੋਆ ਵਿਚ ਪੁੱਜਣ ਤੋਂ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ ਤੇ ਗੋਆ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਾਪੰਚਾਇਤ ਦੇ ਆਗੂਆਂ ਨੇ ਦੱਸਿਆ ਕਿ 24 ਸਤੰਬਰ ਨੂੰ ਅਜਿਹੀ ਮਹਾਪੰਚਾਇਤ ਮੁੜ ਸੱਦੀ ਜਾਵੇਗੀ ਤੇ ਜੇ ਸਰਕਾਰ ਨੇ ਸੀਬੀਆਈ ਜਾਂਚ ਕਰਵਾਉਣ ਦੇ ਹੁਕਮ ਪਾਸ ਨਾ ਕੀਤੇ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ 15 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਸੋਨਾਲੀ ਦੇ ਪਰਿਵਾਰ ਦੇ ਪੰਜ ਮੈਂਬਰ ਵੀ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਮਰਹੂਮ ਆਗੂ ਦੀ ਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨਸਾਫ ਲੈਣ ਲਈ ਸਹਿਯੋਗ ਕੀਤਾ ਜਾਵੇ। ਇਸ ਮੌਕੇ ਸੋਨਾਲੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਗੋਆ ਪੁਲੀਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹਨ। ਪੀਟੀਆਈ