ਮੁੰਬਈ: ਕਾਰਗਿਲ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਜੀਵਨ ’ਤੇ ਆਧਾਰਤ ਫ਼ਿਲਮ ‘ਸ਼ੇਰਸ਼ਾਹ’ ਵਿੱਚ ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਮੁੱਖ ਭੂਮਿਕਾ ਵਿਚ ਨਜ਼ਰ ਆਏਗਾ। ਵਿਕਰਮ ਦੇ ਜੁੜਵਾ ਭਰਾ ਵਿਸ਼ਾਲ ਬੱਤਰਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਿਰਦਾਰ ਨਿਭਾਉਣ ਲਈ ਸਿਧਾਰਥ ਪੂਰੀ ਤਰ੍ਹਾਂ ਢੁਕਵਾਂ ਹੈ। ਸਿਧਾਰਥ ਨਾਲ ਆਪਣੇ ਪਰਿਵਾਰ ਦੀ ਮੁਲਾਕਾਤ ਬਾਰੇ ਵਿਸ਼ਾਲ ਨੇ ਆਖਿਆ,‘‘ਜਦੋਂ ਅਸੀਂ ਪਹਿਲੀ ਵਾਰ ਸਿਧਾਰਥ ਨੂੰ ਮਿਲੇ ਤਾਂ ਸਾਨੂੰ ਮਹਿਸੂਸ ਹੋਇਆ ਸੀ ਉਹ ਕਈ ਪੱਖਾਂ ਤੋਂ ਵਿਕਰਮ ਵਰਗਾ ਹੈ। ਗੱਲਬਾਤ ਕਰਦਿਆਂ ਸਾਨੂੰ ਪਤਾ ਲੱਗਿਆ ਕਿ ਉਹ ਬਹੁਤ ਚੰਗਾ, ਨਿਮਰ ਤੇ ਪਿਆਰ ਸਤਿਕਾਰ ਕਰਨ ਵਾਲਾ ਵਿਅਕਤੀ ਹੈ। ਇਸ ਲਈ ਸਾਨੂੰ ਲੱਗਾ ਸੀ ਕਿ ਵਿਕਰਮ ਦੇ ਕਿਰਦਾਰ ਲਈ ਸਿਧਾਰਥ ਐਨ ਢੁਕਵਾਂ ਹੈ।’’ ਇਸ ਫ਼ਿਲਮ ਵਿੱਚ ਕੈਪਟਨ ਵਿਕਰਮ ਬੱਤਰਾ ਦੇ ਦੇਸ਼ ਪਿਆਰ ਤੇ ਪਰਿਵਾਰਕ ਸਬੰਧਾਂ ਦਾ ਜ਼ਿਕਰ ਹੈ। ਵਿਸ਼ਾਲ ਨੇ ਆਖਿਆ,‘‘ਸਿਧਾਰਥ ਆਪਣੇ ਕਰੀਅਰ ਵਿਚ ਪਹਿਲੀ ਵਾਰ ਕੋਈ ਹਕੀਕੀ ਕਿਰਦਾਰ ਨਿਭਾਅ ਰਿਹਾ ਹੈ ਤੇ ਮੇਰਾ ਮੰਨਣਾ ਹੈ ਕਿ ਉਸ ਲਈ ਕਿਰਦਾਰ ਵਿੱਚ ਖੁਭ ਜਾਣਾ ਬਹੁਤ ਅਹਿਮ ਹੈ। ਵਿਕਰਮ ਨੂੰ ‘ਸ਼ੇਰਸ਼ਾਹ’ ਵਜੋਂ ਵੀ ਜਾਣਿਆ ਜਾਂਦਾ ਸੀ। ਇਸ ਲਈ ਸਿਧਾਰਥ ਵਾਸਤੇ ਵਿਕਰਮ ਨੂੰ ਅਸਲ ਜ਼ਿੰਦਗੀ ਵਿੱਚ ਇਕ ਵਿਦਿਆਰਥੀ, ਇਕ ਫੌਜੀ, ਆਰਮੀ ਅਫ਼ਸਰ, ਭਰਾ ਤੇ ਪੁੱਤ ਵਜੋਂ ਚਿਤਰਨਾ ਬਹੁਤ ਅਹਿਮ ਹੈ।’’ ਵਿਸ਼ਾਲ ਨੇ ਆਖਿਆ,‘‘ਸਿਧਾਰਥ ਨੇ ਵਿਕਰਮ ਬਾਰੇ ਜਾਨਣ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ। ਉਸ ਨੇ ਵਿਕਰਮ ਦੇ ਬਹੁਤ ਸਾਰੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਖਾਸ ਤੌਰ ’ਤੇ ਮੇਰੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਮੈਂ ਸਮਝਦਾ ਹਾਂ ਕਿ ਉਸ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਅਤੇ ਲੋਕ ਉਸ ਨੂੰ ਪਸੰਦ ਕਰਨਗੇ।’’ -ਆਈਏਐੱਨਐੱਸ