ਕਰਮਜੀਤ ਕੌਰ ਮੁਕਤਸਰ
ਐਂਤਕੀ ਬੱਚਿਆਂ ਨੂੰ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਆਪਣੇ ਨਾਨਕੇ ਪਿੰਡ ਮਿਲਣ ਚਲੀ ਗਈ। ਉਸ ਦਿਨ ਅੱਤ ਦੀ ਗਰਮੀ ਸੀ। ਸੂਰਜ ਡੁੱਬਣ ਤੋਂ ਬਾਅਦ ਤਪਸ਼ ਥੋੜ੍ਹੀ ਘੱਟ ਹੋਈ। ਮੈਂ ਖੁੱਲ੍ਹੀ ਹਵਾ ’ਚ ਸਾਹ ਲੈਣ ਲਈ ਛੱਤ ’ਤੇ ਜਾ ਚੜ੍ਹੀ। ਪਿੰਡ ਦੇ ਚੁਫੇਰੇ ਵੱਲ ਛਾਤ ਮਾਰੀ ਤਾਂ ਮੇਰੇ ਸਾਹਮਣੇ ਕੁੱਝ ਵਿੱਥ ਦੀ ਦੂਰੀ ’ਤੇ ਖਾਲੀ ਪਏ ਘਰ ’ਤੇ ਮੇਰੀ ਨਜ਼ਰ ਜਾ ਟਿਕੀ। ਉਸ ਘਰ ਦੇ ਵਿਹੜੇ ਵਿੱਚ ਸਿਰਫ਼ ਘਾਹ ਹੀ ਘਾਹ ਦਿਖਾਈ ਦੇ ਰਿਹਾ ਸੀ। ਦੇਖਣ ਸਾਰ ਹੀ ਮੇਰੀਆਂ ਕੁੱਝ ਯਾਦਾਂ ਤਾਜ਼ੀਆਂ ਹੋ ਗਈਆਂ।
ਇਹ ਗੱਲ ਉਦੋਂ ਦੀ ਹੈ ਜਦੋਂ ਮੈਂ ਨੌਵੀਂ ਜਮਾਤ ਵਿੱਚ ਪਿੰਡ ਵੈਰੋਕੇ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੀ। ਗਰਮੀਆਂ ਦੇ ਦਿਨ ਸਨ। ਇੱਕ ਦਿਨ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਮੈਂ ਘਰ ਪਰਤੀ। ਚਾਹ-ਪਾਣੀ ਪੀਣ ਤੋਂ ਬਾਅਦ ਮੈਂ ਸ਼ਰਨਜੀਤ ਮਾਮੀ ਦੇ ਘਰ ਪਹੁੰਚੀ ਕਿਉਂਕਿ ਉਨ੍ਹਾਂ ਦੇ ਘਰ ਵਿੱਚ ਮੇਰੇ ਨਾਨੀ ਜੀ, ਮਾਸੀ ਜੀ ਅਤੇ ਗੁਆਂਢ ਦੀਆਂ ਤਿੰਨ-ਚਾਰ ਔਰਤਾਂ ਖੱਦਰ ਬੁਣਨ ਲਈ ਤਾਣਾ ਤਣ ਰਹੀਆਂ ਸਨ। ਮੈਂ ਸ਼ਰਨਜੀਤ ਮਾਮੀ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਨ੍ਹਾਂ ਦੇ ਕੋਲ ਮੰਜੇ ’ਤੇ ਬੈਠ ਗਈ। ਉਹ ਕੋਈ ਸਵੈਟਰ-ਕੋਟੀ ਬੁਣ ਰਹੇ ਸਨ। ਆਪਣੀ ਸੋਝੀ ’ਚ ਮੈਂ ਮਸਾਂ ਇੱਕ ਦੋ ਵਾਰ ਹੀ ਉਨ੍ਹਾਂ ਦੇ ਘਰ ਗਈ ਹੋਵਾਂਗੀ। ਉਨ੍ਹਾਂ ਨੇ ਮੈਨੂੰ ਪਾਣੀ ਪੁੱਛਿਆ ਤੇ ਫਿਰ ਮੱਲੋ-ਮੱਲੀ ਠੰਢੇ ਸ਼ਰਬਤ ਦਾ ਗਿਲਾਸ ਮੇਰੇ ਹੱਥ ਫੜਾ ਦਿੱਤਾ। ਅੱਜ ਉਹ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ, ਨਹੀਂ ਤਾਂ ਅਕਸਰ ਲੰਘਦਿਆਂ-ਟੱਪਦਿਆਂ ਮੈਂ ਉਨ੍ਹਾਂ ਨੂੰ ਸਿਰਫ਼ ਉਦਾਸ ਚਿਹਰੇ ਵਿੱਚ ਹੀ ਵੇਖਿਆ ਸੀ। ਉਨ੍ਹਾਂ ਨੇ ਹਲਕਾ ਜਿਹਾ ਮੁਸਕਰਾਉਂਦੇ ਹੋਏ ਕਿਹਾ, “ਸ਼ੁਕਰ ਹੈ ਰੱਬ ਦਾ ਅੱਜ ਮੇਰੇ ਵਿਹੜੇ ਵੀ ਰੌਣਕਾਂ ਲੱਗੀਆਂ।’’ ਇੰਨਾ ਕਹਿ ਉਨ੍ਹਾਂ ਨੇ ਆਪਣੇ ਅਤੀਤ ਦੇ ਪੰਨਿਆਂ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ।
ਇੱਕ ਠੰਢਾ ਹਉਕਾ ਲੈਂਦਿਆਂ ਉਹ ਬੋਲੀ, “ਮੈਂ, ਬਸ ਤੇਰੇ ਕੁ ਜਿੱਡੀ ਸੀ। ਜਦੋਂ ਮੇਰੇ ਪਾਪਾ ਫ਼ੌਜ ਵਿੱਚੋਂ ਸੂਬੇਦਾਰ ਦੀ ਨੌਕਰੀ ਤੋਂ ਸੇਵਾਮੁਕਤ ਹੋਏ ਸਨ। ਉਦੋਂ ਅਸੀਂ ਸਾਰਾ ਪਰਿਵਾਰ ਆਪਣੇ ਪਿੰਡ ਵਾਪਸ ਆਏ ਸੀ। ਅਸੀਂ ਪੰਜ ਭੈਣਾਂ ਹੀ ਸੀ ਅਤੇ ਮੈਂ ਸਾਰਿਆਂ ਨਾਲੋਂ ਵੱਡੀ ਸੀ। ਉਸ ਵਕਤ ਮੈਂ ਪਹਿਲੀ ਵਾਰ ਆਪਣੀ ਸੁਰਤ ’ਚ ਚੰਗੀ ਤਰ੍ਹਾਂ ਆਪਣੇ ਪਿੰਡ ਨੂੰ ਦੇਖਿਆ ਸੀ। ਉਸ ਵੇਲੇ ਉੱਥੇ ਨਾ ਕੋਈ ਪੀਣ ਵਾਲਾ ਪਾਣੀ, ਨਾ ਬਜਿਲੀ, ਸਕੂਲ ਕਾਲਜ ਤਾਂ ਹੋਣੀ ਹੀ ਕੀ ਸੀ। ਮੁੱਕਦੀ ਗੱਲ ਰਹਿਣ-ਸਹਿਣ ਦੀ ਕੋਈ ਸੁਖ-ਸੁਵਿਧਾ ਨਹੀਂ ਸੀ। ਮੈਂ ਪਾਪਾ ਨੂੰ ਬਹੁਤ ਕਿਹਾ ਕਿ, “ਆਪਾਂ ਕਿਸੇ ਸ਼ਹਿਰ ਵਿੱਚ ਘਰ ਬਣਾਈਏ ਤਾਂ ਜੋ ਸਾਨੂੰ ਪੜ੍ਹਨ-ਲਿਖਣ ਵਿੱਚ ਸੌਖ ਹੋਵੇ। ਨਾਲੇ ਸਾਡਾ ਇੱਥੇ ਕਿਸੇ ਦਾ ਜੀਅ ਨਹੀਂ ਲੱਗਦਾ। ਜੀਅ ਵੀ ਕਿਵੇਂ ਲੱਗਦਾ, ਜਦੋਂ ਪਹਿਲਾਂ ਕਦੇ ਪਿੰਡ ਦੇਖਿਆ ਹੀ ਨਹੀਂ ਸੀ। ਸਾਡੀਆਂ ਤਾਂ ਅੱਖਾਂ ਹੀ ਉਨ੍ਹਾਂ ਹਸੀਨ-ਵਾਦੀਆਂ ਵਿੱਚ ਖੁੱਲ੍ਹੀਆਂ ਸਨ। ਮੰਮੀ ਨੇ ਵੀ ਪਾਪਾ ਨੂੰ ਕਿਹਾ ਕਿ ਬੱਚਿਆਂ ਦਾ ਪਿੰਡ ਆ ਕੇ ਦਿਲ ਨਹੀਂ ਲੱਗਿਆ, ਤੁਸੀਂ ਸੋਚ ਸਮਝ ਕੇ ਹਰ ਫੈਸਲਾ ਲਿਓ”। ਪਰ ਮੇਰੇ ਚਾਚੇ-ਤਾਇਆਂ ਨੇ ਪਾਪਾ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ, “ਦੇਖ ਸੂਬੇਦਾਰਾ, ਤੂੰ ਪੰਜ ਧੀਆਂ ਦਾ ਬਾਪ ਹੈਂ, ਤੂੰ ਹੁਣ ਇਨ੍ਹਾਂ ਦੇ ਵਿਆਹ ਬਾਰੇ ਸੋਚਣਾ ਸ਼ੁਰੂ ਕਰ। ਵੱਡੀ ਦਾ ਵਿਆਹ ਕਰ ਦੇ। ਜੇਕਰ ਧੀ ਦੇ ਘਰ ਰੱਬ ਨੇ ਪੁੱਤ ਦੀ ਦਾਤ ਬਖ਼ਸ਼ੀ ਤਾਂ ਤੁਸੀਂ ਦੋਹਤੇ ਨੂੰ ਆਪਣਾ ਪੁੱਤ ਬਣਾ ਕੇ ਪਾਲ ਲਿਓ। ਨਾਲੇ ਤੇਰੀ ਜ਼ਮੀਨ-ਜਾਇਦਾਦ ’ਤੇ ਬੇਗਾਨੇ ਪੁੱਤ ਝਾਕ ਨਾ ਰੱਖਣਗੇ। ਅੱਗੇ ਤੇਰੀ ਮਰਜ਼ੀ ਸੂਬੇਦਾਰਾ।’’
ਮੇਰੇ ਮਾਂ-ਬਾਪ ਦੇ ਇਹ ਗੱਲ ਘਰ ਕਰ ਗਈ ਸੀ। ਮਾਂ ਨੇ ਉਦੋਂ ਹੀ ਮੇਰੀਆਂ ਦਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਵੀ ਸਿੱਖਣ ਲਈ ਮਜਬੂਰ ਕੀਤਾ ਗਿਆ। ਮੈਂ ਬਥੇਰਾ ਰੌਲਾ ਪਾਇਆ ਕਿ ਮੈਂ ਅੱਗੇ ਕਾਲਜ ਪੜ੍ਹਨਾ ਚਾਹੁੰਦੀ ਹਾਂ, ਪਰ ਮੇਰੀ ਇੱਕ ਨਾ ਸੁਣੀ। ਕੁਝ ਦਿਨਾਂ ਬਾਅਦ ਤਾਏ ਦੀ ਧੀ ਆਪਣੇ ਦਿਓਰ ਦਾ ਰਿਸ਼ਤਾ ਮੇਰੇ ਲਈ ਲੈ ਕੇ ਆ ਗਈ। ਕਹਿੰਦੀ ਕਿ ਮੁੰਡਾ ਦਸ ਜਮਾਤਾਂ ਪੜਿ੍ਹਆ ਹੋਇਆ, ਕੋਈ ਨੌਕਰੀ ਮਿਲ ਜਾਵੇਗੀ।
