ਮੁੰਬਈ, 7 ਜੁਲਾਈ
ਮੁੰਬਈ ਪੁਲੀਸ ਨੇ ਅੱਜ ਕਿਹਾ ਕਿ ਬੌਲੀਵੁੱਡ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਚਾਰ ਫ਼ਿਲਮਾਂ ਕਰਨਾ ਚਾਹੁੰਦਾ ਸੀ, ਪਰ ਤੈਅ ਤਰੀਕਾਂ ਦੌਰਾਨ ਉਸ ਦੇ ਰੁਝੇਵੇਂ ਹੋਣ ਕਾਰਨ ਭੰਸਾਲੀ ਨੂੰ ਇਨ੍ਹਾਂ ਫਿਲਮਾਂ ਲਈ ਹੋਰ ਅਦਾਕਾਰਾਂ ਨੂੰ ਮੌਕਾ ਦੇਣਾ ਪਿਆ। ਰਾਜਪੂਤ (34) 14 ਜੂਨ ਨੂੰ ਬਾਂਦਰਾ ਸਥਿਤ ਆਪਣੀ ਰਿਹਾਇਸ਼ ’ਤੇ ਲਟਕਦਾ ਮਿਲਿਆ ਸੀ। ਇਸ ਮਾਮਲੇ ਦੀ ਪੇਸ਼ੇਵਾਰਾਨਾ ਰੰਜ਼ਿਸ਼ ਦੇ ਨਜ਼ਰੀਏ ਤੋਂ ਜਾਂਚ ਕਰ ਰਹੀ ਬਾਂਦਰਾ ਪੁਲੀਸ ਨੇ ਸੋਮਵਾਰ ਨੂੰ ਭੰਸਾਲੀ ਦਾ ਬਿਆਨ ਦਰਜ ਕੀਤਾ। ਜਾਂਚ ਨਾਲ ਜੁੜੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ, ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਰਾਜਪੂਤ ਤਰੀਕ ਉਪਲੱਬਧ ਨਾ ਹੋਣ ਕਾਰਨ ਭੰਸਾਲੀ ਨਾਲ ਕੰਮ ਨਹੀਂ ਕਰ ਸਕਿਆ। ਪੁਲੀਸ ਹੋਰ ‘ਪ੍ਰੋਡੱਕਸ਼ਨ ਹਾਊਸ’ ਨਾਲ ਉਸ ਦੇ ਸਮਝੌਤਿਆਂ ਬਾਰੇ ਵੀ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਨਾਲ ਜੁੜੀ ਹਰ ਜ਼ਰੂਰੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਹੁਣ ਤੱਕ ਰਾਜਪੂਤ ਦੇ ਪਰਿਵਾਰ, ਦੋਸਤਾਂ, ਸਹਿਕਰਮੀਆਂ ਸਣੇ 34 ਵਿਅਕਤੀਆਂ ਦੇ ਬਿਆਨ ਦਰਜ ਕਰ ਚੁੱਕੀ ਹੈ।
-ਪੀਟੀਆਈ