ਰਾਜ ਕੌਰ ਕਮਾਲਪੁਰ
ਪਿੰਕੀ ਤੇ ਬਬਲੀ ਦੋਵੇਂ ਛੇਵੀਂ ਜਮਾਤ ਵਿਚ ਪੜ੍ਹਦੀਆਂ ਸਨ। ਉਨ੍ਹਾਂ ਦੇ ਘਰ ਵੀ ਨੇੜੇ-ਨੇੜੇ ਸਨ। ਉਹ ਸਕੂਲ ਵੀ ਇਕੱਠੀਆਂ ਹੀ ਆਉਂਦੀਆਂ।
ਪਿੰਕੀ ਪੜ੍ਹਨ ਵਿਚ ਬੜੀ ਹੁਸ਼ਿਆਰ ਸੀ। ਉਸ ਨੂੰ ਤਾਂ ਪੇਂਟਿੰਗ ਕਰਨ ਦਾ ਵੀ ਬੜਾ ਸ਼ੌਕ ਸੀ। ਭਾਵੇਂ ਕਿਸੇ ਵੀ ਵਿਸ਼ੇ ਦੀ ਕਾਪੀ ਹੁੰਦੀ, ਉਹ ਵਿਸ਼ੇ ਨਾਲ ਸਬੰਧਿਤ ਚਿੱਤਰ ਵੀ ਜ਼ਰੂਰ ਬਣਾਉਂਦੀ। ਸਾਰੇ ਅਧਿਆਪਕ ਉਸ ਦੀ ਸੁੰਦਰ ਲਿਖਾਈ ਵਾਲੀ ਸੋਹਣੀ ਕਾਪੀ ਦੇਖ ਕੇ ਬੜੇ ਖੁਸ਼ ਹੁੰਦੇ। ਉਸ ਨੂੰ ਹਮੇਸ਼ਾਂ ਅਧਿਆਪਕਾਂ ਤੋਂ ਸ਼ਾਬਾਸ਼ ਮਿਲਦੀ। ਪਰ ਇਸ ਦੇ ਉਲਟ ਬਬਲੀ ਦਾ ਜ਼ਿਆਦਾ ਧਿਆਨ ਸ਼ਰਾਰਤਾਂ ਵਿਚ ਹੀ ਰਹਿੰਦਾ। ਉਹ ਸਕੂਲ ਦਾ ਕੰਮ ਘੱਟ/ਵੱਧ ਹੀ ਕਰਦੀ। ਰੋਜ਼ ਕੰਮ ਨਾ ਕਰਨ ਕਰਕੇ ਨਵਾਂ ਬਹਾਨਾ ਤਿਆਰ ਰੱਖਦੀ। ਕਦੀ ਕਾਪੀ ਘਰ ਭੁੱਲਣ ਦਾ, ਕਦੀ ਕਿਸੇ ਬੱਚੇ ਦਾ ਕਾਪੀ ਲਿਜਾਣ ਦਾ ਨਾਮ ਲਾ ਦਿੰਦੀ, ਜਿਹੜਾ ਉਸ ਦਿਨ ਸਕੂਲ ਵਿਚੋਂ ਛੁੱਟੀ ’ਤੇ ਹੁੰਦਾ। ਪਿੰਕੀ ਉਸ ਨੂੰ ਸਮਝਾਉਂਦੀ,‘‘ਅੜੀਏ ! ਤੂੰ ਕੰਮ ਪੂਰਾ ਕਰਿਆ ਕਰ। ਰੋਜ਼/ ਰੋਜ਼ ਮੈਡਮ ਕੋਲ ਝੂਠ ਕਿਉਂ ਬੋਲਦੀ ਹੈ। ਮੇਰੇ ਦਾਦੀ ਜੀ ਕਹਿੰਦੇ ਹੁੰਦੇ ਨੇ ਕਿ ਝੂਠ ਬੋਲਣਾ ਪਾਪ ਹੈ।’’
ਹੁਣ ਬਬਲੀ ਨੂੰ ਪਿੰਕੀ ਨਾਲ ਈਰਖਾ ਹੋ ਗਈ। ਅਧਿਆਪਕਾਂ ਦੁਆਰਾ ਪਿੰਕੀ ਦੀ ਕੀਤੀ ਸਿਫ਼ਤ ਹੁਣ ਬਬਲੀ ਤੋਂ ਬਿਲਕੁਲ ਬਰਦਾਸ਼ਤ ਨਾ ਹੁੰਦੀ। ਉਹ ਉਸ ਨੂੰ ਹੇਠੀ ਦਿਖਾਉਣ ਦੀ ਸਕੀਮ ਸੋਚਣ ਲੱਗ ਪਈ। ਅਗਲੇ ਦਿਨ ਲਈ ਸਮਾਜਿਕ ਸਿੱਖਿਆ ਵਾਲੀ ਅਧਿਆਪਕਾ ਨੇ ਕਲਾਸ ਵਿਚ ਕਿਹਾ, ‘‘ਸੋਮਵਾਰ ਨੂੰ ਪਹਿਲੇ 10 ਰੋਲ ਨੰਬਰ ਤਕ ਕਾਪੀਆਂ ਚੈੱਕ ਹੋਣਗੀਆਂ। ਸਭ ਨੇ ਸੋਹਣਾ-ਸੋਹਣਾ ਕੰਮ ਕਰਕੇ ਲਿਆਉਣਾ ਹੈ। ਜਿਸ ਦੀ ਕਾਪੀ ਸਭ ਤੋਂ ਸੋਹਣੀ ਤਿਆਰ ਕੀਤੀ ਹੋਵੇਗੀ, ਉਸ ਨੂੰ ਫਸਟ ਤੇ ਸੈਕਿੰਡ ਇਨਾਮ ਵੀ ਮਿਲੇਗਾ।” ਪਿੰਕੀ ਤਾਂ ਸਕੂਲੋਂ ਆਉਣ ਸਾਰ ਕੰਮ ਵਿਚ ਜੁਟ ਗਈ। ਉਸ ਨੇ ਤਾਂ ਨਕਸ਼ੇ ਤੇ ਸੋਹਣੇ-ਸੋਹਣੇ ਚਿੱਤਰ ਬਣਾ ਕੇ ਕਾਪੀ ਤਿਆਰ ਕਰ ਲਈ। ਧਰਤੀ ਤੇ ਸੂਰਜ ਦੇ ਚਿੱਤਰ ਵੀ ਬਣਾਏ। ਬਬਲੀ ਨੇ ਅੱਗੇ ਵਾਂਗ ਕੰਮ ਪੂਰਾ ਨਹੀਂ ਕੀਤਾ। ਉਸ ਨੇ ਸੋਚ ਲਿਆ, ‘‘ਮੈਨੂੰ ਤਾਂ ਝਿੜਕਾਂ ਮਿਲਣਗੀਆਂ ਹੀ, ਪਰ ਇਸ ਵਾਰੀ ਸ਼ਾਬਾਸ਼ ਪਿੰਕੀ ਨੂੰ ਵੀ ਨਹੀਂ ਲੈਣ ਦੇਣੀ।” ਇਹ ਸੋਚ ਕੇ ਉਸ ਨੇ ਪਿੰਕੀ ਦੀ ਕਾਪੀ ਚੋਰੀ ਕਰ ਲਈ। ਇੰਨਾ ਹੀ ਨਹੀਂ, ਉਸ ਨੂੰ ਪਾੜ ਕੇ ਡਸਟਬਿਨ ਵਿਚ ਵੀ ਸੁੱਟ ਦਿੱਤਾ। ਪਿੰਕੀ ਵਿਚਾਰੀ ਇਸ ਗੱਲੋਂ ਬਿਲਕੁਲ ਬੇਖ਼ਬਰ ਸੀ। ਜਦੋਂ ਜਮਾਤ ਵਿਚ ਉਸ ਦੀ ਕਾਪੀ ਚੈੱਕ ਕਰਵਾਉਣ ਦੀ ਵਾਰੀ ਆਈ ਤਾਂ ਉਸ ਨੂੰ ਕਾਪੀ ਕਿਤੇ ਨਾ ਮਿਲੀ। ਉਸ ਨੇ ਕਈ ਵਾਰੀ ਬੈਗ ਫਰੋਲਿਆ। ਉਸ ਨੂੰ ਮੈਡਮ ਤੋਂ ਸ਼ਾਬਾਸ਼ ਤਾਂ ਕੀ ਮਿਲਣੀ ਸੀ, ਕਾਪੀ ਨਾ ਦਿਖਾਉਣ ਕਾਰਨ ਮੈਡਮ ਉਸ ਨਾਲ ਗੁੱਸੇ ਵੀ ਹੋਏ। ਹੁਣ ਬਬਲੀ ਮਨ ਹੀ ਮਨ ਬੜੀ ਖੁਸ਼ ਹੋਈ। ਪਿੰਕੀ ਤਾਂ ਕਾਪੀ ਨਾ ਮਿਲਣ ਕਾਰਨ ਸਾਰਾ ਸਮਾਂ ਰੋਂਦੀ ਰਹੀ।