ਖੈਰ! ਮੇਰਾ ਵਿਆਹ ਹੋ ਗਿਆ। ਵਿਆਹ ਤੋਂ ਤਿੰਨ-ਚਾਰ ਮਹੀਨਿਆਂ ਬਾਅਦ ਮੈਨੂੰ ਪਤਾ ਲੱਗਿਆ ਕਿ ਸੰਤਾ ਅੱਤ ਦਾ ਨਸ਼ੇੜੀ ਹੈ ਤੇ ਉੱਤੋਂ ਸੱਤਵੀਂ ਫੇਲ੍ਹ। ਉਸ ਨੇ ਨਾਲ ਦੇ ਕਮਰੇ ਵਿੱਚ ਘੂਕ ਸੁੱਤੇ ਆਪਣੇ ਘਰਵਾਲੇ ਵੱਲ ਇਸ਼ਾਰਾ ਕਰਦਿਆਂ ਕਿਹਾ। ਬਸ ਫਿਰ ਵਿਆਹ ਤੋਂ ਬਾਅਦ ਜਲਦੀ ਹੀ ਸਾਨੂੰ ਅੱਡ ਕਰ ਦਿੱਤਾ। ਸੰਤਾ ਕੋਈ ਕੰਮ ਵੀ ਨਹੀਂ ਸੀ ਕਰਦਾ। ਐਡੇ ਵੱਡੇ ਟੱਬਰ ਵਿੱਚੋਂ ਸਾਨੂੰ ਵੰਡਿਆਂ ਵੀ ਕੀ ਆਉਣਾ ਸੀ। ਵੰਡੀ ਆਈ ਇੱਕ ਮਿੱਟੀ ਦੀ ਮੁੱਠ (ਜ਼ਮੀਨ), ਇੱਕ ਕੱਚਾ ਕੋਠਾ ਤੇ ਦੋ-ਚਾਰ ਵਰਤੋਂ ਯੋਗ ਭਾਂਡੇ। ਦੁੱਧ ਪੀਣ ਨੂੰ ਗਾਂ ਮੇਰੇ ਪਾਪਾ ਛੱਡ ਕੇ ਗਏ। ਘਰ ਦਾ ਕੂੜਾ ਸੁੱਟਣ ਲਈ ਮੇਰੇ ਕੋਲ ਕੋਈ ਬੱਠਲ ਵੀ ਨਹੀਂ ਸੀ। ਕੂੜਾ ਮੈਂ ਪੱਲੀ ’ਤੇ ਪਾ ਕੇ ਸੁੱਟਦੀ ਹੁੰਦੀ ਸੀ। ਇੰਨੇ ਬੁਰੇ ਹਾਲਾਤ ’ਚ ਉੱਪਰੋਂ ਮੇਰੇ ਕੁੱਖ ਵਿੱਚ ਬਿੱਟੂ ਪਲ ਰਿਹਾ ਸੀ। ਇਹ ਸਦਮਾ ਮੇਰੇ ਤੋਂ ਸਹਾਰ ਨਾ ਹੋਇਆ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਮੇਰਾ ਸਹੁਰਾ ਪਰਿਵਾਰ ਮੈਨੂੰ ਨਫ਼ਰਤ ਕਰਨ ਲੱਗਾ। ਮੇਰੇ ਮਾਂ-ਬਾਪ ਨੂੰ ਤਾਅਨੇ-ਮਿਹਣੇ ਦੇਣ ਲੱਗੇ। ਮੇਰੇ ਮਾਂ-ਬਾਪ ਮੈਨੂੰ ਕੁੱਝ ਦਿਨਾਂ ਲਈ ਆਪਣੇ ਘਰ ਲੈ ਗਏ। ਮੇਰੇ ਜਾਣ ਮਗਰੋਂ ਸੰਤੇ ਨੇ ਘਰ ਦੇ ਚਾਰ ਭਾਂਡੇ ਵੀ ਵੇਚ ਦਿੱਤੇ। ਉਸ ਵੇਲੇ ਤਾਂ ਧੀਏ ਤੂੰ ਅਜੇ ਜੰਮੀ ਵੀ ਨਹੀਂ ਹੋਣੀ। ਤੈਨੂੰ ਇਨ੍ਹਾਂ ਗੱਲਾਂ ਦਾ ਕੀ ਪਤਾ ਹੋਣਾ।’’
