ਮੁੰਬਈ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਮਿਤਾਲੀ ਰਾਜ ਦੀ ਸਰਾਹਨਾ ਕੀਤੀ ਹੈ, ਜੋ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ ਹੈ। ਤਾਪਸੀ, ਸ੍ਰੀਜੀਤ ਮੁਖਰਜੀ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਸ਼ਾਬਾਸ਼ ਮਿੱਤੂ’ ਵਿੱਚ ਮਿਤਾਲੀ ਰਾਜ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਮਹਿਲਾ ਕ੍ਰਿਕਟ ਦੇ ਵੱਨ ਡੇਅ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਹਾਸਲ ਕਰਨ ਦਾ ਮਾਣ ਪ੍ਰਾਪਤ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਭਾਰਤੀ ਮਹਿਲਾ ਟੀਮ ਦੀ ਕਪਤਾਨ ਨੂੰ ਸਨਮਾਨੇ ਜਾਣ ਦੀ ਵੀਡੀਓ ਸਾਂਝੀ ਕਰਦਿਆਂ ਤਾਪਸੀ ਨੇ ਟਵੀਟ ਕੀਤਾ, ‘‘ਉਸ ਦੀ ਪ੍ਰਸ਼ੰਸ਼ਾ ਬਾਰੇ ਥਕਾ ਦੇਣ ਵਾਲੀ ਲੰਬੀ ਜਾਣ-ਪਛਾਣ ਸੁਣ ਕੇ ਮੈਨੂੰ ਲੱਗਦਾ ਹੈ ਕਿ ਉਹ ਅਸਲ ਵਿੱਚ ਇੱਕ ਫਿਲਮ ਦੀ ਨਹੀਂ, ਬਲਕਿ ਉਸ ਉੱਤੇ ਇੱਕ ਸੀਰੀਜ਼ ਬਣਾਏ ਜਾਣ ਦੀ ਹੱਕਦਾਰ ਹੈ।’’ ਅਦਾਕਾਰਾ ਨੇ ਉਸ ਨੂੰ ‘ਪ੍ਰੇਰਨਾਦਾਇਕ’ ਦੱਸਿਆ। ਤਾਪਸੀ ਨੇ ‘ਸ਼ਾਬਾਸ਼ ਮਿੱਤੂ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਸ ਨੇ ਪ੍ਰਸ਼ੰਸਕਾਂ ਨਾਲ ਫਿਲਮ ਵਿੱਚੋਂ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਦੇ ਨਾਲ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ, ‘‘ਅੱਠ ਸਾਲ ਦੀ ਸੀ, ਜਦੋਂ ਕਿਸੇ ਨੇ ਸੁਪਨਾ ਦਿਖਾਇਆ ਸੀ ਕਿ ਇੱਕ ਦਿਨ ਆਵੇਗਾ, ਜਦੋਂ ਕ੍ਰਿਕਟ ਸਿਰਫ਼ ਪੁਰਸ਼ਾਂ ਦੀ ਖੇਡ ਨਹੀਂ ਹੋਵੇਗਾ, ਸਾਡੀ ਵੀ ਇੱਕ ਟੀਮ ਹੋਵੇਗੀ, ਇੱਕ ਪਛਾਣ ਹੋਵੇਗੀ… ‘ਵਿਮੈਨ ਇਨ ਬਲਿਊ’ ਆ ਰਹੇ ਹਾਂ ਅਸੀਂ… ਜਲਦੀ ਹੀ… #ਸ਼ਾਬਾਸ਼ ਮਿੱਤੂ… ਫਿਲਮ ਦੀ ਸ਼ੂਟਿੰਗ ਮੁਕੰਮਲ! ਵਰਲਡ ਕੱਪ 2022 ਦੇ ਮਜ਼ੇ ਲੈਣ ਲਈ ਤਿਆਰ ਰਹੋ।’’ ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕੱਪ ਅਗਲੇ ਸਾਲ ਮਾਰਚ-ਅਪਰੈਲ ਮਹੀਨੇ ਨਿਊਜ਼ੀਲੈਂਡ ਵਿੱਚ ਹੋਣ ਜਾ ਰਿਹਾ ਹੈ ਅਤੇ ਮਿਤਾਲੀ ਰਾਜ ਦੀ ਕਪਤਾਨੀ ਹੇਠ ਭਾਰਤ ਦਾ ਉਦੇਸ਼ ਤੀਜੀ ਵਾਰ ਫਾਈਨਲ ਵਿੱਚ ਪਹੁੰਚਣਾ ਤੇ ਵਰਲਡ ਕੱਪ ਜਿੱਤਣਾ ਹੈ, ਇਸ ਲਈ ਆਤਮਕਥਾ ਨੂੰ ਜ਼ਿਆਦਾ ਸਮਾਂ ਨਹੀਂ ਦਿੱਤਾ ਜਾ ਸਕਦਾ ਸੀ।’’ -ਆਈਏਐੱਨਐੱਸ