ਵਰਿੰਦਰ ਸਿੰਘ ਨਿਮਾਣਾ
ਪੰਜਾਬ ਦੇ ਉੱਘੇ ਬਨਸਪਤੀ ਵਿਗਿਆਨੀ, ਕੁਸ਼ਲ ਪ੍ਰਸ਼ਾਸਕ, ਲੋਕਧਾਰਾ ਖੋਜੀ, ਕਲਾ, ਸਾਹਿਤ ਤੇ ਕਲਾਕਾਰਾਂ ਦੇ ਸਰਪ੍ਰਸਤ ਵਜੋਂ ਜਾਣੇ ਜਾਂਦੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪੁਸਤਕ ‘ਰਾਖ ’ਚੋਂ ਉੱਗੇ’ ਵਿੱਚ ਦਰਜ ਹੈ, ‘ਟਾਹਲੀ ਪੰਜਾਬ ਦਾ ਪ੍ਰਤੀਕਾਤਮਕ ਰੁੱਖ ਹੈ। ਟਾਹਲੀ ਪੰਜਾਬ ਦੇ ਕਿਸਾਨ ਦਾ ਪ੍ਰਤੀਕ ਹੈ। ਇਹਦੀ ਲੱਕੜ ਬਹੁਤ ਸਖ਼ਤ ਤੇ ਸਭ ਤੋਂ ਲਾਹੇਵੰਦ ਹੁੰਦੀ ਹੈ। ਇਹ ਲੱਕੜ ਘੁਣ, ਹੋਰ ਹਰ ਤਰ੍ਹਾਂ ਦੀ ਮਾਰ ਸਹਿ ਸਕਦੀ ਹੈ। ਜੇਕਰ ਇਹਨੂੰ ਜੜਾਂ ਤੋਂ ਵੀ ਕੱਟ ਦਈਏ ਤਾਂ ਬਸੰਤ ਰੁੱਤੇ ਇਹ ਫਿਰ ਫੁੱਟ ਪੈਂਦੀ ਹੈ। ਲੁਧਿਆਣਾ, ਜਲੰਧਰ ਜੀ.ਟੀ . ਰੋਡ ’ਤੇ ਦੋਵੇਂ ਪਾਸੇ ਖੜ੍ਹੀਆਂ ਟਾਹਲੀਆਂ ਦੀਆਂ ਕਤਾਰਾਂ ਕਮਾਲ ਦਾ ਦ੍ਰਿਸ਼ ਪੇਸ਼ ਕਰਦੀਆਂ ਸਨ, ਪਰ ਸਤੰਬਰ 1947 ’ਚ ਇੱਥੋਂ ਉੱਜੜ ਕੇ ਪਾਕਿਸਤਾਨ ਜਾ ਰਹੇ ਮੁਸਲਮਾਨ ਇਨ੍ਹਾਂ ਨੂੰ ਬੁਰੀ ਤਰ੍ਹਾਂ ਛਾਂਗ ਗਏ ਕਿਉਂਕਿ ਉਨ੍ਹਾਂ ਨੂੰ ਬਾਲਣ ਦੀ ਲੋੜ ਸੀ ਤੇ ਪਿੱਛੇ ਰਹਿ ਗਏ ਨੰਗ ਮੁਨੰਗੇ ਰੋਡੇ ਟਾਹਣ। ਜਾਪਦਾ ਸੀ ਕਿ ਇਸ ਸੜਕ ਦੁਆਲੇ ਮੁੜ ਬੂਟੇ ਲਾਉਣੇ ਪੈਣਗੇ। ਤਿੰਨ ਸਾਲਾਂ ਮਗਰੋਂ ਸੜਕ ਦੁਆਲੇ ਖੜ੍ਹੇ ਇਹ ਨੰਗੇ ਟਾਹਣ ਫਿਰ ਹਰੇ ਕਚੂਰ ਨਜ਼ਰ ਆਉਣ ਲੱਗੇ। ਚੀਨੀ ਲੋਕਧਾਰਾ ਦੇ ਮਿਥਿਹਾਸਕ ਪੰਛੀ ਕੁਕਨੂਸ ਵਾਂਗ, ਜੋ ਸੜ ਕੇ ਆਪਣੀ ਹੀ ਚਿਤਾ ਦੀ ਸੁਆਹ ’ਚੋਂ ਮੁੜ ਪੈਦਾ ਹੁੰਦਾ ਹੈ, ਵਧੇਰੇ ਜਵਾਨ, ਬਲਵਾਨ ਤੇ ਨਵਾਂ ਨਕੋਰ। ਪੰਜਾਬ ਬੜੇ ਭਿਆਨਕ ਦੁਖਾਂਤ ’ਚੋਂ