ਜਦੋਂ ਬਬਲੀ ਘਰ ਆਈ ਤਾਂ ਉਸ ਦੀ ਨਾਨੀ ਆਈ ਹੋਈ ਸੀ। ਨਾਨੀ ਹਮੇਸ਼ਾਂ ਅਪਣੇ ਦੋਹਤੇ-ਦੋਹਤੀਆਂ ਨੂੰ ਸਿੱਖਿਆਦਾਇਕ ਕਹਾਣੀਆਂ ਸੁਣਾਉਂਦੀ ਸੀ। ਉਸ ਦਿਨ ਵੀ ਨਾਨੀ ਨੇ ਕਹਾਣੀ ਸੁਣਾ ਕੇ ਸਮਝਾਇਆ ਕਿ ਝੂਠ ਬੋਲਣਾ, ਚੋਰੀ ਕਰਨਾ ਤੇ ਗ਼ਲਤ ਕੰਮ ਕਰਨਾ ਪਾਪ ਹੈ। ਇਹ ਸਾਰੀਆਂ ਗੱਲਾਂ ਜਿਸ ਦਿਨ ਸਾਹਮਣੇ ਆਉਂਦੀਆਂ ਹਨ, ਬੰਦੇ ਨੂੰ ਬਹੁਤ ਸ਼ਰਮਸ਼ਾਰ ਹੋਣਾ ਪੈਂਦਾ ਹੈ।
ਇਹ ਸੁਣ ਕੇ ਬਬਲੀ ਨੂੰ ਸਾਰੀ ਰਾਤ ਨੀਂਦ ਨਾ ਆਈ। ਰੋਂਦੀ ਪਿੰਕੀ ਦਾ ਚਿਹਰਾ ਵਾਰ- ਵਾਰ ਉਸ ਦੀਆਂ ਅੱਖਾਂ ਸਾਹਮਣੇ ਆਉਂਦਾ ਰਿਹਾ ਕਿਉਂਕਿ ਉਸ ਤੋਂ ਬਹੁਤ ਵੱਡੀ ਗ਼ਲਤੀ ਹੋ ਗਈ ਸੀ। ਹੁਣ ਉਹ ਸਵੇਰੇ ਜਲਦੀ ਉੱਠ ਕੇ ਸਕੂਲ ਜਾਣ ਲਈ ਤਿਆਰ ਹੋ ਗਈ। ਜਾਣ ਸਾਰ ਪਿੰਕੀ ਨੂੰ ਨਾਲ ਲੈ ਕੇ ਸਿੱਧਾ ਮੈਡਮ ਕੋਲ ਗਈ, ਸਾਰੀ ਗੱਲ ਮੈਡਮ ਨੂੰ ਸੱਚ-ਸੱਚ ਦੱਸ ਦਿੱਤੀ। ਮੈਡਮ ਨੂੰ ਅੱਖਾਂ ਭਰਕੇ ਕਿਹਾ, ‘‘ਮੈਡਮ ਜੀ! ਤੁਸੀਂ ਮੇਰੀ ਗ਼ਲਤੀ ਬਦਲੇ ਜੋ ਵੀ ਸਜ਼ਾ ਮੈਨੂੰ ਦੇਵੋਗੇ ਉਹ ਮੈਨੂੰ ਮਨਜ਼ੂਰ ਹੋਵੇਗੀ।” ਮੈਡਮ ਨੇ ਸਜ਼ਾ ਦੇਣ ਵਾਰੇ ਪਿੰਕੀ ਨੂੰ ਪੁੱਛਿਆ। ਪਿੰਕੀ ਨੇ ਇਹੀ ਕਿਹਾ, ‘‘ਮੈਡਮ ਜੀ! ਇਸ ਨੂੰ ਮੁਆਫ਼ ਕਰ ਦੇਵੋ। ਪਰ ਇਕ ਸ਼ਰਤ ’ਤੇ ਕਿ ਅੱਗੇ ਤੋਂ ਇਹ ਆਪਣਾ ਸਕੂਲ ਦਾ ਕੰਮ ਰੋਜ਼ ਪੂਰਾ ਕਰਿਆ ਕਰੇਗੀ।’’ ਬਬਲੀ ਨੇ ਖ਼ੁਸ਼ੀ-ਖ਼ੁਸ਼ੀ ਹਾਮੀ ਭਰ ਦਿੱਤੀ। ਪਛਤਾਵੇ ਦੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਵਹਿ ਰਹੇ ਸਨ।