ਮੁੰਬਈ: ਦੱਖਣ ਭਾਰਤੀ ਫਿਲਮਾਂ ਦੇ ਸਟਾਰ ਸੂਰਿਆ ਸ਼ਿਵ ਕੁਮਾਰ ਅਦਾਕਾਰ ਕਾਰਤੀ ਦੀ ਆਉਣ ਵਾਲੀ ਫਿਲਮ ‘ਵੀਰੂਮਨ’ ਪ੍ਰੋਡਿਊਸ ਕਰਨਗੇ। ਮੁਥੱਈਆ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਵੀਰੂਮਨ’ ਇੱਕ ਪਰਿਵਾਰਕ ਕਹਾਣੀ ਹੈ। ਇਸ ਫਿਲਮ ਰਾਹੀਂ ਫਿਲਮਸਾਜ਼ ਸ਼ੰਕਰ ਦੀ ਧੀ ਆਦਿਤੀ ਸ਼ੰਕਰ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰੇਗੀ। ਸੂਰਿਆ ਨੇ ਬੀਤੀ ਸ਼ਾਮ ਟਵਿੱਟਰ ਰਾਹੀਂ ਆਉਣ ਵਾਲੇ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਲਿਖਿਆ, ‘‘ਨਿਰਦੇਸ਼ਕ ਧੀਰ ਮੁਥੱਈਆ ਅਤੇ ਕਾਰਤੀ ਨਾਲ ਆਪਣੇ ਨਵੇਂ ਪ੍ਰਾਜੈਕਟ ‘ਵੀਰੂਮਨ’ ਨੂੰ 2022 ਵਿੱਚ ਸਿਨੇਮਾ ਘਰਾਂ ’ਚ ਪੇਸ਼ ਕਰਨ ਲਈ ਉਤਸ਼ਾਹਿਤ ਹਾਂ।’’ ਸਾਲ 2015 ਵਿੱਚ ਕਾਰਤੀ ਦੀ ਮਸ਼ਹੂਰ ਫਿਲਮ ‘ਕੌਂਬਨ’ ਦਾ ਨਿਰਦੇਸ਼ਨ ਕਰਨ ਵਾਲੇ ਮੁਥੱਈਆ ਨੇ ਕਿਹਾ ਕਿ ਉਹ 44 ਸਾਲਾ ਅਦਾਕਾਰ ਨਾਲ ਮੁੜ ਕੰਮ ਕਰਨ ਤੋਂ ਬੇਹੱਦ ਖੁਸ਼ ਹੈ। ਆਦਿਤੀ ਨੇ ਵੀ ਟਵੀਟ ਕਰਦਿਆਂ ‘ਵੀਰੂਮਨ’ ਨੂੰ ਉਸ ਲਈ ਸੰਪੂਰਨ ਲਾਂਚ ਦੱਸਿਆ। ਉਸ ਨੇ ਲਿਖਿਆ, ‘‘ਇਸ ਪ੍ਰਾਜੈਕਟ ’ਤੇ ਕੰਮ ਕਰਨ ਲਈ ਉਤਸ਼ਾਹਿਤ ਸੀ। ਨਵੀਂ ਸ਼ੁਰੂਆਤ ਲਈ ਮੇਰੇ ਲਈ ਇਸ ਤੋਂ ਬਿਹਤਰ ਟੀਮ ਨਹੀਂ ਹੋ ਸਕਦੀ।’’ ਇਸ ਫਿਲਮ ਵਿੱਚ ਅਦਾਕਾਰ ਪ੍ਰਕਾਸ਼ ਰਾਜ, ਸੂਰੀ ਅਤੇ ਰਾਜ ਕਿਰਨ ਅਤੇ ਮਿਊਜ਼ਿਕ ਕੰਪੋਜ਼ਰ ਯੁਵਾਨ ਸ਼ੰਕਰ ਰਾਜਾ ਵੀ ਕੰਮ ਕਰ ਰਹੇ ਹਨ। ਸੂਰਿਆ ਫਿਲਮ ‘ਵੀਰੂਮਨ’ ਨੂੰ 2ਡੀ ਐਂਟਰਟੇਨਮੈਂਟ ਦੇ ਬੈਨਰ ਹੇਠ ਪ੍ਰੋਡਿਊਸ ਕਰਨਗੇ। -ਪੀਟੀਆਈ