ਮੁੜ ਉੱਭਰਿਆ ਹੈ ਤੇ ਕਿਸੇ ਕਮਜ਼ੋਰ ਨਸਲ ਨੂੰ ਤਾਂ ਇਹ ਹੋਣੀ ਮੂਲੋਂ ਹੀ ਮੁਕਾ ਸਕਦੀ ਸੀ।’’ ਪੰਜਾਬੀ ਦੀ ਇੱਕ ਲੋਕ ਬੋਲੀ ਹੈ:
ਅਲਕੜਿਆਂ ਦੇ ਮੁੰਡੇ ਦੇਖ ਲਓ, ਜਿਉਂ ਟਾਹਲੀ ਦੇ ਪਾਵੇ,
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਪਿੰਜਣੀ ਨਾਲ ਸੁਹਾਵੇ,
ਦੂਧੀਆ ਕਾਸ਼ਨੀ ਬੰਨ੍ਹਦੇ ਸਾਫੇ, ਜਿਉਂ ਉੱਡਿਆ ਕਬੂਤਰ ਜਾਵੇ
ਮਲਮਲ ਦੇ ਤਾਂ ਕੁੜਤੇ ਸੋਂਹਦੇ, ਜਿਉਂ ਬਗਲਾ ਤਲਾ ਵਿੱਚ ਨ੍ਹਾਵੇ
ਗਿੱਧਾ ਪਾਉਂਦੇ ਮੁੰਡਿਆਂ ਦੀ, ਸਿਫਤ ਕਰੀ ਨਾ ਜਾਵੇ।
ਪੰਜਾਬ ਦੇ ਰਵਾਇਤੀ ਰੁੱਖ ਟਾਹਲੀ ਨੇ ਇਸ ਖਿੱਤੇ ’ਚ ਰਹਿਣ ਵਾਲੇ ਲੋਕਾਂ ਦੇ ਸੁਭਾਅ, ਜੀਵਨਸ਼ੈਲੀ, ਸਰੀਰਕ ਤੇ ਮਾਨਸਿਕ ਮਜ਼ਬੂਤੀ ਨੂੰ ਬਿਆਨ ਕਰਨ ਲਈ ਇੱਕ ਪ੍ਰਤੀਕ ਦੀ ਭੂਮਿਕਾ ਹੀ ਨਹੀਂ ਨਿਭਾਈ, ਸਗੋਂ ਇਸ ਧਰਤੀ ਦੇ ਵਾਸੀਆਂ ਦੇ ਚਾਵਾਂ, ਲੋਕ ਮਨ ਦੀਆਂ ਖਹਾਇਸ਼ਾਂ, ਵਲਵਲਿਆਂ, ਰੋਸਿਆਂ ਤੇ ਉਦਰੇਵਿਆਂ ਨੂੰ ਪ੍ਰਗਟਾਉਣ ਲੱਗਿਆਂ ਵੀ ਇੱਕ ਸੱੱਚਾ ਹਮਦਰਦ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਬੋਲੀ ’ਚ ਪੰਜਾਬ ਦੇ ਲੋਕ ਜੀਵਨ ’ਚ ਟਾਹਲੀ ਦੀ ਹਾਜ਼ਰੀ ਇੰਜ ਮਹਿਸੂਸ ਕੀਤੀ ਜਾ ਸਕਦੀ ਹੈ:
ਝਾਵਾਂ ਝਾਵਾਂ ਝਾਵਾਂ…
ਜੁੱਤੀ ਤੇਰੀ ਮਖਮਲ ਦੀ, ਮੈਂ ਪੈਰਾਂ ਵਿੱਚ ਦੀ ਪਾਵਾਂ
ਟਾਹਲੀ ਉੱਤੇ ਬੋਲ ਤੋਤਿਆ ਤੇਰੇ ਰੰਗ ਦੀ ਕਮੀਜ਼ ਸੁਆਵਾਂ
ਪੁੱਤ ਮੇਰੇ ਸਹੁਰੇ ਦਾ, ਲੱਗੀ ਲਾਮ ’ਤੇ ਲੁਆ ਲਿਆ ਨਾਵਾਂ
ਜਾਂਦਾ ਹੋਇਆ ਦੱਸ ਨਾ ਗਿਆ, ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ
ਕੋਇਲਾਂ ਕੂਕਦੀਆਂ, ਕਿਤੇ ਬੋਲ ਚੰਦਰਿਆ ਕਾਵਾਂ
ਪੰਜਾਬੀ ਲੋਕ ਮਨ ਵੱਲੋਂ ਜਵਾਨੀ ਦੀ ਸਿਖਰ ਦੁਪਹਿਰੇ ਮੋਹ ਮੁਹੱਬਤ ਦੀਆਂ ਰੇਸ਼ਮੀ ਤੰਦਾਂ ਤੇ ਜ਼ਿੰਦਗੀ ਦੀ ਰੰਗਲੀ ਵਾਟ ’ਚੋਂ ਉਪਜੀਆਂ ਸ਼ੋਖੀਆਂ ਤੇ ਸੱਜਰੀਆਂ ਸੱਧਰਾਂ ਨੂੰ ਬਿਆਨਣ ਲੱਗਿਆਂ ਟਾਹਲੀਆਂ ਦੇ ਰੁੱਖਾਂ ਦੀ ਉਚਾਈ, ਦਰਿਆਵਾਂ ਦੇ ਵਹਿਣਾ ਨਾਲ ਸਾਂਝ ਪਾ ਕੇ ਮਨੁੱਖੀ ਮਨ ਦੇ ਵਹਿਣਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਵੀ ਦੇਖੀ ਜਾ ਸਕਦੀ ਹੈ:
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ
ਹੇਠ ਵਗੇ ਦਰਿਆ
ਮੈਂ ਦਰਿਆ ਦੀ ਮਛਲੀ ਵੇ ਸੋਹਣਿਆ
ਬਗਲਾ ਬਣ ਕੇ ਚਾ।
ਰੁੱਖਾਂ ਬੂਟਿਆਂ ਨਾਲ ਪੰਜਾਬੀ ਜਨ ਜੀਵਨ ਨਾਲ ਸਾਂਝ ਦੇ ਅਜਿਹੇ ਰੰਗਾਂ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਨੰਦ ਲਾਲ ਨੂਰਪੁਰੀ ਦੇ ਇੱਕ ਗੀਤ ’ਚ ਵੀ ਦੇਖਿਆ ਜਾ ਸਕਦਾ ਹੈ:
ਇੱਕ ਪਾਸੇ ਟਾਹਲੀਆਂ ਤੇ ਇੱਕ ਪਾਸੇ ਬੇਰੀਆਂ
ਸਾਉਣ ਦਾ ਮਹੀਨਾ, ਪੀਘਾਂ ਤੇਰੀਆਂ ਤੇ ਮੇਰੀਆਂ।
ਪੰਜਾਬੀ ਸੱਭਿਆਚਾਰ ’ਚ ਪਰਿਵਾਰਕ ਰਿਸ਼ਤਿਆਂ ਦੀ ਹੋਂਦ ਤੇ ਨਿੱਘ ਦੀ ਆਪਣੀ ਮਹੱਤਤਾ ਰਹੀ ਹੈ। ਪੰਜਾਬ ਦੇ ਲੋਕ ਸਾਹਿਤ ’ਚ ਇਸ ਖਿੱਤੇ ਦੇ ਲੋਕਾਂ ਦੇ ਮਨਾਂ ਨੂੰ ਲੋਕ ਗੀਤਾਂ ਰਾਹੀਂ ਬੋਲਦਿਆਂ ਤੇ ਜ਼ਿੰਦਗੀ ਦੇ ਹੁੰਗਾਰੇ ਭਰਦੇ ਦੇਖਿਆ ਜਾ ਸਕਦਾ ਹੈ। ਇਸ ਸੱਭਿਆਚਾਰ ’ਚ ਮਾਵਾਂ ਤੇ ਧੀਆਂ ਦੇ ਰਿਸ਼ਤੇ ਵਿੱਚ ਜਮਾਂਦਰੂ ਤੇ ਆਪ ਮੁਹਾਰੀ ਅਪਣੱਤ ਦੀ ਚਾਸ਼ਣੀ ਦੀ ਮਹਿਕ ਨੂੰ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪੰਜਾਬ ਦੇ ਪਰਿਵਾਰਕ ਰਿਸ਼ਤਿਆਂ ਦੀਆਂ ਪੀਡੀਆਂ ਤੰਦਾਂ ਦੀ ਸੂਖਮਤਾ ਨੂੰ ਪ੍ਰਗਟਾਉਣ ਲਈ ਇਸ ਮਿੱਟੀ ਦੇ ਪ੍ਰਤੀਕਾਤਮਕ ਰੁੱਖ ਟਾਹਲੀ ਦੀ ਹਾਜ਼ਰੀ ਵੀ ਪ੍ਰਤੱਖ ਨਜ਼ਰ ਆ ਜਾਂਦੀ ਹੈ।
ਇਸ ਖਿੱਤੇ ਦੀ ਸੱਭਿਆਚਾਰਕ ਨੁਹਾਰ, ਭੂਗੋਲਿਕ ਖ਼ੂਬੀਆਂ ਤੇ ਸਮਾਜਿਕ ਬਣਤਰ ਨੂੰ ਸਮਝਣ ਤੇ ਪਰਖਣ ਲਈ ਵੀ ਇੱਥੇ ਰੁੱਖਾਂ ਬਿਰਖਾਂ ਦੀ ਜ਼ਿੰਮੇਵਾਰ ਭੂਮਿਕਾ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ:
ਉੱਚੀਆਂ ਲੰਮੀਆਂ ਟਾਹਲੀਆਂ,
ਵਿੱਚ ਗੁਜਰੀਂਦੀ ਪੀਂਘ ਵੇ ਮਾਹੀਆ,
ਕੋਠੇ ਉੱਤੇ ਕੋਠੜੀ, ਹੇਠ ਵਸੇਂਦਾ ਸੁਨਿਆਰ ਮਾਹੀਆ,
ਸੱਸੀ ਦੀਆਂ ਘੜ ਦੇ ਬਾਲੀਆਂ,
ਮੇਰਾ ਘੜ ਦੇ ਹਾਰ ਮਾਹੀਆ।
ਕਹਿੰਦੇ ਨੇ ਕਿ ਹਾਣ ਨੂੰ ਹਾਣ ਮੁੱਢ ਤੋਂ ਪਿਆਰਾ ਹੁੰਦਾ ਹੈ। ਕਈ ਵਾਰੀ ਪਰਿਵਾਰਕ ਮਜਬੂਰੀਆ ਜਾਂ ਪਦਾਰਥਕ ਸਹੂਲਤਾਂ ਨੂੰ ਪ੍ਰਮੁੱਖਤਾ ਦੇ ਕੇ ਜੋੜੇ ਸਾਕ ਜਵਾਨ ਦਿਲਾਂ ਦੇ ਸੂਖਮ ਜਜ਼ਬਿਆਂ ਨੂੰ ਠੇਸ ਪਹੁੰਚਾਉਣ ਦਾ ਸਬੱਬ ਵੀ ਬਣ ਜਾਣ ਤਾਂ ਮਿਲਖ਼ ਜਾਗੀਰਾਂ ਦੇ ਸੁੱਖ ਨੂੰ ਹੰਢਾਉਣ ਦਾ ਵੀ ਕੋਈ ਚਾਅ ਨਹੀਂ ਪੈਦਾ ਹੁੰਦਾ। ਅਜਿਹੇ ਭਾਵਾਂ ਨੂੰ ਜ਼ੁਬਾਨ ਦੇਣ ਲੱਗਿਆਂ ਫਿਰ ਟਾਹਲੀ ਵਰਗੇ ਰੁੱਖਾਂ ਦੀ ਹਾਜ਼ਰੀ ਲੋਕ ਗੀਤਾਂ ’ਚ ਦੇਖੀ ਜਾ ਸਕਦੀ ਹੈ :
ਬਾਗੀਂ ਤਾਂ ਲਾਨੀਆਂ ਟਾਹਲੀਆਂ, ਵੇ ਪੱਤਾਂ ਵਾਲੀਆਂ,
ਵੇ ਮੇਰਾ ਪਤਲਾ ਮਾਹੀ, ਬੂਹੇ ਤਾਂ ਲਾਵਾਂ ਸ਼ਤੂਤ,
