ਮੁੰਬਈ: ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ, ‘ਫਿਲਮ ਜਗਤ ਵਿੱਚ ਜੇਕਰ ਤੁਸੀਂ ‘ਪੁਰਾਣੇ’ ਨਹੀਂ ਹੋਣਾ ਚਾਹੁੰਦੇ ਤਾਂ ਜ਼ਰੂਰੀ ਹੈ ਕਿ ਤੁਸੀਂ ਹਰ ਪਲ ਆਪਣੇ ਪ੍ਰਦਰਸ਼ਨ ਵਿੱਚ ਕੁਝ ਨਵਾਂ ਸ਼ਾਮਲ ਕਰਦੇ ਰਹੋ।’ ਲਗਪਗ ਦੋ ਦਹਾਕਿਆਂ ਦੇ ਫਿਲਮੀ ਸਫ਼ਰ ਵਿੱਚ ਸਿੱਦੀਕੀ ਨੇ ‘ਬਲੈਕ ਫਰਾਈਡੇਅ’ ਤੇ ‘ਕਹਾਨੀ’ ਤੋਂ ਲੈ ਕੇ ‘ਗੈਂਗਜ਼ ਆਫ ਵਾਸੇਪੁਰ’, ‘ਬਦਲਾਪੁਰ’ ਤੇ ‘ਫੋਟੋਗ੍ਰਾਫ਼’ ਤਕ ਕਈ ਤਰਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ ਤੇ ਦਰਸ਼ਕਾਂ ਨੇ ਉਸ ਦੀ ਸ਼ਲਾਘਾ ਵੀ ਕੀਤੀ ਹੈ। ਅਦਾਕਾਰ ਨੇ ਕਿਹਾ ਕਿ ਉਸ ਨੇ ਕਦੇ ਇਹ ਨਹੀਂ ਮੰਨਿਆ ਕਿ ਦਰਸ਼ਕ ਸਦਾ ਉਸ ਦਾ ਕੰਮ ਪਸੰਦ ਕਰਨਗੇ, ਸਗੋਂ ਉਹ ਦਰਸ਼ਕਾਂ ਦੀ ਪਸੰਦ ’ਤੇ ਖ਼ਰਾ ਉਤਰਨ ਲਈ ਸਦਾ ਆਪਣੇ ਕਿਰਦਾਰ ਨੂੰ ਹੋਰ ਬਾਰੀਕੀ ਨਾਲ ਨਿਭਾਉਣ ਦਾ ਯਤਨ ਕਰਦਾ ਹੈ। ਸਿੱਦੀਕੀ ਨੇ ਕਿਹਾ, ‘ਜੇਕਰ ਤੁਸੀਂ ਆਪਣੇ ਕਿਰਦਾਰ ਨੂੰ ਵਧੇਰੇ ਚੁਣੌਤੀਪੂਰਨ ਢੰਗ ਨਾਲ ਨਿਭਾਉਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਹਾਲੇ ਵੀ ਤੁਸੀਂ ਕੁਝ ਨਵਾਂ ਕਰਨ ਦੀ ਇੱਛਾ ਰੱਖਦੇ ਹੋ। ਮੈਂ ਜਿਸ ਦਿਨ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਦਰਸ਼ਕਾਂ ਨੇ ਮੈਨੂੰ ਹਰ ਹਾਲ ਪਸੰਦ ਕਰ ਲੈਣਾ ਹੈ ਤਾਂ ਉਸ ਦਿਨ ਤੋਂ ਇੱਕ ਅਦਾਕਾਰ ਵਜੋਂ ਮੇਰਾ ਨਿਘਾਰ ਸ਼ੁਰੂ ਹੋ ਜਾਵੇਗਾ।’ -ਪੀਟੀਆਈ