ਮੁੰਬਈ: ਅਦਾਕਾਰਾ ਤਮੰਨਾ ਭਾਟੀਆ ਨਿਰਦੇਸ਼ਕ ਨਿਖਿਲ ਅਡਵਾਨੀ ਦੀ ਆਉਣ ਵਾਲੀ ਫਿਲਮ ‘ਵੇਦਾ’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਅਦਾਕਾਰਾ ਸ਼ਰਵਰੀ ਵਾਘ ਟਾਈਟਲ ਰੋਲ ਵਿੱਚ ਹੈ। ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਤੇ ਅਭਿਸ਼ੇਕ ਬੈਨਰਜੀ ਵੀ ਇਸ ਪ੍ਰਾਜੈਕਟ ਦਾ ਹਿੱਸਾ ਹਨ। ਇਸ ਫਿਲਮ ਵਿੱਚ ਦਰਸ਼ਕਾਂ ਨੂੰ ਐਕਸ਼ਨ ਭਰਪੂਰ ਸੀਨ ਦੇਖਣ ਨੂੰ ਮਿਲਣਗੇ। ਅਦਾਕਾਰਾ ਭਾਟੀਆ ਨੇ ਕਿਹਾ, ‘‘ਮੈਨੂੰ ਨਿਖਿਲ ਦਾ ਕਹਾਣੀਆਂ ਸੁਣਾਉਣ ਦਾ ਤਰੀਕਾ ਹਮੇਸ਼ਾ ਪਸੰਦ ਰਿਹਾ ਹੈ। ਉਸ ਨੂੰ ਕੰਮ ਦਾ ਵੱਲ ਹੈ ਅਤੇ ਉਸ ਦੀ ਇਹੀ ਕਲਾ ਕੰਮ ਨੂੰ ਚਾਰ ਚੰਨ੍ਹ ਲਾਉਂਦੀ ਹੈ। ਮੈਂ ਅਤੇ ਜੌਹਨ ਵੀ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਾਂ। ਇਹ ਦੇਖਣਾ ਯਕੀਨਨ ਦਿਲਚਸਪ ਹੋਵੇਗਾ ਕਿ ਮੇਰਾ ਕਿਰਦਾਰ ਕੀ ਵੱਖਰਾ ਕਰੇਗਾ।’’ ਅਡਵਾਨੀ ਆਪਣੀਆਂ ਫਿਲਮਾਂ ‘‘ਕੱਲ ਹੋ ਨਾ ਹੋ’’, ‘‘ਸਲਾਮ-ਏ-ਇਸ਼ਕ’’, ‘‘ਡੀ-ਡੇਅ’’ ਅਤੇ ‘‘ਬਾਟਲਾ ਹਾਊਸ’’ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਅਡਵਾਨੀ ਨੇ ਕਿਹਾ, ‘‘ਜਦੋਂ ਮੈਂ ਇਸ ਖਾਸ ਭੂਮਿਕਾ ਲਈ ਤਮੰਨਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਤੁਰੰਤ ਇਸ ਫਿਲਮ ਲਈ ਮੇਰੇ ’ਤੇ ਭਰੋਸਾ ਕਰ ਲਿਆ। ਮੈਂ ਅਤੇ ਮੇਰੀ ਟੀਮ ਤਮੰਨਾ ਨੂੰ ਨਾਲ ਲੈ ਕੇ ਬਹੁਤ ਖੁਸ਼ ਹਾਂ।’’ ਫਿਲਮ ‘ਵੇਦਾ’ ਦੀ ਕਹਾਣੀ ਅਸੀਮ ਅਰੋੜਾ ਦੁਆਰਾ ਲਿਖੀ ਗਈ ਹੈ। ਫਿਲਮ ਨੂੰ ਜ਼ੀ ਸਟੂਡੀਓਜ਼, ਐਮੇ ਐਂਟਰਟੇਨਮੈਂਟ ਅਤੇ ਜੇ.ਏ. ਐਂਟਰਟੇਨਮੈਂਟ ਵੱਲੋਂ ਬਣਾਇਆ ਜਾ ਰਿਹਾ ਹੈ। ਭਾਟੀਆ ਨੂੰ ਹਾਲ ਹੀ ਵਿੱਚ ਨੈੱਟਫਲਿੱਕਸ ਦੀ ਫਿਲਮ ‘ਲਸਟ ਸਟੋਰੀਜ਼ 2’ ਵਿੱਚ ਵਿਜੈ ਵਰਮਾ ਨਾਲ ਦੇਖਿਆ ਗਿਆ ਸੀ। ਤਮੰਨਾ ਰਜਨੀਕਾਂਤ ਦੀ ਅਗਲੀ ਫਿਲਮ ‘ਜੇਲ੍ਹਰ’ ਅਤੇ ਚਿਰੰਜੀਵੀ ਦੀ ‘ਭੋਲਾ ਸ਼ੰਕਰ’ ਵਿੱਚ ਨਜ਼ਰ ਆਵੇਗੀ। -ਪੀਟੀਆਈ