ਮੁਹਾਲੀ: ਪੰਜਾਬ ਭਰ ਦੇ ਨੌਜਵਾਨਾਂ ਦਾ ਹੁਨਰ ਉਭਾਰਨ ਲਈ ਪੀਟੀਸੀ ਪੰਜਾਬੀ ’ਤੇ ‘ਹੁਨਰ ਪੰਜਾਬ ਦਾ-ਸੀਜ਼ਨ 2’ ਸ਼ੁਰੂ ਹੋ ਗਿਆ ਹੈ। ਇਸ ਸ਼ੋਅ ਦੀ ਐਂਕਰ ਸੁਨੰਦਾ ਸ਼ਰਮਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਗਾਇਕਾ ਤੇ ਅਦਾਕਾਰਾ ਸੁਨੰਦਾ ਕਿਸੇ ਟੀਵੀ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ। ਇਹ ਸ਼ੋਅ ਸੋਮਵਾਰ ਤੋਂ ਵੀਰਵਾਰ ਤੱਕ ਹਰ ਰੋਜ਼ ਸ਼ਾਮ ਸਾਢੇ ਸੱਤ ਵਜੇ ਪੀਟੀਸੀ ਪੰਜਾਬੀ ’ਤੇ ਪ੍ਰਸਾਰਿਤ ਹੋਵੇਗਾ। ਇਸ ਵਾਰ ‘ਹੁਨਰ ਪੰਜਾਬ ਦਾ’ ਸ਼ੋਅ ਦਾ ਵਿਸ਼ਾ ਪਿਛਲੇ ਸਾਲ ਨਾਲੋਂ ਬਿਲਕੁਲ ਵੱਖਰਾ ਹੈ। ਪਿਛਲੇ ਸਾਲ ਇਸ ਸ਼ੋਅ ਲਈ ਉਮੀਦਵਾਰਾਂ ਦੀ ਚੋਣ ਡਿਜੀਟਲ ਤਰੀਕੇ ਨਾਲ ਕੀਤੀ ਗਈ ਅਤੇ ਸ਼ੋਅ ਦਾ ਪ੍ਰਸਾਰਨ ਵੀ ਆਨਲਾਈਨ ਹੀ ਹੋਇਆ ਸੀ। ਇਸ ਵਾਰ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਤੋਂ ਹੁਨਰਮੰਦਾਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਪਣਾ ਹੁਨਰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਪੀਟੀਸੀ ਨੈੱਟਵਰਕ ਦੇ ਐੱਮਡੀ ਅਤੇ ਚੇਅਰਮੈਨ ਰਾਬਿੰਦਰ ਨਰਾਇਣ ਨੇ ਕਿਹਾ, ‘‘ਇਹ ਆਮ ਕਿਹਾ ਜਾਂਦਾ ਹੈ ਕਿ ਹਰ ਪੰਜਾਬੀ ਹੀ ਹੁਨਰਮੰਦ ਹੈ ਅਤੇ ‘ਹੁਨਰ ਪੰਜਾਬ ਦਾ’ ਉਨ੍ਹਾਂ ਦੇ ਹੁਨਰ ਨੂੰ ਉਭਾਰਨ ਦਾ ਚੰਗਾ ਜ਼ਰੀਆ ਹੈ।’’ ਸੁਨੰਦਾ ਸ਼ਰਮਾ ਨੇ ਕਿਹਾ, ‘‘ਮੈਂ ਇਹ ਸ਼ੋਅ ਕਰਨ ਲਈ ਬੇਹੱਦ ਉਤਸ਼ਾਹਿਤ ਹਾਂ। ਮੇਰੇ ਵੱਲੋਂ ਸ਼ੋਅ ਨਾਲ ਜੁੜੇ ਲੋਕਾਂ ਅਤੇ ਸਾਰੀ ਟੀਮ ਨੂੰ ਸਲਾਮ।’’ ਪਿਛਲੇ ਸਾਲ ਪ੍ਰਿੰਸ ਸਿੰਘ ਅਤੇ ਸੁਨੀਲ ਕੁਮਾਰ ਨੇ ‘ਹੁਨਰ ਪੰਜਾਬ ਦਾ’ ਖਿਤਾਬ ਜਿੱਤਿਆ ਸੀ। -ਪੀਟੀਆਈ