‘‘ਹਾਂ ਮਾਮੀ ਜੀ।’’ ਮੈਂ ਉਨ੍ਹਾਂ ਦੀ ਦਰਦ ਭਰੀ ਕਹਾਣੀ ਸੁਣਦੇ ਹੋਏ ਸੁੰਨ ਹੋਈ ਬੈਠੀ ਨੇ ਸਿਰ ਹਿਲਾ ਕੇ ਉੱਤਰ ਦਿੱਤਾ।
‘‘ਫਿਰ ਤੇਰਾ ਵੀਰ ਬਿੱਟੂ ਜੰਮਿਆ। ਉਸ ਦੇ ਜਨਮ ਲੈਂਦਿਆਂ ਸਾਰ ਹੀ ਮੇਰੇ ਮਾਂ-ਬਾਪ ਨੇ ਉਸ ਨੂੰ ਆਪਣੀ ਝੋਲੀ ’ਚ ਪੁਆ ਲਿਆ। ਸਭ ਜ਼ਮੀਨ-ਜਾਇਦਾਦ ਉਸ ਦੇ ਨਾਂ ਕਰ ਦਿੱਤੀ। ਮੇਰੀਆਂ ਭੈਣਾਂ ਨੇ ਉਸ ਨੂੰ ਰੱਖੜੀ ਬੰਨ੍ਹੀ। ਬਿੱਟੂ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਮੇਰੀਆਂ ਭੈਣਾਂ ਦੇ ਨਾਲ ਮੈਨੂੰ ਵੀ ਭੈਣ ਕਹਿਣ ਲੱਗਾ।’’ ਇਹ ਕਹਿੰਦਿਆਂ ਉਹ ਹਲਕਾ ਜਿਹਾ ਮੁਸਕਰਾਈ, ਪਰ ਨਾਲ ਹੀ ਆਪਣੀਆਂ ਅੱਖਾਂ ਪੂੰਝਦੀ ਹੋਈ ਬੋਲੀ, “ਜਿਸ ਨੂੰ ਜਨਮ ਦਿੱਤਾ ਉਸ ਨੇ ਮੈਨੂੰ ਮਾਂ ਨਾ ਕਿਹਾ ਅਤੇ ਹੋਰ ਕੋਈ ਮਾਂ ਆਖਣ ਵਾਲਾ ਨਾ ਆਇਆ। ਭੈਣਾਂ ਹੁਣ ਆਪਣੀ-ਆਪਣੀ ਜ਼ਿੰਦਗੀ ’ਚ ਰੁੱਝ ਗਈਆਂ। ਬਸ ਮੈਂ ਹੀ ’ਕੱਲੀ ਜਿਹੀ ਰਹਿ ਗਈ। ਮੇਰੇ ਮਨ ਵਿੱਚ ਬੜਾ ਚਾਅ ਸੀ ਕਿ ਘਰ ਦੇ ਇਸ ਸੁੰਨੇ ਵਿਹੜੇ ਵਿੱਚ ਮੇਰੇ ਬੱਚੇ ਖੇਡਦੇ ਹੁੰਦੇ। ਆਪਣੇ ਬੱਚਿਆਂ ਨੂੰ ਮੈਂ ਉਨ੍ਹਾਂ ਥਾਵਾਂ ’ਤੇ ਘੁੰਮਾ ਕੇ ਲਿਆਉਂਦੀ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਕਈ ਸਾਲ ਬਤੀਤ ਕੀਤੇ ਸਨ। ਇਨ੍ਹਾਂ ਔਰਤਾਂ ਵਾਂਗ ਮੈਂ ਵੀ ਆਪਣੇ ਪਰਿਵਾਰ ਵਿੱਚ ਹੱਸਦੀ-ਖੇਡਦੀ ਰਹਿੰਦੀ।’’ ਉਸ ਨੇ ਤਾਣਾ ਤਣ ਰਹੀਆਂ ਔਰਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ। ਕੁੱਝ ਪਲ ਚੁੱਪ ਤੋਂ ਬਾਅਦ ਉਹ ਫਿਰ ਬੋਲੀ, “ਆਹ ਹੁਣ ਪਾਪਾ ਨੇ ਮੈਨੂੰ ਨਵਾਂ ਘਰ ਪਾ ਕੇ ਦਿੱਤਾ। ਕਹਿੰਦੇ ਆ ਕਿ ਤੇਰਾ ਦੁੱਖ ਦੇਖਿਆ ਨਹੀਂ ਜਾਂਦਾ, ਪਰ ਹੁਣ ਇਸ ਹਮਦਰਦੀ ਦਾ ਕੋਈ ਫਾਇਦਾ ਨਹੀਂ। ਜਦੋਂ ਮੇਰੇ ਸੁਪਨੇ, ਮੇਰੀਆਂ ਸੱਧਰਾਂ ਦਾ ਮੇਰੇ ਤੋਂ ਖੋਹ ਕੇ ਕਤਲ ਕਰ ਦਿੱਤਾ ਗਿਆ।” ਇੰਨਾ ਕਹਿ ਕੇ ਉਸ ਨੇ ਇੱਕ ਲੰਮਾ ਹਉਕਾ ਲਿਆ।
ਮੈਨੂੰ ਜਾਪਿਆ ਜਿਵੇਂ ਉਹ ਆਪਣਾ ਸਭ ਕੁੱਝ ਗੁਆ ਬੈਠੀ ਸੀ, ਪਰ ਫਿਰ ਵੀ ਝੂਠੀਆਂ ਜਿਹੀਆਂ ਉਮੀਦਾਂ ਦੇ ਸਹਾਰੇ ਦਿਨ ਕੱਟ ਰਹੀ ਸੀ। ਇੰਨੇ ਨੂੰ ਤਾਣਾ ਤਣਿਆ ਗਿਆ। ਮਾਸੀ ਜੀ ਨੇ ਮੈਨੂੰ ਆਵਾਜ਼ ਦਿੱਤੀ, ਮੈਂ ਸ਼ਰਨਜੀਤ ਮਾਮੀ ਨੂੰ ਘੁੱਟ ਕੇ ਗਲਵੱਕੜੀ ਪਾਈ ਅਤੇ ਘਰ ਜਾਣ ਦੀ ਆਗਿਆ ਮੰਗੀ। “ਕਦੇ-ਕਦੇ ਆ ਜਾਇਆ ਕਰ, ਇਸ ਦੁਖਿਆਰੀ ਕੋਲ। ਇਹ ਭਾਂ-ਭਾਂ ਕਰਦਾ ਵਿਹੜਾ ਮੈਨੂੰ ਵੱਢ-ਵੱਢ ਖਾਂਦਾ।’ ਉਹ ਹੌਲੀ ਜਿਹੀ ਫਿਰ ਬੋਲੀ।
ਖੈਰ! ਇਸ ਘਟਨਾ ਤੋਂ ਕੁੱਝ ਮਹੀਨਿਆਂ ਬਾਅਦ ਹੀ ਸੰਤਾ ਰੱਬ ਨੂੰ ਪਿਆਰਾ ਹੋ ਗਿਆ। ਸ਼ਰਨਜੀਤ ਮਾਮੀ ਸਦਾ ਲਈ ਆਪਣੇ ਇਸ ਘਰ ਨੂੰ ਸੁੰਨਾ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਕੁੱਝ ਮਿੰਟਾਂ ਵਿੱਚ ਹੀ ਇਸ ਘਰ ਦੀਆਂ ਯਾਦਾਂ ਨੇ ਮੈਨੂੰ ਗਹਿਰੇ ਸਦਮੇ ਵੱਲ ਧਕੇਲ ਦਿੱਤਾ ਸੀ, ਪਰ ਜਿਸ ਇਨਸਾਨ ਨੇ ਇਨ੍ਹਾਂ ਸਾਰੇ ਸਦਮਿਆਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੋਵੇ, ਇਹ ਤਾਂ ਉਹੀ ਜਾਣਦਾ ਹੈ।
ਸੰਪਰਕ: 89685-94379