ਬਹਾਦਰ ਸਿੰਘ ਗੋਸਲ
ਮਨੁੱਖੀ ਜੀਵਨ ਖੁਸ਼ੀਆਂ, ਹਾਸਿਆਂ, ਮਜ਼ਾਕਾਂ, ਪਿਆਰ, ਮਿਲਵਰਤਣ ਅਤੇ ਭਾਈਚਾਰੇ ਦਾ ਗੁਲਦਸਤਾ ਹੈ। ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ ਜਿਸ ਦੀ ਸਮਝ ਬਾਕੀ ਸਭ ਜੀਵਾਂ ਨਾਲੋਂ ਨਿਵੇਕਲੀ ਅਤੇ ਬੁੱਧੀ ਭਰਪੂਰ ਹੈ। ਇਹੀ ਕਾਰਨ ਹੈ ਕਿ ਮਨੁੱਖ ਦੀ ਤੰਦਰੁਸਤੀ ਵੀ ਉਸ ਦੇ ਖੁਸ਼ ਰਹਿਣ ਨਾਲ ਜੁੜੀ ਹੋਈ ਹੈ। ਜਿੰਨਾ ਕੋਈ ਖੁਸ਼ ਹੋਵੇਗਾ ਓਨਾ ਹੀ ਤੰਦਰੁਸਤ ਹੋਵੇਗਾ। ਪੰਜਾਬੀ ਲੋਕ ਤਾਂ ਖੁਸ਼ ਰਹਿ ਕੇ ਦੂਜਿਆਂ ਦੀ ਸੇਵਾ ਵਿੱਚ ਆਪਣਾ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦੇ ਹਨ। ਅੱਜ ਵੀ ਅਸੀਂ ਦੇਖਦੇ ਹਾਂ ਕਿ ਮਨੁੱਖਤਾ ਨੂੰ ਜਿੱਥੇ ਕਿਤੇ ਵੀ ਕਿਸੇ ਕੁਦਰਤੀ ਕਰੋਪੀ ਦਾ ਦੁੱਖ ਝੱਲਣਾ ਪੈਂਦਾ ਹੈ ਤਾਂ ਪੰਜਾਬੀ ਹਰ ਤਰ੍ਹਾਂ ਦੀ ਮਦਦ ਲਈ ਉੱਥੇ ਪਹੁੰਚ ਜਾਂਦੇ ਹਨ।
ਪੰਜਾਬੀ ਦੀ ਤਾਂ ਅਖਾਣ ਵੀ ਹੈ ਕਿ ‘ਹੱਸਦਿਆਂ ਦੇ ਘਰ ਵਸਦੇ’, ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਘਰਾਂ ਵਿੱਚ ਖੁਸ਼ੀਆਂ ਅਤੇ ਹਾਸੇ ਨੱਚਦੇ ਹਨ ਉਹ ਘਰ ਸਦਾ ਹੀ ਸੁਖੀ ਵਸਦੇ ਹਨ। ਭਾਵੇਂ ਦੁੱਖ ਅਤੇ ਸੁੱਖ ਮਨੁੱਖ ਲਈ ਦੋਵੇਂ ਬਣੇ ਹੋਏ ਹਨ, ਪਰ ਖੁਸ਼ ਰਹਿਣ ਵਾਲਾ ਮਨੁੱਖ ਉਸ ਦੁੱਖ ਨੂੰ ਹੱਸਦਿਆਂ-ਹੱਸਦਿਆਂ ਟਾਲ ਛੱਡਦਾ ਹੈ, ਪਰ ਦੁਖੀ ਰਹਿਣ ਵਾਲਾ ਜਾਂ ਭੈੜੇ ਸੁਭਾਅ ਵਾਲਾ ਵਿਅਕਤੀ ਉਨ੍ਹਾਂ ਦੁੱਖਾਂ ਨੂੰ ਦੇਖ ਕੇ ਆਪਣੀ ਮੁਸੀਬਤ ਹੋਰ ਵਧਾ ਲੈਂਦਾ ਹੈ ਅਤੇ ਹੋਰਨਾਂ ਨੂੰ ਵੀ ਦੁਖੀ ਕਰਦਾ ਹੈ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਹ ਆਪਣੇ ਜੀਵਨ ਨਿਰਬਾਹ ਲਈ ਪੂਰੇ ਸਮਾਜ ’ਤੇ ਨਿਰਭਰ ਕਰਦਾ ਹੈ। ਸਭ ਤੋਂ ਪਹਿਲਾ ਤਾਂ ਉਸ ਦਾ ਪਰਿਵਾਰ ਵੀ ਇੱਕ ਸਮਾਜਿਕ ਇਕਾਈ ਹੈ, ਇਸ ਲਈ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਖੁਸ਼ ਰਹਿਣਾ ਪਰਿਵਾਰ ਦੀ ਉੱਨਤੀ ਅਤੇ ਤਰੱਕੀ ਲਈ ਬਹੁਤ ਜ਼ਰੂਰੀ ਬਣ ਜਾਂਦਾ ਹੈ। ਜੇਕਰ ਕਿਸੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੁਭਾਅ ਚੰਗੇ ਹੋਣਗੇ ਤਾਂ ਉਹ ਸਦਾ ਹੀ ਖੁਸ਼ ਨਜ਼ਰ ਆਉਣਗੇ ਅਤੇ ਉਹੀ ਘਰ ਉਨ੍ਹਾਂ ਪਰਿਵਾਰਾਂ ਦੇ ਖੁਸ਼ ਰਹਿਣ ਦੇ ਕਾਰਨ ਸਵਰਗ ਜਿਹਾ ਬਣ ਜਾਵੇਗਾ। ਪਰ ਜੇ ਉਸ ਪਰਿਵਾਰ ਦਾ ਇੱਕ ਮੈਂਬਰ ਵੀ ਗੁੱਸੇ ਵਾਲਾ ਜਾਂ ਚਿੜਚਿੜੇ ਸੁਭਾਅ ਦਾ ਹੋਵੇਗਾ ਤਾਂ ਉਹ ਬਾਕੀ ਪਰਿਵਾਰ ਨੂੰ ਵੀ ਸੰਕਟਾਂ ਵਿੱਚ ਪਾਈ ਰੱਖੇਗਾ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕੁਦਰਤ ਦੀਆਂ ਕਰਾਮਾਤਾਂ ਅਤੇ ਉਸ ਵੱਲੋਂ ਦਿੱਤੇ ਇਸ਼ਾਰੇ ਨੂੰ ਪਹਿਚਾਣ ਕੇ ਸਦਾ ਹੀ ਖੁਸ਼ ਰਹਿਣ ਦਾ ਯਤਨ ਕਰੇ।
ਪੰਜਾਬ ਵਿੱਚ ਕਪਾਹ ਦੀ ਖੇਤੀ ਮੁੱਖ ਤੌਰ ’ਤੇ ਕੀਤੀ ਜਾਂਦੀ ਹੈ। ਜਦੋਂ ਕਪਾਹ ਦੀ ਫ਼ਸਲ ਤਿਆਰ ਹੁੰਦੀ ਹੈ ਤਾਂ ਕੁਦਰਤ ਦਾ ਕ੍ਰਿਸ਼ਮਾ ਦੇਖਣ ਵਾਲਾ ਹੁੰਦਾ ਹੈ। ਖੇਤਾਂ ਵਿੱਚ ਖਿੜੀ ਕਪਾਹ ਖਿੜ-ਖਿੜ ਕਰਕੇ ਹੱਸਣ ਦਾ ਸੁਨੇਹਾ ਦਿੰਦੀ ਹੈ ਤਾਂ ਹੀ ਤਾਂ ਇੱਕ ਨਵੀਂ ਵਿਆਹੀ ਮੁਟਿਆਰ ਆਪਣੇ ਸਹੁਰੇ ਘਰ ਵਿੱਚ ਰਹਿੰਦੀ ਹੋਈ ਆਪਣੇ ਖੁਸ਼ੀ ਜੀਵਨ ਵਿੱਚ ਆਪਣੇ ਪਤੀ ਦੇ ਚਿੜਚਿੜੇ ਸੁਭਾਅ ਨੂੰ ਰੁਕਾਵਟ ਸਮਝਦੀ ਹੈ। ਫਿਰ ਉਹ ਆਪਣੀ ਨਣਦ ਰਾਹੀਂ ਇਸ ਗੀਤ ਜ਼ਰੀਏ ਆਪਣੇ ਮਾਹੀ ਨੂੰ ਕਪਾਹ ਦੀਆਂ ਫੁੱਟੀਆਂ ਦੀ ਤਰ੍ਹਾਂ ਸਦਾ ਖਿੜਿਆ ਰਹਿਣ ਲਈ ਕਹਿੰਦੀ ਹੈ:
ਚਿੱਟੀਆਂ ਕਪਾਹ ਦੀਆਂ ਫੁੱਟੀਆਂ
ਹਾਏ ਨੀਂ, ਪੱਤ ਹਰੇ ਹਰੇ।
ਆਖ ਨੀਂ ਨਨਾਣੇ ਤੇਰੇ ਵੀਰ ਨੂੰ
ਕਦੇ ਤਾਂ ਭੈੜਾ ਹੱਸਿਆ ਕਰੇ।
ਉਸ ਮੁਟਿਆਰ ਦੀ ਇੱਛਾ ਹੈ ਕਿ ਉਸ ਦਾ ਮਾਹੀ ਉਸ ਕਪਾਹ ਦੇ ਬੂਟਿਆਂ ਤੋਂ ਕੋਈ ਸਿੱਖਿਆ ਲਵੇ ਜੋ ਸਦਾ ਖਿੜਖਿੜ ਕਰਕੇ ਹੱਸਦੇ ਦਿਖਾਈ ਦਿੰਦੇ ਹਨ। ਖਿੜੀ ਕਪਾਹ ਨਾਲ ਭਰੇ ਖੇਤ ਤਾਂ ਇੰਜ ਲੱਗਦੇ ਹਨ ਜਿਵੇਂ ਹਰ ਇੱਕ ਬੂਟਾ ਕਿਸੇ ਸੋਹਣੀ ਹੱਸਮੁਖ ਮੁਟਿਆਰ ਦਾ ਮੁੱਖੜਾ ਹੋਵੇ ਅਤੇ ਉਸ ਦੇ ਚਿੱਟੇ ਦੰਦ ਖਿੜਖਿੜ ਕਰਦੇ ਹੱਸਦੇ ਨਜ਼ਰ ਆਉਂਦੇ ਹੋਣ। ਇਸ ਦੇ ਨਾਲ ਹੀ ਜੇ ਅਸੀਂ ਉਸ ਖੇਤ ਦੇ ਮਾਲਕ ਕਿਸਾਨ ਦੀ ਗੱਲ ਕਰੀਏ ਤਾਂ ਉਹ ਖਿੜੀ ਕਪਾਹ ਨੂੰ ਦੇਖ ਆਪਣੇ ਮਨ ਨੂੰ ਸੰਭਾਲ ਨਹੀਂ ਪਾਉਂਦਾ ਅਤੇ ਉਸ ਦੇ ਮਨ ਵਿੱਚ ਬਹੁਤ ਸਾਰੀਆਂ ਸਮਾਜਿਕ ਰੀਝਾਂ ਪੂਰੀਆਂ ਕਰਨ ਦੇ ਵਲਵਲੇ ਉੱਠਦੇ ਹਨ। ਉਹ ਆਪਣੀ ਆਰਥਿਕ ਸਥਿਤੀ ਤੇ ਭਵਿੱਖ ਨੂੰ ਵਧੀਆ ਦੇਖ ਕੇ ਮਨ ਵਿੱਚ ਮੁਸਕਰਾਉਂਦਾ ਹੀ ਨਹੀਂ ਸਗੋਂ ਉਹ ਤਾਂ ਨਵੇਂ-ਨਵੇਂ ਸੁਪਨੇ ਗੁੰਦਣ ਲੱਗਦਾ ਹੈ। ਕਈ ਵਾਰ ਤਾਂ ਉਹ ਖੁਸ਼ੀ ਵਿੱਚ ਝੂਮਦਾ ਹੋਇਆ ਆਪਣੀ ਘਰਵਾਲੀ ਨਾਲ ਵੀ ਕਈ ਵਾਅਦੇ ਕਰ ਬੈਠਦਾ ਹੈ:
ਐਂਤਕੀ ਲੌਂਗ ਘੜਾ ਦੂੰ ਤੈਨੂੰ, ਸੋਹਣੀਏ
ਨਰਮੇ ਨੂੰ ਵਿਕ ਲੈਣਦੇ।
ਇਸੇ ਤਰ੍ਹਾਂ ਹੀ ਨਰਮੇ ਦੀਆਂ ਫੁੱਟੀਆਂ ਨੂੰ ਆਪ ਮੁਹਾਰੇ ਹੱਸਦੀਆਂ ਦੇਖ, ਨਰਮਾ ਜਾਂ ਕਪਾਹ ਚੁਗਦੀਆਂ ਮੁਟਿਆਰਾਂ ਆਪਣੀ ਸੁੰਦਰਤਾ ਅਤੇ ਚਿੱਟੇ ਦੰਦਾਂ ਦੀ ਤੁਲਨਾ ਉਨ੍ਹਾਂ ਦੁੱਧ ਵਰਗੀਆਂ ਕਪਾਹ ਦੀਆਂ ਫੁੱਟੀਆਂ ਨਾਲ ਕਰਨ ਲੱਗਦੀਆਂ ਹਨ ਅਤੇ ਕਹਿੰਦੀਆਂ ਹਨ:
ਚਿੱਟੇ ਦੰਦ ਹੱਸਣੋਂ ਨਹੀਓਂ ਰਹਿੰਦੇ
ਕਿ ਲੋਕੀਂ ਭੈੜੇ ਸ਼ੱਕ ਕਰਦੇ।
ਪਰ ਇਹ ਗੱਲ ਜ਼ਰੂਰ ਹੈ ਕਿ ਉਨ੍ਹਾਂ ਦੀ ਉਹ ਤੁਲਨਾ ਮਨੁੱਖੀ ਜੀਵਨ ਨੂੰ ਖੁਸ਼ ਰਹਿਣ ਦੀ ਸਿੱਖਿਆ ਦੇ ਜਾਂਦੀ ਹੈ। ਮਨੁੱਖਾਂ ਨੂੰ ਖੁਸ਼ ਰੱਖਣ ਲਈ ਬਹੁਤ ਸਾਰੇ ਸਾਹਿਤਕਾਰ ਵੀਰਾਂ ਦਾ ਬੜਾ ਚੰਗਾ ਯੋਗਦਾਨ ਰਿਹਾ ਹੈ। ਵੱਖ-ਵੱਖ ਸਾਹਿਤਕਾਰਾਂ ਨੇ ਚੁਟਕਲਿਆਂ, ਨਾਟਕਾਂ, ਵਿਅੰਗ, ਹਾਸਰੱਸ, ਕਵਿਤਾਵਾਂ ਜਾਂ ਪਿਆਰ ਭਰੇ ਗੀਤਾਂ ਰਾਹੀਂ ਆਪਣੀ ਕਲਮ ਅਤੇ ਬੁੱਧੀ ਦਾ ਪ੍ਰਯੋਗ ਕਰਕੇ ਮਨੁੱਖ ਨੂੰ ਹੱਸਣ ਜਾਂ ਖੁਸ਼ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਕਿਸੇ ਵੀ ਸਮਾਜ ਨੂੰ ਚੰਗਾ ਨਰੋਆ ਅਤੇ ਖੁਸ਼ਗਵਾਰ ਬਣਾਉਣ ਲਈ ਸਾਹਿਤਕਾਰਾਂ ਦਾ ਰੋਲ ਅਹਿਮ ਹੁੰਦਾ ਹੈ ਕਿਉਂਕਿ ਉਹ ਸਮਾਜ ਦੀ ਹਰ ਨਬਜ਼ ਨੂੰ ਪਹਿਚਾਣਦੇ ਹਨ ਅਤੇ ਇਸ ਨੂੰ ਚੰਗੇ ਬਣਾਉਣ ਦਾ ਯਤਨ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਕਈ ਸਾਹਿਤਕਾਰ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਨੂੰ ਹਸਾ ਹਸਾ ਕੇ ਢਿੱਡੀਂ ਪੀੜਾਂ ਪਾ ਦਿੰਦੇ ਹਨ ਅਤੇ ਕਈ ਕਵੀ ਆਪਣੀਆਂ ਕਵਿਤਾਵਾਂ ਰਾਹੀਂ ਸੁਣਨ ਵਾਲਿਆਂ ਜਾਂ ਪਾਠਕਾਂ ਨੂੰ ਖੁਸ਼ ਹੋਣ ਲਈ ਮਜਬੂਰ ਕਰ ਦਿੰਦੇ ਹਨ। ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਪੰਜਾਬ ਦੀ ਸਵੇਰ ਦੀ ਸ਼ੁਰੂਆਤ ਨੂੰ ਹੱਸਦੇ ਹੋਏ ਕਿਰਤੀਆਂ, ਕਿਸਾਨਾਂ ਨੂੰ ਯਾਦ ਕਰਕੇ ਲਿਖਦੇ ਹਨ:
ਖੂਹਾਂ ਤੇ ਟਿਚ ਟਿਚ ਹੁੰਦੀ ਹੈ,
ਖੇਤਾਂ ਵਿੱਚ ਹਲ ਪਏ ਧਸਦੇ ਨੇ,
ਭੱਤੇ ਛਾਹ ਵੇਲੇ ਢੁਕਦੇ ਨੇ,
ਹਾਲੀ ਤੱਕ ਤੱਕ ਕੇ ਹੱਸਦੇ ਨੇ।
ਇਸ ਤਰ੍ਹਾਂ ਕਵੀ ਅਨੁਸਾਰ ਖੇਤਾਂ ਦਾ ਮਾਲਕ ਕਿਸਾਨ ਭਾਵੇਂ ਜਾਨ ਤੋੜ ਆਪਣੀ ਮਿਹਨਤ ਦੇ ਨਾਲ ਹਲ਼ ਚਲਾਉਣ ਦਾ ਕੰਮ ਕਰਦਾ ਹੈ, ਪਰ ਕਵੀ ਉਸ ਨੂੰ ਖੁਸ਼ ਦੇਖ ਕੇ ਖੁਸ਼ ਹੈ। ਇਸੇ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਕੁਝ ਰੀਤੀ ਰਿਵਾਜ ਅਜਿਹੇ ਬਣਾ ਲਏ ਸਨ ਕਿ ਮਨੁੱਖ ਨੂੰ ਖੁਸ਼ ਹੋਣ ਦਾ ਸੁਭਾਗ ਪ੍ਰਾਪਤ ਹੋਵੇ। ਪਿੰਡਾਂ ਵਿੱਚ ਵਿਆਹਾਂ-ਸ਼ਾਦੀਆਂ ਦੀਆਂ ਰਸਮਾਂ ਵਿੱਚ ਮਨੁੱਖ ਨੂੰ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕੀਤਾ ਗਿਆ। ਇੱਥੋਂ ਤੱਕ ਕਿ ਇਨ੍ਹਾਂ ਨੂੰ ਖੁਸ਼ੀ ਦਾ ਮੌਕਾ ਦੱਸ ਕੇ ਖੂਬ ਭੰਗੜੇ ਤੇ ਗਿੱਧੇ ਪਾਏ ਜਾਂਦੇ ਸਨ। ਔਰਤਾਂ ਗਿੱਧੇ ਦਾ ਪਿੜ ਬੰਨ੍ਹਦੀਆਂ ਸਨ ਅਤੇ ਆਪਣੀ ਰੂਹ ਦੀ ਖੁਰਾਕ ਹਾਸਾ-ਠੱਠਾ ਖੂਬ ਕਰਦੀਆਂ ਹਨ। ਉਨ੍ਹਾਂ ਦਿਨਾਂ ਵਿੱਚ ਔਰਤਾਂ ਵੈਸੇ ਵੀ ਚਾਰ ਦੀਵਾਰੀ ਵਿੱਚ ਅਤੇ ਪਰਦੇ ਵਿੱਚ ਰਹਿੰਦੀਆਂ ਸਨ, ਇਸ ਲਈ ਵਿਆਹ-ਸ਼ਾਦੀਆਂ ਵਿੱਚ ਉਨ੍ਹਾਂ ਨੂੰ ਖੁਸ਼ ਹੋਣ ਦਾ ਖੁੱਲ੍ਹਾ ਮਾਹੌਲ ਮਿਲ ਜਾਂਦਾ ਸੀ।
ਅਸੀਂ ਆਪਣੇ ਆਸ ਪਾਸ ਕਿਸੇ ਦੇ ਮੱਥੇ ’ਤੇ ਤਿਊੜੀਆਂ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਸ ਦਾ ਮਨ ਅੰਦਰੋਂ ਖੁਸ਼ ਨਹੀਂ ਹੈ ਅਤੇ ਉਹ ਕਿਸੇ ਦੂਜੇ ਨੂੰ ਵੀ ਖੁਸ਼ ਨਹੀਂ ਰੱਖ ਸਕਦਾ। ਇਸ ਤਰ੍ਹਾਂ ਇਹ ਤਿਊੜੀਆਂ ਹੀ ਕਿਸੇ ਦੇ ਜੀਵਨ ਦੀ ਰਹਿਣੀ-ਬਹਿਣੀ ਦੱਸ ਦਿੰਦੀਆਂ ਹਨ ਤਾਂ ਹੀ ਵਿਆਹਾਂ ਵਿੱਚ ਸਾਲੀਆਂ ਆਪਣੇ ਜੀਜੇ ਨੂੰ ਖੁਸ਼ ਰਹਿਣ ਦੀ ਨਸੀਹਤ ਦਿੰਦੀਆਂ ਇਹ ਸਿੱਠਣੀ ਦਿੰਦੀਆਂ ਹਨ:
ਮੱਥੇ ਦੀ ਤਿਊੜੀ ਖੋਲ੍ਹ ਵੇ ਜੀਜਾ
ਅਸੀਂ ਤੇਰੇ ਕਦ ਆਉਣਾ?
ਅਸੀਂ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਖੁਸ਼ੀ-ਖੁਸ਼ੀ ਖੇਡਦੇ ਅਤੇ ਕਿਲਕਾਰੀਆਂ ਮਾਰਦੇ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੇ ਹਾਂ ਕਿਉਂਕਿ ਇਹ ਕੁਦਰਤ ਦਾ ਅਸੂਲ ਵੀ ਹੈ ਕਿ ਖੁਸ਼ ਬੰਦੇ ਨੂੰ ਦੇਖ ਕੇ ਦੂਜੇ ਦਾ ਮਨ ਵੀ ਖੁਸ਼ ਹੁੰਦਾ ਹੈ ਅਤੇ ਦੁਖੀ ਇਨਸਾਨ ਨੂੰ ਦੇਖ ਦੂਜਾ ਮਨੁੱਖ ਵੀ ਦੁਖੀ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਰੋਂਦੇ ਬੱਚੇ ਨੂੰ ਦੇਖ ਮਾਂ ਦਾ ਮਨ ਬਹੁਤ ਦੁਖੀ ਹੋ ਜਾਂਦਾ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਮਨੁੱਖੀ ਜੀਵਨ ਵਿੱਚ ਖੁਸ਼ੀ ਦਾ ਅਹਿਮ ਰੋਲ ਹੈ। ਕਿਸੇ ਨੂੰ ਵੀ ਦੁਖੀ ਰਹਿ ਕੇ ਆਪਣੇ ਜੀਵਨ ਨੂੰ ਦੁਖੀ ਨਹੀਂ ਕਰਨਾ ਚਾਹੀਦਾ, ਜੇ ਮਨ ਉਦਾਸ ਵੀ ਹੁੰਦਾ ਹੈ ਤਾਂ ਖੁਸ਼ੀ ਪ੍ਰਦਾਨ ਕਰਨ ਵਾਲਾ ਸਾਹਿਤ ਪੜ੍ਹਿਆ ਜਾ ਸਕਦਾ ਹੈ। ਉਦਾਸ, ਉਚਾਟ ਅਤੇ ਦੁਖੀ ਜੀਵਨ ਮਨੁੱਖ ਨੂੰ ਖੁਦਕੁਸ਼ੀ ਦੇ ਰਾਹ ਵੱਲ ਤੋਰ ਦਿੰਦਾ ਹੈ ਜਿਸ ਤੋਂ ਹਰ ਹਾਲਤ ਵਿੱਚ ਬਚਣਾ ਚਾਹੀਦਾ ਹੈ ਅਤੇ ਸਾਨੂੰ ਕਪਾਹ ਦੀਆਂ ਖਿੜ ਰਹੀਆਂ ਫੁੱਟੀਆਂ ਤੋਂ ਕੁੱਝ ਸਿੱਖਣਾ ਚਾਹੀਦਾ ਹੈ।
ਸੰਪਰਕ: 98764-52223