ਮੁੰਬਈ, 3 ਫਰਵਰੀ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੌਮਾਂਤਰੀ ਪੌਪ ਗਾਇਕਾ ਰਿਹਾਨਾ ਵੱਲੋਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ’ਚ ਆਵਾਜ਼ ਚੁੱਕਣ ਤੋਂ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਸਮਰਪਿਤ ਇੱਕ ਗੀਤ ਗਾਇਆ ਹੈ। 2.16 ਮਿੰਟ ਦੇ ਇਸ ਗੀਤ ਦਾ ਸਿਰਲੇਖ ‘ਰੀਰੀ’ (ਰਿਹਾਨਾ) ਰੱਖਿਆ ਗਿਆ ਹੈ, ਜੋ ਗ੍ਰੈਮੀ ਐਵਾਰਡ ਜੇਤੂ ਕਲਾਕਾਰ ਦਾ ਉਪਨਾਮ ਹੈ। ਦਿਲਜੀਤ ਦੇ ਯੂਟਿਊਬ ਚੈਨਲ ’ਤੇ ਅੱਜ ਦੁਪਹਿਰ ਡੇਢ ਵਜੇ ਰਿਲੀਜ਼ ਕੀਤੇ ਗਏ ਆਡੀਓ ਗੀਤ ਨੂੰ ਰਾਜ ਰਣਜੋਧ ਨੇ ਲਿਖਿਆ ਹੈ ਤੇ ਸੰਗੀਤ ‘ਇੰਟੈਂਸ’ ਨੇ ਦਿੱਤਾ ਹੈ। ਇਸ ਗੀਤ ’ਚ ਦਿਲਜੀਤ ਨੇ ਰਿਹਾਨਾ ਦੇ ਦੇਸ਼ ਬਾਰਬੇਡੋਸ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਰਿਹਾਨਾ ਦੀ ਖ਼ੂਬਸੂਰਤੀ, ਪਹਿਰਾਵੇ ਤੇ ਉਸ ਦੀਆਂ ਅੱਖਾਂ ਦੀ ਤਾਰੀਫ਼ ਕੀਤੀ ਗਈ ਹੈ। ਗੀਤ ਦੇ ਬੋਲਾਂ ’ਚ ਦਿਲਜੀਤ ਨੇ ਇਸ ਪਰੀ ਨੂੰ ਧਰਤੀ ’ਤੇ ਭੇਜਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਉਸ ਨੇ ਗਾਇਕਾ ਨੂੰ ਪਟਿਆਲਾ ਸੂਟ ਤੇ ਝਾਂਜਰ ਤੋਹਫ਼ੇ ਵਜੋਂ ਦੇਣ ਦੀ ਗੱਲ ਵੀ ਆਖੀ ਹੈ। ਉਸ ਨੇ ਆਖਿਆ ਹੈ ਕਿ ਸਾਰੇ ਪੰਜਾਬੀ ਉਸ ਨੂੰ ਪਸੰਦ ਕਰਦੇ ਹਨ ਪਰ ਕੁਝ ਲੋਕ ਉਸ ਤੋਂ ਸੜਦੇ ਹਨ। ਦੱਸਣਯੋਗ ਹੈ ਕਿ ਰਿਹਾਨਾ (32) ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਪ੍ਰਸ਼ੰਸਕਾਂ ਨਾਲ ਟਵਿੱਟਰ ’ਤੇ ਭਾਰਤ ’ਚ ਕਿਸਾਨ ਅੰਦੋਲਨ ਦੌਰਾਨ ਇੰਟਰਨੈੱਟ ਸੇਵਾਵਾਂ ਬੰਦ ਕਰਨ ਸਬੰਧੀ ਖ਼ਬਰ ਸਾਂਝੀ ਕੀਤੀ ਸੀ। ਉਸ ਨੇ ਕਿਸਾਨ ਅੰਦੋਨਲ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, ‘ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ? #ਕਿਸਾਨ ਅੰਦੋਲਨ। ਰਿਹਾਨਾ ਵੱਲੋਂ ਕਿਸਾਨਾਂ ਦੇ ਹੱਕ ’ਚ ਆਵਾਜ਼ ਉਠਾਉਣ ਮਗਰੋਂ ਕੌਮਾਂਤਰੀ ਪੱਧਰ ਦੀਆਂ ਸ਼ਖ਼ਸੀਅਤਾਂ ਜਿਵੇਂ ਵਾਤਾਵਰਨ ਕਾਰਕੁਨ ਗਰੇਟਾ ਥੁਨਬਰਗ ਤੇ ਸਾਬਕਾ ਐਡਲਟ ਸਟਾਰ ਮੀਆ ਖ਼ਲੀਫ਼ਾ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਪਿਛਲੇ ਸਾਲ ਦਸੰਬਰ ਵਿੱਚ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਿੱਲੀ ਦੀ ਸਿੰਘੂ ਹੱਦ ’ਤੇ ਕਿਸਾਨਾਂ ਦੇ ਅੰਦੋਲਨ ’ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਅੰਦੋਲਨਕਾਰੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਸੀ। -ਪੀਟੀਆਈ