ਸਾਂਵਲ ਧਾਮੀ
ਨੰਗਲੀ ’ਚ ਵੱਸਦੇ ਸਾਰੇ ਨਟ ਸੰਤਾਲੀ ’ਚ ਪਾਕਿਸਤਾਨ ਚਲੇ ਗਏ, ਪਰ ਨੰਗਲੀ ਨੂੰ ਅੱਜ ਵੀ ‘ਨਟਾ ਵਾਲੀ ਨੰਗਲੀ’ ਕਿਹਾ ਜਾਂਦਾ ਹੈ। ਇਹ ਪਿੰਡ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਰੋਡ ’ਤੇ ਪੈਂਦਾ ਹੈ। ਪਿਛਲੇ ਦਿਨੀਂ ਮੈਂ ਇੱਥੋਂ ਦੇ ਵਾਸੀ ਮੋਹਨ ਸਿੰਘ ਸੰਧੂ ਨੂੰ ਮਿਲਣ ਗਿਆ।
“ਇਹ ਗਿੱਲ ਗੋਤ ਦਾ ਪਿੰਡ ਈ…” ਉਹਨੇ ਨੰਗਲੀ ਪਿੰਡ ਬਾਰੇ ਦੱਸਣਾ ਸ਼ੁਰੂ ਕੀਤਾ।
“…ਸਾਡਾ ਜੱਦੀ ਪਿੰਡ ਗੋਰੇ ਨੰਗਲ ਸੀ। ਸਾਡਾ ਪਿਉ ਆਇਆ ਸੀ ਇੱਥੇ। ਉਹਦੇ ਮਾਪੇ ਮਰ ਗਏ ਸੀ। ਇੱਥੇ ਸਾਡੀਆਂ ਦੋ ਭੂਆ ਵਿਆਹੀਆਂ ਹੋਈਆਂ ਸਨ। ਉਨ੍ਹਾਂ ਹੀ ਸਾਡੇ ਪਿਉ ਨੂੰ ਪਾਲਿਆ। ਜਦੋਂ ਥੋੜ੍ਹਾ ਤਕੜਾ ਹੋ ਗਿਆ ਤਾਂ ਕਦੇ ਉਹ ਆਪਣੇ ਪਿੰਡ ਚਲਾ ਜਾਂਦਾ, ਕਦੇ ਇੱਥੇ ਆ ਜਾਂਦਾ। ਫਿਰ ਪੱਕੇ ਤੌਰ ’ਤੇ ਇੱਥੇ ਹੀ ਰਹਿਣ ਲੱਗ ਪਿਆ। ਇੱਥੇ ਹੀ ਆਪਣਾ ਥਾਂ-ਥੂੰ ਬਣਾ ਲਿਆ। ਵਿਆਹ ਵੀ ਉਹਦਾ ਇੱਥੇ ਹੀ ਹੋਇਆ। ਇੱਥੇ ਹੀ ਉਨ੍ਹਾਂ ਦੇ ਦੋ ਧੀਆਂ ਅਤੇ ਦੋ ਪੁੱਤਰ ਹੋਏ। ਰਤਨ ਸਿੰਘ ਮੈਥੋਂ ਵੱਡਾ ਸੀ। ਬੜਾ ਸੋਹਣਾ ਜਵਾਨ ਸੀ ਉਹ। ਪੰਜ-ਸੱਤ ਸਾਲ ਹੋਏ ਉਹਨੂੰ ਪੂਰਾ ਹੋਇਆਂ। ਸੰਤਾਲੀ ’ਚ ਉਹਨੂੰ ਮਾੜ੍ਹੀ-ਮਾੜ੍ਹੀ ਦਾੜ੍ਹੀ ਉੱਗਣ ਲੱਗੀ ਸੀ। ਉਹਦਾ ਇੱਕ ਦੋਸਤ ਹੁੰਦਾ ਸੀ ਦਰਬਾਰਾ। ਮੇਰੇ ਭਾਈ ਨਾਲ ਬੜੀ ਯਾਰੀ ਸੀ ਉਹਦੀ। ਉਹ ਮੇਰੇ ਭਾਈ ਨਾਲੋਂ ਵੀ ਸੁਨੱਖਾ ਸੀ।”
ਉਹ ਸਾਹ ਲੈਣ ਲਈ ਚੁੱਪ ਹੋਇਆ।
“ਇਹਨੂੰ ਨਟਾਂ ਵਾਲੀ ਨੰਗਲੀ ਕਿਉਂ ਕਿਹਾ ਜਾਂਦਾ?” ਮੈਂ ਸਵਾਲ ਕੀਤਾ।
“ਇੱਥੇ ਬੜੇ ਨਟ ਰਹਿੰਦੇ ਸਨ। ਤੇਜੂ ਸਾਰਿਆਂ ਨਾਲੋਂ ਮਸ਼ਹੂਰ ਸੀ। ਉਹਦੀ ਘਰਵਾਲੀ ਦਾ ਨਾਂ ਤਾਜਾਂ ਕੰਜਰੀ ਸੀ। ਅਮਦਾ ਕੰਜਰੀ ਵੀ ਬਹੁਤ ਸੋਹਣਾ ਗਾਉਂਦੀ ਹੁੰਦੀ ਸੀ। ਉਹ ਹਰ ਸਾਲ ਸੂਫ਼ੀ ਸਾਈਂ ਦੇ ਡੇਰੇ ’ਤੇ ਮੇਲਾ ਲਗਾਉਂਦੇ। ਮੇਲੇ ’ਚ ਬੜੇ ਕਿੱਸੇ-ਕਹਾਣੀਆਂ ਸੁਣਾਉਂਦੇ। ਆਵਾਜ਼ ਬੜੀ ਹੁੰਦੀ ਸੀ, ਉਨ੍ਹਾਂ ਦੀ। ਹੀਰ ਰਾਂਝਾ ਤੇ ਪੂਰਨ ਭਗਤ; ਉਹ ਇਸ ਤਰ੍ਹਾਂ ਦੇ ਪੁਰਾਣੇ ਗੌਣ ਗਾਉਂਦੇ ਸੀ। ਉਹ ਗੱਲ ਨੂੰ ਮੁੱਢੋਂ ਲੈਂਦੇ ਸੀ ਤੇ ਸਿਰੇ ਲਾ ਕੇ ਛੱਡਦੇ ਸੀ। ਉਹ ਦੂਰ-ਦੂਰ ਤੱਕ ਗਾਉਣ ਜਾਂਦੇ। ਕੋਈ ਉਨ੍ਹਾਂ ਨੂੰ ਸੱਦਣ ਲਈ ਆਉਂਦਾ ਤਾਂ ਉਹ ਰੁਪਈਆਂ ਦੀ ਗੱਲ ਨਈਂ ਸੀ ਕਰਦੇ ਹੁੰਦੇ। ਮਾਣ ਨਾਲ ਆਖਦੇ- ਤੁਸੀਂ ਬੰਦਿਆਂ ਨੂੰ ਕਹਿ ਦਿਓ ਕਿ ਜੇਬਾਂ ’ਤੇ ਦੋਵੇਂ ਹੱਥ ਰੱਖ ਕੇ ਸਾਡੇ ਅੱਗੇ ਬੈਠ ਜਾਣ। ਸਾਡੇ ’ਚ ਕਲਾਕਾਰੀ ਹੋਊ ਤਾਂ ਅਸੀਂ ਉਨ੍ਹਾਂ ਦੀਆਂ ਜੇਬਾਂ ’ਚੋਂ ਆਪੇ ਪੈਸੇ ਕੱਢਵਾ ਲਵਾਂਗੇ।
“ਸੰਤਾਲੀ ’ਚ ਇਸ ਪਿੰਡ ’ਚ ਕੀ ਹੋਇਆ?” ਮੈਂ ਉਦਾਸ ਜਿਹਾ ਸਵਾਲ ਪੁੱਛ ਲਿਆ।
“ਉਦੋਂ ਮਾਹੌਲ ਹੀ ਇਸ ਤਰ੍ਹਾਂ ਦਾ ਆ ਗਿਆ ਸੀ ਕਿ ਸੱਜਣਾਂ ਦੇ ਵੀ ਦਿਲ ਬੇਈਮਾਨ ਹੋ ਗਏ ਸਨ। ਸਾਡੇ ਗੁਆਂਢ ’ਚ ਮਿਹਰਦੀਨ ਲੋਹਾਰ ਤੇ ਮੱਖੋ ਜੁਲਾਹ ਰਹਿੰਦੇ ਸੀ। ਉਹ ਪਿੰਡ ਦੇ ਬਾਕੀ ਮੁਸਲਮਾਨਾਂ ਨਾਲ ਗੱਡਿਆਂ ’ਤੇ ਸਮਾਨ ਲੱਦ ਕੇ ਨੌਸ਼ਹਿਰੇ ਪਿੰਡ ਨੂੰ ਤੁਰ ਗਏ ਸਨ। ਓਥੋਂ ਦੇ ਸਰਦਾਰ ਦੇ ਮੁਣਸ਼ੀ ਨੇ ਆਖਿਆ ਸੀ ਕਿ ਤੁਹਾਨੂੰ ਮੈਂ ਪਾਕਿਸਤਾਨ ਛੱਡ ਆਊਂਗਾ। ਉਹ ਦੋ-ਚਾਰ ਦਿਨ ਮੁਣਸ਼ੀ ਦੀ ਕੋਠੀ ’ਚ ਰਹੇ। ਤੁਰਨ ਲੱਗਿਆਂ ਜਦੋਂ ਉਹ ਸਮਾਨ ਚੁੱਕਣ ਲੱਗੇ ਤਾਂ ਮੁਣਸ਼ੀ ਆਂਹਦਾ ਬਈ ਜਿੜ੍ਹੇ ਤੁਹਾਡੇ ਭਣਵਈਏ ਓਧਰੋਂ ਆਉਣੇ ਆਂ, ਉਨ੍ਹਾਂ ਨੂੰ ਸਮਾਨ ਕਿੱਥੋਂ ਦੇਣਾ ਜੇ? ਉਹ ਨੌਸ਼ਹਿਰੇ ਤੋਂ ਨਾਗ ਕਲਾਂ ਚਲੇ ਗਏ ਸੀ ਤੇ ਫਿਰ ਕੁਝ ਦਿਨਾਂ ਬਾਅਦ ਨਾਗਾਂ ਵਾਲਿਆਂ ਨਾਲ ਛਾਉਣੀ ਵਾਲੇ ਕੈਂਪ ’ਚ ਚਲੇ ਗਏ ਸੀ।
ਅਗਸਤ ਮਹੀਨੇ ’ਚ ਜੀਓ ਬੀਬੀ ਅਤੇ ਜਾਨੇ ਦੇ ਟੱਬਰ ਨੂੰ ਛੱਡ ਕੇ ਸਾਡੇ ਪਿੰਡ ਦੇ ਸਾਰੇ ਮੁਸਲਮਾਨ ਇੱਥੋਂ ਤੁਰ ਗਏ ਸੀ। ਜੀਓ ਬੀਬੀ ਦਾ ਘਰ ਸਾਡੇ ਬਿਲਕੁਲ ਨਾਲ ਸੀ। ਉਦੋਂ ਉਹ ਪੱਚਾਸੀ ਕੁ ਸਾਲਾਂ ਦੀ ਹੋਊਗੀ। ਉਹਨੇ ਸਾਡੇ ਨਾਲ ਸਬਜ਼ੀ ਤੋੜਨ ਜਾਣਾ। ਅਸੀਂ ਉਹਨੂੰ ਪੈਸੇ-ਪੂਸੇ ਦੇ ਦੇਣੇ। ਉਹਨੇ ਕਿਤੋਂ ਰੋਟੀ ਵੀ ਤਾਂ ਖਾਣੀ ਸੀ।
ਕੁਝ ਸਾਲਾਂ ਮਗਰੋਂ ਓਧਰ ਰਹਿ ਗਏ ਸਿੱਖ ਤੇ ਇੱਧਰ ਰਹਿ ਗਏ ਮੁਸਲਮਾਨਾਂ ਲਈ ਰਾਹ ਖੁੱਲ੍ਹੇ ਗਏ ਸੀ। ਬੀਬੀ ਜੀਓ ਨੂੰ ਵੀ ਉਹਦਾ ਭਤੀਜਾ ਲੈਣ ਆਇਆ ਸੀ। ਉਹ ਤੁਰਨ ਲੱਗੀ ਵੀ ਚੁੱਲ੍ਹੇ ਨੂੰ ਪੋਚਾ ਫੇਰੀ ਜਾਵੇ। ਮੈਂ ਕਿਹਾ-ਤੂੰ ਤਾਂ ਤੁਰ ਚੱਲੀ ਏਂ ਮਾਂ। ਹੁਣ ਤੂੰ ਕਿਹੜੀਆਂ ਇਸ ਚੁੱਲ੍ਹੇ ਉੱਤੇ ਰੋਟੀਆਂ ਪਕਾਉਣੀਆਂ ਨੇ!
ਉਹ ਬੋਲੀ- ਪੁੱਤ ਸਾਰੀ ਉਮਰ ਨਮਕ ਖਾਧਾ ਆ ਇੱਥੇ। ਨਾਲੇ ਕੋਈ ਇਸ ਘਰ ’ਚ ਆਊ ਤਾਂ ਮੈਨੂੰ ਕੁਚੱਜੀ ਨਾ ਕਹੂ। ਉਹ ਹੰਝੂ ਕੇਰਦੀ ਪਿੰਡੋਂ ਤੁਰ ਗਈ ਸੀ।
ਬੀਬੀ ਜੀਓ ਨੇ ਚੌਂਕੇ ’ਚ ਖੜ੍ਹੇ ਰੁਕ ਇੱਟਾਂ ਲਾਈਆਂ ਹੋਈਆਂ ਸਨ। ਸਾਡੀ ਜਾਣੇ ਬਲਾ। ਪਹਿਲਾਂ ਅਸੀਂ ਇਹ ਗੱਲ ਕਦੇ ਗੌਲ਼ੀ ਹੀ ਨਈਂ। ਜਦੋਂ ਉਹ ਚਲੀ ਗਈ ਤਾਂ ਅਸੀਂ ਸੋਚਿਆ ਕਿ ਆਹ ਇੱਟਾਂ ਇਸ ਤਰ੍ਹਾਂ ਕਸੂਤੀਆਂ ਜਿਹੀਆਂ ਕਿਉਂ ਲੱਗੀਆਂ ਹੋਈਆਂ ਨੇ। ਵੇਖਿਆ ਤਾਂ ਉਨ੍ਹਾਂ ਇੱਟਾਂ ’ਚ ਖਾਲੀ ਕੁੱਜਾ ਪਿਆ ਸੀ। ਗਹਿਣੇ ਜੀਓ ਬੀਬੀ ਲੈ ਗਈ ਸੀ।” ਉਹਦੇ ਚਿਹਰੇ ’ਤੇ ਉਦਾਸ ਮੁਸਕਾਨ ਫੈਲ ਗਈ।
“ਜਾਨੇ ਹੋਰੀਂ ਵੀ ਚਲੇ ਗਏ ਸੀ?” ਮੈਂ ਨਵਾਂ ਸਵਾਲ ਕੀਤਾ।
“ਜਾਨੇ ਧੋਬੀ ਨੂੰ ਪਿੰਡ ਦੇ ਜੱਟਾਂ ਨੇ ਰੱਖ ਲਿਆ ਸੀ ਕਿ ਸਾਡੇ ਲੀੜੇ-ਲਾੜੇ ਧੋਊਗਾ। ਉਹ ਮਾਇਆਦਾਰ ਸੀ। ਫਿਰ ਦੋ-ਚਾਰ ਬੰਦਿਆਂ ਦਾ ਦਿਲ ਬੇਈਮਾਨ ਹੋ ਗਿਆ। ਆਂਹਦੇ ਬਈ ਇਹਨੂੰ ਲੁੱਟ ਲਈਏ। ਇਹ ਮੁਰਾਦਪੁਰੇ ਤੋਂ ਜਗੀਰੀ ਬ੍ਰਾਹਮਣ ਨੂੰ ਲੈ ਆਏ।
ਉਸ ਦਿਨ ਜਾਨਾ ਸਾਡੇ ਘਰ ਉਦਾਸ ਜਿਹਾ ਹੋ ਕੇ ਬੈਠਾ ਸੀ। ਗਲੀ ’ਚੋਂ ਕਿਸੇ ਨੇ ਅਵਾਜ਼ ਮਾਰੀ- ਜਾਨ ਮੁਹਮੰਦਾ, ਉਰੇ ਆਈਂ ਜ਼ਰਾ ਕੁ। ਉਹ ਵਿਚਾਰਾ ਚਲਾ ਗਿਆ। ਅਸੀਂ ਉਡੀਕਦੇ ਰਹੇ। ਉਹ ਨਾ ਮੁੜਿਆ। ਸਾਡੀ ਮਾਂ ਬੜੀ ਚੰਟ ਸੀ। ਉਹ ਦੌੜਦੀ ਹੋਈ ਸੂਬੇਦਾਰ ਤੇ ਲੰਬੜਦਾਰ ਹੋਰਾਂ ਕੋਲ ਗਈ। ਉਨ੍ਹਾਂ ਨੂੰ ਆਖਿਆ ਬਈ ਜਾਨੇ ਨੂੰ ਪਤਾ ਨਈਂ ਕਿੱਧਰ ਲੈ ਗਏ ਨੇ।
ਓਧਰ ਜਗੀਰੀ ਹੋਰੀਂ ਜਾਨੇ ਨੂੰ ਉਹਦੇ ਅੰਦਰ ਵਾੜਿਆ ਹੋਇਆ ਸੀ। ਉਹਦੀ ਧੌਣ ’ਤੇ ਸਤੀਰੀ ਰੱਖ ਕੇ ਉੱਤੇ ਬਹਿੰਦੇ ਸੀ। ਉਹਦੇ ਕੋਲੋਂ ਪੁੱਛਦੇ ਸੀ ਕਿ ਦੱਸ ਮਾਲ ਕਿੱਥੇ ਈ? ਮਾਲ ਓਥੇ ਕਿੱਥੇ ਸੀ! ਕਿੱਥੋਂ ਦਿੰਦਾ ਉਹ ਮਾਲ? ਪੰਦਰਾਂ-ਸੋਲ੍ਹਾਂ ਸੌ ਰੁਪਈਆ ਉਸ ਕੋਲ ਹੈਗਾ ਸੀ। ਉਹ ਉਹਨੇ ਜਗੀਰੀ ਹੋਰਾਂ ਨੂੰ ਦੇ ਦਿੱਤਾ ਸੀ।
ਜਾਨੇ ਨੂੰ ਵੇਖਣ ਲੰਬੜਦਾਰ ਤੇ ਸੂਬੇਦਾਰ ਪੂਰਨ ਸਿੰਘ ਹੋਰੀਂ ਪੰਜ-ਸੱਤ ਬੰਦੇ ਲੈ ਕੇ ਉਸੀ ਵੇਲੇ ਨਿਕਲ ਤੁਰੇ। ਜਗੀਰੀ ਹੋਰੀਂ ਜਾਨੇ ਨੂੰ ਕਦੇ ਉਹਦੇ ਘਰ ਖੜਦੇ ਸੀ, ਕਦੇ ਹਵੇਲੀ। ਓਸ ਵੇਲੇ ਉਹ ਜਾਨੇ ਨੂੰ ਉਹਦੀ ਹਵੇਲੀ ਖੜਨ ਡਹੇ ਸੀ ਕਿ ਸੂਬੇਦਾਰ ਹੋਰੀਂ ਰਾਹ ’ਚ ਟੱਕਰ ਗਏ।
ਸੂਬੇਦਾਰ ਨੇ ਜਗੀਰੀ ਬ੍ਰਾਹਮਣ ਨੂੰ ਲਲਕਾਰਿਆ। ਜਗੀਰੀ ਨੇ ਸੂਬੇਦਾਰ ਨੂੰ ਮਾਰਨ ਲਈ ਤਲਵਾਰ ਵੱਟੀ। ਜਾਨੇ ਨੇ ਤਲਵਾਰ ਨੂੰ ਫੁਰਤੀ ਨਾਲ ਮਗਰੋਂ ਫੜ ਲਿਆ। ਜਾਨੀ ਦੀਆਂ ਉਂਗਲਾਂ ਤਾਂ ਵੱਢੀਆਂ ਗਈਆਂ, ਪਰ ਉਹਨੇ ਤਲਵਾਰ ਨਾ ਛੱਡੀ। ਜਾਨੀ ਨੇ ਸੂਬੇਦਾਰ ਨੂੰ ਬਚਾ ਲਿਆ ਸੀ। ਬਚਾਉਂਦਾ ਵੀ ਕਿਉਂ ਨਾ! ਸੂਬੇਦਾਰ ਵੀ ਉਹਦੇ ਲਈ ਜਾਨ ’ਤੇ ਖੇਡ ਗਿਆ ਸੀ। ਸੂਬੇਦਾਰ ਫਿਰ ਆਂਹਦਾ ਬਈ ਜੇ ਜਗੀਰੀ ਨੂੰ ਛੱਡ ਦਿੱਤਾ ਤਾਂ ਇਹਨੇ ਸਾਡੇ ਖੂਹ ਨਈਂ ਜੇ ਵਗਣ ਦੇਣੇ। ਜਗੀਰੀ ਭੱਜ ਕੇ ਕੋਠੇ ’ਤੇ ਚੜ੍ਹ ਗਿਆ। ਇਨ੍ਹਾਂ ਕੋਠੇ ’ਤੇ ਚੜ੍ਹ ਕੇ ਜਗੀਰੀ ਨੂੰ ਵੱਢ ਦਿੱਤਾ। ਉਹਦੇ ਨਾਲ ਦੇ ਬਦਮਾਸ਼ਾਂ ਤਰਲਾ-ਮਿੰਨਤ ਮਾਰ ਕੇ ਆਖਿਆ ਬਈ ਇਹਦੀ ਲਾਸ਼ ਤਾਂ ਸਾਨੂੰ ਦੇ ਦਿਓ। ਫਿਰ ਉਹ ਜਗੀਰੀ ਦੀ ਲਾਸ਼ ਨੂੰ ਪਰ੍ਹਾ ਚਾਂਦਮਾਰੀ ਕੋਲ ਸੂਏ ’ਚ ਸੁੱਟ ਆਏ। ਉਸ ਸੂਏ ’ਤੇ ਜਿੱਥੇ ਉਹਨੇ ਵੀਹ ਕੁ ਦਿਨ ਪਹਿਲਾਂ ਆਪਣੇ ਪਿੰਡ ਦੇ ਕਈ ਮੁਸਲਮਾਨ ਕਤਲ ਕੀਤੇ ਸਨ।” ਬਾਬੇ ਦੇ ਚਿਹਰੇ ’ਤੇ ਉਦਾਸੀ ਫੈਲ ਗਈ ਸੀ।
“ਫਿਰ ਜਾਨੇ ਹੋਰਾਂ ਦਾ ਕੀ ਬਣਿਆ?” ਮੈਂ ਅਗਾਂਹ ਪੁੱਛਿਆ।
“ਜਾਨੇ ਦਾ ਇੱਕ ਪੁੱਤਰ ਤੇ ਦੋ ਧੀਆਂ ਸਨ। ਪੁੱਤਰ ਥੋੜ੍ਹੇ ਸਾਲ ਪਹਿਲਾਂ ਬਿਮਾਰ ਹੋ ਕੇ ਮੁੱਕ ਗਿਆ ਸੀ। ਉਹਦੀ ਵੱਡੀ ਧੀ ਮੇਰੇ ਵੱਡੇ ਭਾਈ ਦੀ ਹਾਣਨ ਸੀ। ਉਂਜ ਸਾਰਾ ਪਿੰਡ ਜਾਨੇ ਦਾ ਰਖਵਾਲਾ ਸੀ, ਪਰ ਬਦਮਾਸ਼ ਕਿਸਮ ਦੇ ਦੋ-ਚਾਰ ਬੰਦੇ ਜਾਨੇ ਦੀਆਂ ਕੁੜੀਆਂ ਚੁੱਕਣ ਨੂੰ ਫਿਰਦੇ ਸਨ। ਪਿੰਡ ਦੇ ਮੁਹਤਬਰਾਂ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਛਾਉਣੀ ਛੱਡ ਆਈਏ। ਤੁਰਨ ਲੱਗੇ ਤਾਂ ਵੱਡੀ ਕੁੜੀ ਮਿਲਣ ਦਾ ਬਹਾਨਾ ਪਾ ਕੇ ਸਾਡੇ ਘਰ ਆ ਗਈ। ਉਹਨੇ ਮੇਰੀ ਮਾਂ ਨੂੰ ਇੱਕ ਪੋਟਲੀ ਜਿਹੀ ਫੜਾਈ। ਉਹਦੇ ਵਿੱਚ ਸੋਨੇ-ਚਾਂਦੀ ਦੇ ਗਹਿਣੇ ਸਨ। ਮਾਂ ਨੂੰ ਹਿੱਕ ਨਾਲ ਲਗਾ ਕੇ ਉਹ ਕਾਫ਼ੀ ਦੇਰ ਡੁਸਕਦੀ ਰਹੀ ਤੇ ਫਿਰ ਡੁਸਕਦੀ-ਡੁਸਕਦੀ ਸਾਡੇ ਘਰੋਂ ਤੁਰ ਗਈ।
ਥੋੜ੍ਹੇ ਦਿਨਾਂ ਬਾਅਦ ਜਾਨੇ ਦੇ ਘਰ ’ਚ ਅਰੋੜਾ ਪਰਿਵਾਰ ਆਣ ਵੱਸਿਆ ਸੀ। ਉਨ੍ਹਾਂ ’ਚ ਇੱਕ ਬੀਬੀ ਦੇਸੀ ਸੀ। ਜਦੋਂ ਦੋਹਾਂ ਪਾਸਿਆਂ ਤੋਂ ਆਉਣ-ਜਾਣ ਸ਼ੁਰੂ ਹੋ ਗਿਆ ਤਾਂ ਉਹ ਵੀ ਕਹੇ ਕਿ ਮੇਰਾ ਦਿਲ ਉਦਾਸ ਆ। ਉਹਨੇ ਆਪਣੇ ਪਾਕਿਸਤਾਨ ਵਾਲੇ ਘਰ ’ਚ ਮਾਲ ਦੱਬਿਆ ਹੋਇਆ ਸੀ। ਦਿਲ ਨੂੰ ਉਦਾਸ ਤਾਂ ਉਹ ਗਹਿਣਾ ਕਰਨ ਡਿਹਾ ਸੀ। ਉਹ ’ਕੱਲੀ ਹੀ ਓਧਰ ਤੁਰ ਗਈ। ਆਪਣੇ ਜੱਦੀ ਘਰ ਵੀ ਪਹੁੰਚ ਗਈ। ਆਂਹਦੀ ਬਈ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣਾ ਘਰ ਵੇਖਾਂ। ਓਸ ਘਰ ’ਚ ਰਹਿਣ ਵਾਲੇ ਮੁਸਲਮਾਨ ਬੜੇ ਚੰਗੇ ਸਨ। ਉਹ ਆਂਹਦੇ-ਜੇ ਵੱਖਰੀ ਪਕਾਉਣੀ ਆ ਤਾਂ ਤੂੰ ਆਟਾ ਲੈ ਲਾ। ਜੇ ਸਾਡੇ ਨਾਲ ਖਾਣੀ ਆ ਤਾਂ ਖਾਈ ਜਾ। ਇਹ ਓਥੇ ਰਹਿਣ ਲੱਗ ਪਈ। ਉਹਦਾ ਦਾਅ ਲੱਗੇ ਤਾਂ ਦਾਅ ਲਾਵੇ। ਕੁਝ ਦਿਨਾਂ ਬਾਅਦ ਉਹ ਵਿਆਹ ਚਲੇ ਗਏ। ਇਹਨੇ ਆਖਿਆ ਕਿ ਮਾਲ ਤਾਂ ਟੋਹੀਏ। ਕੰਧਾਂ-ਕੂੰਧਾਂ ਉਸੇ ਤਰ੍ਹਾਂ ਸੀ। ਇਹਦਾ ਤਾਂ ਲਹੂ ਵਧ ਗਿਆ। ਜੇ ਕੰਧਾਂ ਨਈਂ ਢਾਹੀਆਂ ਤਾਂ ਮਾਲ ਕਿੱਧਰ ਜਾਣਾ ਸੀ। ਇਹਨੇ ਫਿਰ ਇੱਕ-ਅੱਧੀ ਇੱਟ ਪੁੱਟ ਕੇ ਵੇਖਿਆ ਕਿ ਮਾਲ ਹੈਗਾ ਸੀ। ਇਹਨੇ ਮਾਲ ਪੁੱਟ ਕੇ ਕਬਜ਼ੇ ’ਚ ਕਰ ਲਿਆ ਤੇ ਤੀਜੇ ਦਿਨ ਆਂਹਦੀ ਕਿ ਮੇਰਾ ਟੱਬਰ ਬਿਨਾਂ ਮਨ ਉਦਾਸ ਜਿਹਾ ਹੋ ਗਿਆ ਈ। ਉਹ ਆਂਹਦੇ-ਮਾਂ ਫਿਰ ਤੈਨੂੰ ਛੱਡ ਆਉਂਦੇ ਆਂ। ਉਹ ਫਿਰ ਇੱਧਰ ਆ ਗਈ। ਇੱਥੇ ਆਉਂਦੀ ਨੇ ਗਹਿਣਾ ਵੇਚ ਕੇ ਪੁਰਾਣਾ ਮਕਾਨ ਢਾਹ ਕੇ ਨਵਾਂ ਬਣਾਉਣਾ ਸ਼ੁਰੂ ਕਰ ਦਿੱਤਾ।” ਉਹਨੇ ਗੱਲ ਮੁਕਾ ਦਿੱਤੀ ਸੀ।
“ਜਾਨੇ ਹੋਰੀਂ ਸਹੀ ਸਲਾਮਤ ਪਹੁੰਚ ਗਏ ਸੀ ਪਾਕਿਸਤਾਨ?” ਆਖਰ ’ਚ ਮੈਂ ਪੁੱਛਿਆ।
