ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਨੇ ਆਖਿਆ ਕਿ ਸੁਸ਼ਮਿਤਾ ਦਲੇਰ ਔਰਤ ਹੈ। ਜਾਣਕਾਰੀ ਅਨੁਸਾਰ ਚਾਰੂ ਦਾ ਸੁਸ਼ਮਿਤਾ ਦੇ ਭਰਾ ਰਾਜੀਵ ਸੇਨ ਨਾਲ ਜਲਦੀ ਹੀ ਤਲਾਕ ਹੋਣ ਵਾਲਾ ਹੈ। ਚਾਰੂ ਨੇ ਈ-ਟਾਈਮਜ਼ ਨਾਲ ਇੰਟਰਵਿਊ ਦੌਰਾਨ ਸੁਸ਼ਮਿਤਾ ਨੂੰ ਦਿਲ ਦਾ ਦੌਰਾ ਪੈਣ ਸਬੰਧੀ ਗੱਲਬਾਤ ਕਰਦਿਆਂ ਉਸ ਨੂੰ ਦਲੇਰ ਔਰਤ ਦੱਸਿਆ ਹੈ। ਚਾਰੂ ਨੇ ਦੱਸਿਆ,’ਇਸ ਕੇ ਬਾਰੇ ਮੇ ਫੈਮਿਲੀ ਮੇ ਕਿਸੀ ਕੋ ਨਹੀ ਪਤਾ ਥਾ ਬਿਕੌਜ਼ ਆਈ ਥਿੰਕ ਦੀਦੀ ਨੇ ਕਿਸੀ ਕੋ ਬਤਾਇਆ ਨਹੀ ਥਾ।’ ਚਾਰੂ ਨੇ ਦੱਸਿਆ ਕਿ ਜਦੋਂ ਸੁਸ਼ਮਿਤਾ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਜੈਪੁਰ ਵਿੱਚ ਸੀ। ਉਸ ਨੇ ਕਿਸੇ ਹੋਰ ਨੂੰ ਦੱਸਣ ਤੋਂ ਪਹਿਲਾਂ ਖੁਦ ਡਾਕਟਰ ਨੂੰ ਫੋਨ ਕਰ ਕੇ ਸੱਦ ਲਿਆ। ਚਾਰੂ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਸ ਨੇ ਆਪਣੀ ਸੱਸ ਨੂੰ ਦੱਸਿਆ। ਚਾਰੂ ਨੇ ਆਪਣੀ 16 ਮਹੀਨਿਆਂ ਦੀ ਧੀ ਜ਼ਿਆਨਾ ਨੂੰ ਦਲੇਰ ਦੱਸਦਿਆਂ ਉਸ ਦੀ ਤੁਲਨਾ ਸੁਸ਼ਮਿਤਾ ਨਾਲ ਕੀਤੀ ਹੈ। ਉਸ ਨੇ ਆਖਿਆ,’ਜ਼ਿਆਨਾ ਦੀਆਂ ਬਹੁਤ ਗੱਲਾਂ ਸੁਸ਼ਮਿਤਾ ਨਾਲ ਮੇਲ ਖਾਂਦੀਆਂ ਹਨ।’ ਦੱਸਣਾ ਬਣਦਾ ਹੈ ਕਿ ਸੁਸ਼ਮਿਤਾ ਨੇ ਮਾਰਚ ਮਹੀਨੇ ਸੋਸ਼ਲ ਮੀਡੀਆ ‘ਤੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਜੈਪੁਰ ਵਿੱਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਿਲ ਦਾ ਦੌਰਾ ਪਿਆ ਸੀ ਤੇ ਉਸ ਦੀ ਐਂਜੀਓਪਲਾਸਟੀ ਹੋਈ ਤੇ ਉਸ ਦੇ ਸਟੈਂਟ ਪਿਆ। ਸੁਸ਼ਮਿਤਾ ਸੇਨ ਨੇ ਆਪਣੀ ਵੈੱਬ ਸੀਰੀਜ਼ ‘ਆਰਿਆ 3’ ਦੀ ਸ਼ੂਟਿੰਗ ਹਾਲ ਹੀ ਵਿੱਚ ਮੁਕੰਮਲ ਕੀਤੀ ਹੈ -ਟ੍ਰਿਬਿਊਨ ਵੈੱਬ ਡੈਸਕ