ਮੁੰਬਈ: ਮਹਾਨ ਸਮਾਜਸੇਵੀ ਜਯੋਤੀਰਾਓ ਗੋਵਿੰਦਰਾਓ ਫੂਲੇ ਅਤੇ ਉਨ੍ਹਾਂ ਦੀ ਪਤਨੀ ਸਾਵਿੱਤਰੀਬਾਈ ਫੂਲੇ ਦੀ ਜੀਵਨੀ ’ਤੇ ਬਣਨ ਜਾ ਰਹੀ ਫਿਲਮ ‘ਫੂਲੇ’ ਵਿੱਚ ਅਦਾਕਾਰ ਪ੍ਰਤੀਕ ਗਾਂਧੀ ਅਤੇ ਅਦਾਕਾਰਾ ਪੱਤਰਲੇਖਾ ਮੁੱਖ ਭੂਮਿਕਾਵਾਂ ਨਿਭਾਉਣਗੇ। ਇਸ ਗੱਲ ਦਾ ਖੁਲਾਸ਼ਾ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਥੇ ਕੀਤਾ। ਅਨੰਨਤ ਨਾਰਾਇਣ ਮਾਹਾਦੇਵਨ ਵੱਲੋਂ ਇਸ ਫਿਲਮ ਨੂੰ ਲਿਖਿਆ ਤੇ ਨਿਰਦੇਸ਼ਿਤ ਕੀਤਾ ਜਾਵੇਗਾ। ਇਸ ਫਿਲਮ ਦੀ ਪਹਿਲੀ ਝਲਕ ਅੱਜ ਜਯੋਤੀਰਾਓ ਫੂਲੇ ਦੇ 195ਵੇਂ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ। ਫਿਲਮ ਬਾਰੇ ਗੱਲ ਕਰਦਿਆਂ ਅਦਾਕਾਰ ਪ੍ਰਤੀਕ ਗਾਂਧੀ ਨੇ ਕਿਹਾ ਕਿ ਇਸ ਸਮਾਜ ਸੁਧਾਰਕ ਜੋੜੇ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਗਏ ਕੰਮ ਫਿਲਮ ਰਾਹੀਂ ਦਿਖਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਅਦਾਕਾਰ ਨੇ ਕਿਹਾ, ‘‘ਫੂਲੇ’ ਜੀਵਨੀ ਸਬੰਧੀ ਉਸ ਦੀ ਪਹਿਲੀ ਫਿਲਮ ਹੈ। ਇੱਕ ਮਹਾਨ ਤੇ ਪ੍ਰੇਰਣਾਦਾਇਕ ਆਗੂ ਦਾ ਕਿਰਦਾਰ ਨਿਭਾਅ ਸਕਣਾ ਮੇਰੇ ਲਈ ਚੁਣੌਤੀਪੂਰਨ ਕੰਮ ਹੈ, ਪਰ ਮੇਰੀ ਹਮੇਸ਼ਾ ਤੋਂ ਇੱਛਾ ਸੀ ਕਿ ਮੈਂ ਅਜਿਹਾ ਕੋਈ ਕਿਰਦਾਰ ਨਿਭਾਵਾਂ, ਇਸ ਲਈ ਮੈਂ ਇਸ ਫਿਲਮ ਦੀ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’ ਅਦਾਕਾਰਾ ਪੱਤਰਲੇਖਾ ਨੇ ਫਿਲਮ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਫਿਲਮ ਮੁਕੰਮਲ ਹੋਣ ਤੋਂ ਬਾਅਦ ਵੀ ਲੰਮਾ ਸਮਾਂ ਉਸ ’ਤੇ ਇਸ ਫਿਲਮ ਦਾ ਅਸਰ ਰਹੇਗਾ। ਅਦਾਕਾਰਾ ਨੇ ਕਿਹਾ, ‘‘ਮੈਂ ਸ਼ਿਲਾਂਗ, ਮੇਘਾਲਿਆ ਵਿੱਚ ਵੱਡੀ ਹੋਈ ਹਾਂ, ਜਿੱਥੇ ਮਾਤ-ਸ਼ਾਹੀ ਸਮਾਜ ਦਾ ਪ੍ਰਭਾਵ ਹੈ, ਇਸ ਵਾਸਤੇ ਲਿੰਗਕ ਬਰਾਬਰੀ ਦੀ ਮੇਰੇ ਲਈ ਕਾਫੀ ਅਹਿਮੀਅਤ ਹੈ।’’ ਅਦਾਕਾਰਾ ਨੇ ਕਿਹਾ, ‘ਸਾਵਿੱਤਰੀਬਾਈ ਫੂਲੇ ਨੇ 1848 ਵਿੱਚ ਪੁਣੇ ’ਚ ਲੜਕੀਆਂ ਨੂੰ ਸਿੱਖਿਆ ਦੇਣ ਲਈ ਖੋਲ੍ਹੇ ਗਏ ਸਕੂਲ ਨੂੰ ਚਲਾਉਣ ਵਿੱਚ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ। ਮਹਾਤਮਾ ਫੂਲੇ ਨੇ ਵਿਧਵਾ ਵਿਆਹ ਦੀ ਲਹਿਰ ਵਿੱਚ ਵੀ ਯੋਗਦਾਨ ਪਾਇਆ ਅਤੇ ਭਰੂਣ ਹੱਤਿਆਵਾਂ ਨੂੰ ਰੋਕਣ ਲਈ ਅਨਾਥ ਆਸ਼ਰਮ ਖੋਲ੍ਹਿਆ। ਇਹ ਫਿਲਮ ਲੰਮਾ ਸਮਾਂ ਮੇਰੇ ਦਿਲ ਵਿੱਚ ਰਹੇਗੀ।’ ਰਾਜ ਕਿਸ਼ੋਰ ਖਵਾਰੇ, ਪ੍ਰਣਯ ਚੋਕਸ਼ੀ, ਸੌਰਭ ਵਰਮਾ, ਉਤਪਾਲ ਆਚਾਰਿਆ, ਅਨੁਯਾ ਚੌਹਾਨ ਕੁਡੇਚਾ ਅਤੇ ਰਿਤੇਸ਼ ਕੁਡੇਚਾ ਵੱਲੋਂ ਬਣਾਈ ਜਾ ਰਹੀ ਇਹ ਫਿਲਮ 2023 ਵਿੱਚ ਰਿਲੀਜ਼ ਕੀਤੀ ਜਵਾਗੀ। -ਪੀਟੀਆਈ