“ਜਾਨਾ ਸਾਡੇ ਨਾਲ ਹਮੇਸ਼ਾਂ ਚੰਗਾ ਵਰਤਿਆ ਸੀ। ਬਾਪੂ ਤੇ ਮਾਂ ਉਹਨੂੰ ਛਾਉਣੀ ਵਾਲੇ ਕੈਂਪ ’ਚ ਮਿਲਣ ਗਏ ਸੀ। ਗਹਿਣਿਆਂ ਵਾਲੀ ਪੋਟਲੀ ਨਾਲ ਥੋੜ੍ਹਾ ਜਿਹਾ ਦਾਲ-ਆਟਾ ਵੀ ਲੈ ਗਏ ਸੀ। ਬੜੀ ਮਾੜੀ ਹਾਲਤ ਸੀ ਉਨ੍ਹਾਂ ਦੀ। ਜਾਨੇ ਦੇ ਸਿਰ ’ਤੇ ਤਾਂ ਪੱਗ ਵੀ ਨਹੀਂ ਸੀ। ਬਾਪੂ ਨੇ ਆਪਣੀ ਚਾਦਰ ਉਹਨੂੰ ਦੇ ਦਿੱਤੀ ਸੀ। ਮੁੜਨ ਲੱਗਿਆਂ ਬਾਪੂ ਨੇ ਆਖਿਆ-ਜਾਨੇ ਆਪਣਾ ਗਹਿਣਾ ਗੱਟਾ ਲੈ ਲਾ ਭਾਊ। ਜਾਨਾ ਪੋਟਲੀ ਫੜਨ ਹੀ ਲੱਗਾ ਸੀ ਕਿ ਉਹਦੀ ਧੀ ਬੋਲ ਪਈ-ਅੱਬਾ ਸਾਡਾ ਕੀ ਪਤਾ ਕਿ ਅਸੀਂ ਪਾਕਿਸਤਾਨ ਅੱਪੜਨਾ ਵੀ ਹੈ ਕਿ ਨਈਂ। ਜੇ ਰਾਹ ’ਚ ਹੀ ਮਰ ਗਏ ਤਾਂ ਇਨ੍ਹਾਂ ਗਹਿਣਿਆਂ ਦਾ ਭਲਾ ਕੀ ਕਰਾਂਗੇ?
ਧੀ ਦੀ ਗੱਲ ਸੁਣਦਿਆਂ ਜਾਨੇ ਨੇ ਹੱਥ ਪਿਛਾਂਹ ਖਿੱਚ ਲਿਆ।
“ਤੁਸੀਂ ਸਹੀ ਸਲਾਮਤ ਆਪਣੀ ਮੰਜ਼ਿਲ ’ਤੇ ਪਹੁੰਚੋ! ਤੁਹਾਡੀ ਅਮਾਨਤ ਸਾਡੇ ਕੋਲ ਰਹੂਗੀ। ਜਦੋਂ ਟਿਕ-ਟਿਕਾਅ ਹੋਇਆ, ਆ ਕੇ ਲੈ ਜਾਣਾ।” ਇਹ ਆਖ ਉਹ ਮੁੜ ਪਏ ਸੀ। ਉਹ ਹਾਲੇ ਥੋੜ੍ਹੀ ਦੂਰ ਹੀ ਆਏ ਸਨ ਕਿ ਜਾਨੇ ਦੀ ਧੀ ਦੌੜਦੀ ਹੋਈ ਉਨ੍ਹਾਂ ਨਾਲ ਆਣ ਰਲੀ ਸੀ। ਉਹ ਮੇਰੀ ਮਾਂ ਨੂੰ ਇੱਕ ਪਾਸੇ ਲਿਜਾ ਕੇ ਬੋਲੀ ਸੀ- ਚਾਚੀ, ਇਹ ਗਹਿਣੇ ਤੂੰ ਦਰਬਾਰੇ ਨੂੰ ਦੇ ਦਈਂ। ਉਹਨੂੰ ਆਖੀ ਜਦੋਂ ਉਹਦਾ ਵਿਆਹ ਹੋਏ ਆਪਣੀ ਘਰਵਾਲੀ ਨੂੰ ਪਾ ਦਏ। ਇਹ ਆਖ ਉਹ ਡੁਸਕਦੀ ਹੋਈ ਪਿਛਾਂਹ ਮੁੜ ਗਈ।”
ਗੱਲ ਮੁਕਾਉਂਦਿਆਂ ਮੋਹਨ ਸਿੰਘ ਸੰਧੂ ਨੇ ਸਿਰ ਝੁਕਾ ਲਿਆ।
ਸੰਪਰਕ: 97818-43444