ਲੋਕਾਂ ਦੀ ਜ਼ਿੰਦਗੀ ਦੇ ਨੇੜੇ ਤੇੜੇ ਰਹਿੰਦੇ ਇਹ ਰੁੱਖ ਬੂਟੇ ਚਿੰਨ੍ਹਾਂ ਤੇ ਪ੍ਰਤੀਕਾਂ ਰਾਹੀਂ ਦੁਨਿਆਵੀ ਸਚਾਈਆਂ ਨੂੰ ਬੜੀ ਸਹਿਜਤਾ ਤੇ ਸਰਲਤਾ ਨਾਲ ਬਿਆਨ ਕਰ ਦਿੰਦੇ ਹਨ। ਜਿਵੇਂ: ਅੰਬ ਕੋਲੇ ਇੰਬਲੀ, ਨੀਂ ਜੰਡ ਕੋਲੇ ਟਾਹਲੀ, ਅਕਲ ਬਿਨਾਂ ਨੀਂ, ਗੋਰਾ ਰੰਗ ਜਾਵੇ ਖਾਲੀ, ‘ਮੈਂ ਸੌ ਸੌ ਰੁੱਖ ਪਈ ਲਾਵਾਂ, ਰੁੱਖ ਤਾਂ ਹਰੇ ਭਰੇ ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਰਵਾਇਤੀ ਰੁੱਖ ਟਾਹਲੀ ਨੇ ਇੱਥੋਂ ਦੀ ਭੂਗੋਲਿਕ ਖ਼ੂਬਸੂਰਤੀ ’ਚ ਵਾਧਾ ਹੀ ਨਹੀਂ ਕੀਤਾ ਸਗੋਂ ਇੱਥੋਂ ਦੇ ਲੋਕ ਜੀਵਨ ਨਾਲ ਗੂੜ੍ਹੀ ਸਾਂਝ ਪਾ ਕੇ ਪੰਜਾਬ ਦੀ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਨੁਹਾਰ ਨੂੰ ਵੀ ਅਮੀਰੀ ਬਖ਼ਸ਼ੀ ਹੈ ਤੇ ਅਜਿਹੇ ਰੁੱਖਾਂ ਦਾ ਇਸ ਧਰਤੀ ਤੋਂ ਖ਼ਤਮ ਹੋ ਜਾਣਾ ਪੰਜਾਬ ਦੇ ਲੋਕ ਸਾਹਿਤ ਤੇ ਸਮਾਜਿਕ ਜ਼ਿੰਦਗੀ ਲਈ ਕਿਸੇ ਦੁਖਾਂਤ ਤੋਂ ਘੱਟ ਨਹੀ।
ਅੱਜ ਜਦੋਂ ਪੂਰੀ ਦੁਨੀਆ ਵਾਂਗ ਪੰਜਾਬ ਦੇ ਲੋਕਾਂ ਨੇ ਵੀ ਆਧੁਨਿਕਤਾ ਦੇ ਜਹਾਜ਼ ’ਤੇ ਚੜ੍ਹ ਕੇ ਆਪਣੇ ਨਿੱਜੀ ਸੁਆਰਥਾਂ ਤੇ ਪਦਾਰਥਕ ਲਾਲਚਾਂ ਨੂੰ ਪੂਰਾ ਕਰਨ ਲਈ ਪਿੱਪਲ, ਬੋਹੜ, ਟਾਹਲੀ, ਅੰਬ, ਸ਼ਰੀਂਹ ਵਰਗੇ ਰਵਾਇਤੀ ਰੁੱਖਾਂ ਨੂੰ ਆਪਣੇ ਘਰਾਂ, ਖੇਤਾਂ ਬੰਨ੍ਹਿਆਂ, ਸੜਕਾਂ, ਨਹਿਰਾਂ ਦੇ ਕੰਢਿਆਂ ਤੋਂ ਦੂਰ ਕਰ ਦਿੱਤਾ ਹੈ ਤਾਂ ਸਿਹਤਮੰਦ ਕੁਦਰਤੀ ਚੌਗਿਰਦੇ ਦੀ ਅਣਹੋਂਦ ਕਾਰਨ ਬੰਦਾ ਆਪ ਤਾਂ ਰੁੱਖਾਂ ਦੀਆਂ ਗੂੜ੍ਹੀਆਂ ਛਾਵਾਂ ਤੇ ਹੋਰ ਕਈ ਕੁਦਰਤੀ ਰਹਿਮਤਾਂ ਦੇ ਸੁੱਖ ਤੋਂ ਮਹਿਰੂਮ ਹੋਇਆ ਹੀ ਹੈ, ਨਾਲ ਹੀ ਪੰਛੀ ਪਰਿੰਦਿਆਂ ਦੇ ਰੈਣ ਵਸੇਰਿਆਂ, ਚਹਿਕਣ, ਉੱਡਣ, ਬੈਠਣ ਲਈ ਰੁੱਖ ਤੇ ਰੁੱਖਾਂ ਦੇ ਝੁੰਡਾਂ ਦੀ ਕਮੀ ਨੇ ਜੀਵ ਜੰਤੂਆਂ ਦੀ ਹੋਂਦ ’ਤੇ ਵੀ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਦੇ ਕੁਦਰਤੀ ਚੌਗਿਰਦੇ ਦੀਆਂ ਨਿਆਮਤਾਂ ਨਾਲ ਹੀ ਇੱਥੋਂ ਦੇ ਗੀਤ, ਲੋਕ ਗੀਤਾਂ, ਕਹਾਣੀਆਂ ਤੇ ਸਾਹਿਤਕ ਵੇਰਵਿਆਂ ਨੂੰ ਰੋਚਕ, ਨਿਵੇਕਲੀ ਤੇ ਕੁਦਰਤੀ ਰੰਗਤ ਮਿਲਦੀ ਰਹੀ ਹੈੈ।
ਪੰਜਾਬ ਦੀ ਧਰਤੀ ’ਤੇ ਹਰ ਸਾਲ ਕਣਕ ਝੋਨੇ ਦੇ ਨਾੜ ਨੂੰ ਲੱਗਦੀਆਂ ਅੱਗਾਂ ਨਾਲ ਕਿਸਾਨਾਂ ਦੇ ਕਈ ਮਿੱਤਰ ਕੀੜੇ ਤੇ ਖੇਤਾਂ ’ਚ ਵਸੇਰਾ ਕਰਨ ਵਾਲੇ ਜੀਵ ਜੰਤੂ ਅੱਗ ਦੀਆਂ ਲਪਟਾਂ ਦਾ ਸ਼ਿਕਾਰ ਹੋ ਜਾਂਦੇ ਹਨ। ਮਾਹਿਰਾਂ ਮੁਤਾਬਿਕ ਧਰਤੀ ’ਤੇ ਵਧ ਰਹੀ ਤਪਸ਼ ਤੇ ਉਦਯੋਗਿਕ ਵਿਕਾਸ ਨਾਲ ਕੁਦਰਤੀ ਚੌਗਿਰਦੇ ’ਚ ਪੈਦਾ ਹੁੰਦੀਆਂ ਜ਼ਹਿਰੀਲੀਆਂ ਗੈਸਾਂ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਇਨਸਾਨ ਲਈ ਇੱਕੋ ਹਥਿਆਰ ਕਾਰਗਰ ਸਾਬਤ ਹੋ ਸਕਦਾ ਹੈ, ਉਹ ਹੈ ਰੁੱਖ ਲਗਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦਾ ਕਿਉਂਕਿ ਰੁੱਖ ਹੀ ਚੌਗਿਰਦੇ ’ਚੋਂ ਕਾਰਬਨ ਡਾਈਆਕਸਾਈਡ ਤੇ ਹੋਰ ਜ਼ਹਿਰੀਲੀਆਂ ਗੈਸਾਂ ਨੂੰ ਸੋਖ ਕੇ ਬਦਲੇ ’ਚ ਆਕਸੀਜਨ ਦਿੰਦੇ ਹਨ। ਪੰਜਾਬ ਦੇ ਕਰੀਬ 12700 ਪਿੰਡਾਂ ’ਚ ਜੇ ਪੰਚਾਇਤਾਂ ਤੇ ਹੋਰ ਲੋਕ ਭਲਾਈ ਸੰਗਠਨ ਹਰ ਸਾਲ 100 ਨਵੇਂ ਰਵਾਇਤੀ ਦਰੱਖਤਾਂ ਦੇ ਬੂਟੇ ਲਾ ਕੇ ਉਨ੍ਹਾਂ ਨੂੰ ਕਾਮਯਾਬ ਕਰ ਦੇਣ ਤਾਂ ਸੂਬੇ ’ਚ ਨਵੇਂ ਦਰੱਖਤਾਂ ਦੀ ਗਿਣਤੀ ਕੁਝ ਸਾਲਾਂ ’ਚ ਹੀ ਲੱਖਾਂ ’ਚ ਹੋ ਸਕਦੀ ਹੈ।
ਸੰਪਰਕ: 70877-87700