ਮੁੰਬਈ, 5 ਮਈ
ਗਾਇਕ-ਕੰਪੋਜ਼ਰ ਹਿਮੇਸ਼ ਰੇਸ਼ਮੱਈਆ ਨੇ ਯਾਦ ਕੀਤਾ ਕਿਵੇਂ ਲਤਾ ਮੰਗੇਸ਼ਕਰ ਵੱਲੋਂ ਗਾਏ ਇੱਕ ਗੀਤ ਦੀਆਂ ਸੂਖਮ ਬਾਰੀਕੀਆਂ ਤੋਂ ਪ੍ਰਭਾਵਿਤ ਗਾਇਕ ਕਿਸ਼ੋਰ ਕੁਮਾਰ ਉਸ ਗੀਤ ਨੂੰ ਆਪਣੀ ਆਵਾਜ਼ ’ਚ ਮੁੜ-ਰਿਕਾਰਡ ਕਰਨਾ ਚਾਹੁੰਦਾ ਸੀ।
ਦੋਵੇਂ ਪਿੱਠਵਰਤੀ ਗਾਇਕ ਹਿਮੇਸ਼ ਰੇਸ਼ਮੱਈਆ ਦੇ ਪਿਤਾ ਵਿਪਨ ਰੇਸ਼ਮੱਈਆ ਲਈ ਰਿਕਾਰਡਿੰਗ ਕਰ ਰਹੇ ਸਨ। ਉਸ ਨੇ ਆਖਿਆ,‘‘ਮੇਰੇ ਪਿਤਾ ਸ੍ਰੀ ਵਿਪਨ ਰੇਸ਼ਮੱਈਆ ਨੇ ਇੱਕੋ ਗੀਤ ਨੂੰ ਮਰਦ ਤੇ ਔਰਤ ਦੀ ਆਵਾਜ਼ ਵਿਚ ਅਲੱਗ-ਅਲੱਗ ਰਿਕਾਰਡ ਕੀਤਾ ਸੀ। ਇਸ ਵਿਚ ਮਹਿਲਾ ਦੀ ਆਵਾਜ਼ ਉੱਘੀ ਗਾਇਕਾ ਲਤਾ ਮੰਗੇਸ਼ਕਰ ਨੇ ਦਿੱਤੀ ਸੀ ਅਤੇ ਮਰਦ ਵਾਲੇ ਗੀਤ ਨੂੰ ਕਿਸ਼ੋਰ ਕੁਮਾਰ ਨੇ ਆਵਾਜ਼ ਦਿੱਤੀ ਸੀ। ਕਿਸ਼ੋਰ ਕੁਮਾਰ ਇਹ ਗੀਤ ਪਹਿਲਾਂ ਹੀ ਰਿਕਾਰਡ ਕਰਵਾ ਚੁੱਕੇ ਸਨ ਪਰ ਜਦੋਂ ਉਨ੍ਹਾਂ ਲਤਾ ਵੱਲੋਂ ਗਾਇਆ ਗਾਣਾ ਸੁਣਿਆ ਤਾਂ ਉਹ ਵੀ ਗਾਇਕੀ ਦੀਆਂ ਉਨ੍ਹਾਂ ਹੀ ਸੂਖਮ ਬਾਰੀਕੀਆਂ ਨਾਲ ਇਹ ਗਾਣਾ ਮੁੜ ਰਿਕਾਰਡ ਕਰਵਾਉਣਾ ਚਾਹੁੰਦੇ ਸਨ। ਹਿਮੇਸ਼ ਨੇ ਆਖਿਆ ਕਿ ਇਹ ਗੀਤ ਉਨ੍ਹਾਂ ਕੋਲ ਪਿਆ ਹੈ। ਇਹ ਗੀਤ ਉਦੋਂ ਭਾਵੇਂ ਰਿਲੀਜ਼ ਨਹੀਂ ਹੋ ਸੀ ਸਕਿਆ ਪਰ ਹੁਣ ਇਹ ਜਲਦੀ ਹੀ ਰਿਲੀਜ਼ ਹੋਵੇਗਾ। ਹਿਮੇਸ਼ ਨੇ ਇਹ ਖੁਲਾਸਾ ਮਿਊਜ਼ਿਕ ਰਿਐਲਿਟੀ ਸ਼ੋਅ ‘ਇੰਡੀਅਨ ਆਇਡਲ-12’ ਵਿੱਚ ਜੱਜ ਦੀ ਭੂਮਿਕਾ ਨਿਭਾਉਂਦਿਆਂ ਗੱਲਬਾਤ ਦੌਰਾਨ ਕੀਤਾ। -ਆਈਏਐੱਨਐੱਸ