ਸਾਂਵਲ ਧਾਮ
ਸਾਨੀਪੁਰ ਪਹਿਲਾਂ ਪਟਿਆਲਾ ਰਿਆਸਤ, ਫਿਰ ਪਟਿਆਲਾ ਜ਼ਿਲ੍ਹਾ ਤੇ ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਪਿੰਡ ਹੈ। ਪਿਛਲੇ ਦਿਨੀਂ ਮੈਂ ਇਸ ਪਿੰਡ ’ਚ ਵੱਸਦੇ ਕੰਗਣ ਗੁੱਜਰ ਦੇ ਪੁੱਤਰ ਬਾਬਾ ਖੈਰਦੀਨ ਨੂੰ ਮਿਲਣ ਗਿਆ। ਉਹ ਨੱਬੇ ਵਰ੍ਹਿਆਂ ਦੇ ਨੇ। ਇਨ੍ਹਾਂ ਦਾ ਟੱਬਰ ਸੰਤਾਲੀ ਤੋਂ ਪਹਿਲਾਂ ਜ਼ਿਮੀਂਦਾਰਾਂ ਦਾ ਚੌਣਾ ਚਾਰਦਾ ਹੁੰਦਾ ਸੀ। ਨਾਨਕੇ ਪੰਜੋਲੀ ਕਲਾਂ ਸਨ ਤੇ ਭੂਆ ਟੁੱਲੂਆਂ ਪਿੰਡ ’ਚ ਵਿਆਹੀ ਹੋਈ ਸੀ। ਭੂਆ ਦੇ ਕੋਈ ਔਲਾਦ ਨਹੀਂ ਸੀ। ਉਹ ਤੇ ਉਹਦਾ ਪਤੀ ਸਦਰ ਵੀ ਸਾਨੀਪੁਰ ਹੀ ਰਹਿੰਦੇ ਸਨ।
“ਸਾਡੀਆਂ ਚਾਰ ਪੀੜ੍ਹੀਆਂ ਨੇ ਮਾਲ ਚਾਰਿਆ…।” ਬਾਬਾ ਖੈਰਦੀਨ ਨੇ ਆਪਣੀ ਕਹਾਣੀ ਛੋਹ ਲਈ।
“ਮੈਂ ਸੰਤਾਲੀ ਤੋਂ ਪਹਿਲਾਂ ਮਾਲ ਚਾਰਨਾ ਸ਼ੁਰੂ ਕਰ ਦਿੱਤਾ। ਬਾਅਦ ’ਚ ਵੀ ਕਈ ਵਰ੍ਹੇ ਚਾਰਿਆ। ਜ਼ਿਮੀਂਦਾਰ ਸੱਥ ਵਿਚ ਸਾਨੂੰ ਮਾਲ ਸੰਭਾਲ ਜਾਂਦੇ ਸਨ। ਸਾਡੇ ਹਿਲੇ ਪਏ ਤੇ ਉਹੋ। ਜੇ ਅਸੀਂ ਹੂੰਗਰਾ ਮਾਰਦੇ ਤਾਂ ਤੁਰਦੇ। ਇਹਦੇ ਦਾਣੇ ਛੇ ਮਹੀਨੇ ਮਗਰੋਂ ਮਿਲਦੇ। ਦੋ ਧੜੀਆਂ ਮੈਸ ਦੀਆਂ, ਇਕ ਧੜੀ ਗੈਂ ਦੀ। ਜਿਹੜੇ ਜ਼ਿਮੀਂਦਾਰ ਤੇ, ਉਹ ਇਕ ਬੰਦ ਟਾਂਡਿਆਂ ਦਾ ਵੀ ਦਿੰਦੇ ਤੇ; ਕੁੱਕੜੀਆਂ ਸਣੇ। ਇਕ ਭਰੀ ਕਣਕ ਦੀ ਵੀ ਦਿੰਦੇ ਤੇ। ਤੂੜੀ ਦਿੰਦੇ ਤੇ; ਇਕ ਪੰਡ। ਉਨ੍ਹਾਂ ਦੇ ਖੇਤਾਂ ’ਚੋਂ ਅਸੀਂ ਕੱਖ ਲਿਆਉਣੇ, ਹਰਾ-ਚਰ੍ਹੀ ਲਿਆਉਣੀ, ਮੇਥੇ ਲਿਆਉਣੇ। ਉਦੋਂ ਬਰਸੀਮ ਹੁੰਦਾ ਨਈਂ ਤਾ। ਸਾਡੇ ਕੋਲ ਪੰਜ ਸੌ ਡੰਗਰ ਹੋ ਜਾਂਦਾ ਤਾ। ਅਸੀਂ ਚਾਰ ਭਾਈ ਤੇ, ਪਰ ਮਾਲ ਤਾਂ ਮੈਂ ’ਕੱਲਾ ਈ ਚਾਰੀ ਜਾਂਦਾ ਤਾ। ਜਦੋਂ ਇੰਨੀਆਂ ਕਿਤੇ ਜ਼ੀਰੀਆਂ ਥੋੜੋ ਹੁੰਦੀਆਂ ਤੀਆਂ! ਬਾਰ੍ਹਾਂ ਸੌ ਵਿੱਘੇ ਸ਼ਾਮਲਾਤ ਪਈ ਤੀ। ਉਹਦੇ ਵਿਚ ਟੋਭਾ ਤਾ। ਉਹ ਪੱਟ ਦਿੰਦੇ ਤੇ। ਸੁੱਕਦਾ ਨਈਂ ਤਾ। ਮੈਂਸਾ ਨੂੰ ਘੇਰ ਲੈਣਾ, ਗੈਆਂ ਨੂੰ ਪਾਣੀ ਪਿਲਾ ਦੇਣਾ। ਫਿਰ ਮੈਸਾਂ ਨਹਾ ਦੇਣੀਆਂ। ਬਾਅਦ ’ਚ ਮੁਰੱਬੇਬੰਦੀ ਹੋਗੀ। ਹੌਲੀ-ਹੌਲੀ ਜ਼ਮੀਨਾਂ ਵਗਣ ਲੱਗ ਪਈਆਂ ਤੀ। ਮਾਲ ਛੁੱਟਦਾ ਗਿਆ। ਅਸੀਂ ਵੀ ਜ਼ਮੀਨ ਮੁੱਲ ਲੈਲੀ ਤੀ। ਊਂਟ ਲੈ ਲਿਆ ਤੇ ਖੇਤੀ ਕਰਨ ਲੱਗ ਪਏ ਤੇ।
ਸਾਨੀਪੁਰੋਂ ਕੋਈ ਨਹੀਂ ਗਿਆ ਤਾ ਪਾਕਿਸਤਾਨ। ਬਹੁਤੇ ਮਾਰ ਤੇ, ਬਾਕੀ ਇੱਥੇ ਰਹਿ ਗਏ ਤੇ। ਉਰ੍ਹੇ ਚਾਰ ਬੁੜ੍ਹੇ ਤੇ ਪੇਂਜਿਆਂ ਦੇ। ਉਨ੍ਹਾਂ ਚਾਰਾਂ ਦੀ ਔਲਾਦ ਤੀ। ਬੜਾ ਰੁਲੀਆ ਤਾ, ਛੋਟਾ ਬੀਰੂ ਤਾ, ਉਤ੍ਵੋਂ ਛੋਟਾ ਉਮਰਾਤਾ। ਉਹਦੇ ਮੁੰਡਿਆਂ ਦੇ ਨਾਂ ਤੇ ਛੱਜੂ, ਬਦਰੂ ਤੇ ਫਤਿਹਦੀਨ। ਚੌਥੇ ਦਾ ਇਕ ਮੁੰਡਾ ਬਾਬੂ ਤਾ। ਪੰਜਵੇਂ ਦੇ ਕੁਤਬਾ, ਖੈਰੂ, ਸਾਹਬੂ, ਰੌਣਕੀ ਤੇ ਫ਼ਜ਼ਲਾ ਤੇ। ਫ਼ਕੀਰਾਂ ਦਾ ਬੁੜ੍ਹਾ ਰਹਿਮਤ ਤਾ। ਇਕ ਸ਼ਬਰਾਤੀ ਤਾ, ਦੂਆ ਜਗਰਾਤੀ ਤਾ। ਮੀਰ ਆਲਮਾ ਦਾ ਵੀ ਇਕ ਘਰ ਤਾ। ਬਾਪ ਦਾ ਨਾਂ ਬਖ਼ਸ਼ੀ ਤਾ। ਤਿੰਨ ਮੁੰਡੇ ਜਿਹੜੇ ਬਚੇ ਤੇ; ਬੜੇ ਦਾ ਨਾਂ ਰੌਣਕੀ, ਛੋਟੇ ਦਾ ਬਸ਼ੀਰ ਤੇ ਉਤ੍ਵੋਂ ਛੋਟੇ ਦਾ ਨਾਂ ਨਜ਼ੀਰ ਤਾ। ਉਰ੍ਹੇ ਪਖੀਰਾਂ ਦੇ ਵੀ ਘਰ ਹੁੰਦੇ ਤੇ।
ਮੇਰੀ ਮਾਂ ਦਾ ਨਾਂ ਸੋਂਧੀ ਤਾ। ਉਹ ਕੁਰਾਨ ਪੜ੍ਹੀ ਹੋਈ ਤੀ। ਉਹ ਪੰਜੋਲੀ ਜਾ ਕੇ ਆਪਣੇ ਬਾਪ ਨੂੰ ਕਹਿੰਦੀ-ਬਈ ਪਾਕਿਸਤਾਨ ਬਣ ਗਿਆ। ਚਲੋ ਤੁਰ ਚੱਲੀਏ। ਨਾਨਾ ਕਹਿੰਦਾ-ਮੈਂ ਨਵਾਂ ਖੂਹ ਲਾਇਆ। ਮੈਂ ਤਾਂ ਹਾਲੇ ਇਹਦਾ ਵਿਆਹ ਕਰਨਾ। ਤੁਸੀਂ ਤਾਂ ਪਾਲੀ-ਬਲੇਦੀ ਓ। ਲੋਕਾਂ ਦਾ ਮਾਲ ਈ ਚਾਰਨਾ, ਓਧਰ ਜਾ ਕੇ ਵੀ ਮਾਲ ਸਾਂਭ ਲਓਗੇ। ਮੈਂ ਜ਼ਮੀਨ ਕਿਵੇਂ ਚੁੱਕ ਕੇ ਲੈਜਾਂ?
ਉਹ ਮੇਰੇ ਸਾਹਮਣੇ ਆਪਣੇ ਬਾਪ ਗੈਲ ਲੜ ਪਈ। ਕਹਿੰਦੀ ਕਿ ਮੈਂ ਪਾਲੀਆਂ-ਬਲੇਦੀਆਂ ਦੇ ਨਿਕਲ ਕੇ ਗਈ ਆਂ। ਵਿਆਹੀ ਬਈ ਗਈ ਆਂ। ਤੇਰੇ ਮੈਂ ਮਣ ਮੱਕੀ ਨੂੰ ਆਈਂ ਆ ਕਦੇ? ਉਹ ਪਿੰਡ ਮੁੜ ਆਈ। ਕਿੱਕਰ ਕੋਲ ਆ ਕੇ ਬਹੁਤ ਰੋਈ। ਕਹਿੰਦੀ ਮੇਰੇ ਬਾਪ ਨੇ ਮੈਨੂੰ ਏਂਕਣ ਕਾਤ੍ਵੋਂ ਕਿਹਾ।
ਫਿਰ ਹੱਲੇ ਪੈਣ ਲੱਗ ਪਏ। ਲਲੌੜੀ ਉੱਜੜ ਗਈ ਤੀ ਓਦਣ। ਅਫ਼ਵਾਹ ਤੀ ਸਾਡੇ ਪੁਰ ਵੀ ਹਮਲਾ ਹੋਣਾ। ਮੇਰੀ ਮਾਂ ਤੇ ਭੈਣ ਨੇ ਅੱਖਾਂ ਬੰਨ੍ਹ ਕੇ ਖੂਹ ਵਿਚ ਛਾਲ ਮਾਰ ਦਿੱਤੀ ਤੀ। ਭੈਣ ਮੈਥੋਂ ਬੜੀ ਤੀ। ਉਹਦਾ ਨਾਂ ਖੈਰਾ ਤਾ। ਉਹ ਵਿਆਹੀ ਬਈ ਤੀ, ਪਰ ਤੋਰੀ ਨਈਂ ਤੀ। ਫਿਰ ਖੂਹ ’ਚੋਂ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਕੱਢੀਆਂ ਨੇ ਨਾ, ਅੱਖਾਂ ਬੰਨ੍ਹੀਆਂ ਬਈਆਂ ਤੀ ਔਰ ਲੱਕ ਦੁਆਲੇ ਝੋਨਾ ਬੰਨ੍ਹਿਆ ਹੋਇਆ ਤਾ। ਓਧਰ ਮੇਰਾ ਨਾਨਾ ਤੇ ਮਾਮਾ ਮੁਣਸ਼ੀ ਵੀ ਪੰਜੋਲੀ ’ਚ ਮਾਰੇ ਗਏ ਤੇ।
ਫਿਰ ਉਹਦੇ ਬਾਅਦ ਨੌਵੇਂ ਦਿਨ ਹੱਲਾ ਪਿਆ ਉਰ੍ਹੇ। ਅਸੀਂ ਮਾਲ ਚਾਰਦੇ ਤੇ। ਗੋਲੀ ਚੱਲ ਗੀ। ਬੂਆ ਮੇਰੇ ਛੋਟੇ ਭਾਈਆਂ ਨੂੰ ਚੁੱਕ ਕੇ ਵੀਹੀ ਪੈ ਗੀ। ਗਾਹਾਂ ਸੀਤਲ ਜੱਟ ਨੇ ਲਲਕਾਰਾ ਮਾਰਤਾ। ਕਹਿੰਦਾ-ਗੁੱਜਰਾਂ ਦੇ ਘਰ ਨੂੰ ਨਾ ਛੇੜਿਓ ਬਈ ਕੋਈ। ਸਾਡੇ ਘਰ ਪੁਰ ਪਹਿਰੇਦਾਰ ਖੜ੍ਹਾਤਾ। ਇਕ ਹੋਰ ਲੰਘ ਗਿਆ ਵੀਹੀ ’ਚੋਂ ਹਾਕਾਂ ਮਾਰਦਾਂ। ਕਹਿੰਦਾ-ਜੀਹਦੇ ਘਰ ਮੁਸਲਮਾਨ ਹੋਊਗਾ, ਮੈਂ ਅੱਗ ਲਾਦੂੰਗਾ। ਇੰਨੇ ਨੂੰ ਅਸੀਂ ਆਗੇ ਮਾਲ ਲੈ ਕੇ। ਸਾਡੇ ਕੋਲ ਇਕ ਬੰਦਾ ਆਇਆ। ਤਲਵਾਰ ਉਹਦੀ ਨੰਗੀ ਤੀ। ਲਹੂ ਨਾਲ ਲਿੱਬੜੀ ਪਈ ਤੀ। ਕੱਪੜਿਆਂ ਪਰ ਛਿੱਟੇ ਪਏ ਹੋਏ ਥੇ, ਲਹੂ ਦੇ। ਉਹ ਮੇਰੇ ਅੱਬਾ ਨੂੰ ਕਹਿੰਦਾ-ਕੰਗਣ ਉਰ੍ਹੇ ਕੋਈ ਪੀਂਜਾ ਫਕੀਰ ਨਾ ਬਾੜਿਓ। ਇਹ ਆਖ ਉਹ ਵਗ ਗਿਆ। ਦੋ ਹੋਰ ਆ ਗਏ। ਉਨ੍ਹਾਂ ਕੋਲ ਬਰਛੇ ਤੇ। ਇਕ ਅਰਜਨ ਤਾ, ਇਕ ਸਰਵਣ ਤਾ। ਕਹਿਣ ਲੱਗੇ-ਕਈ ਲੋਕ ਦਾਰੂ ਪੀ ਕੇ ਫਿਰਦੇ ਨੇ। ਕਿਤੇ ਉਰ੍ਹੇ ਸ਼ਿਕਾਰ ਨਾ ਖੇਡ ਜਾਣ। ਉਨ੍ਹਾਂ ਨੇ ਕੱਢ ਕੇ ਸਾਨੂੰ ਇੱਥੇ ਲਵੇ ਈ ਤੇਜੋ ਬੁੜ੍ਹੀ ਦੇ ਘਰ ਬਿਠਾਲ ਤਾ। ਓਸ ਬੁੜ੍ਹੀ ਨੇ ਸਾਨੂੰ ਘੀ-ਸ਼ੱਕਰ ਨਾਲ ਰੋਟੀ ਖਲਾਈ।
ਪੰਦਰਾ ਹੋਰ ਆਗੇ। ਬੂਆ ਨੂੰ ਕਹਿਣ ਲੱਗੇ-ਤੇਰੇ ਭਾਈ ਨੂੰ ਹੁਣ ਮਾਰ ਦਿੰਦੇ ਆਂ, ਦੇਹ ਜਿਹੜਾ ਕੁਸ਼ ਹੈ ਤੇਰੇ ਕੋਲ। ਉਨ੍ਹਾਂ ਪੈਸੇ ਵੀ ਲੈ ਲੇ, ਟੂਮਾਂ ਵੀ ਲੈ ਲੀਆਂ। ਬੁੜ੍ਹੀ ਤੇਜੋ ਫਿਰ ਐਂ ਵੱਗ ਗੀ ਬੀਹੀ ਨੂੰ। ਉਹਨੇ ਕਈਆਂ ਦਾ ਮਿੰਨਤ-ਤਰਲਾ ਕੀਤਾ ਕਿ ਗੁੱਜਰ ਬਚਾ ਲੋ। ਕਿਸੇ ਨੰਨ੍ਹਾ ਨਾ ਭਰਿਆ। ਇੱਥੇ ਨਿੰਮ ਖੜ੍ਹੀ ਸੀ, ਬੀਹੀ ਦੇ ਮੂਹਰੇ। ਉੱਥੇ ਉਹਦਾ ਸਹੁਰਾ ਬੈਠਾ ਥਾ, ਪੰਜਾਬ ਸੂੰ। ਉਹ ਕਹਿੰਦੀ-ਬਾਪੂ ਜੀ, ਬੰਦੇ ਗੁੱਜਰਾਂ ਨੂੰ ਲੁੱਟਦੇ ਪਏ ਨੇ। ਉਹ ਆ ਕੇ ਕਹਿੰਦਾ-ਓਏ ਗੂੰਹ ਖਾ ਲਓ ਗੂੰਹ! ਤੁਹਾਡੀਆਂ ਮ੍ਹੈਂਸਾਂ ਸੁਆ-ਸੁਆ ਕੇ, ਗਾਈਆਂ ਸੁਆਂ-ਸੁਆਂ ਕੇ ਤੁਹਾਡੇ ਘਰ ਛੱਡਦੇ ਨੇ। ਓਏ ਤੁਸੀਂ ਪੇਂਜੇ ਮਾਰੇ ਨੇ, ਤੁਹਾਡਾ ਉਹ ਕੀ ਖਾਂਦੇ ਥੇ? ਉਸ ’ਕੱਲੇ ਬੰਦੇ ਨੇ ਪੰਦਰਾਂ ਈ ਭਜਾਤੇ। ਨਾਲੇ ਤਿੰਨ ਰਫ਼ਲਾਂ ਤੀ, ਉਨ੍ਹਾਂ ਕੋਲ। ਉਹਨੇ ਮੇਰੀ ਬੂਆ ਨੂੰ ਗੋਦੀ ’ਚ ਲੈ ਲਿਆ। ਕਹਿੰਦਾ-ਭਾਣਜੀ, ਤੂੰ ਧਰ-ਧਰ ਭੁੱਲੇਂਗੀ। ਫ਼ਿਕਰ ਨਾ ਕਰ। ਫਿਰ ਉਹ ਤੇਜੋ ਨੂੰ ਕਹਿੰਦਾ-ਇਨ੍ਹਾਂ ਨੂੰ ਦੁੱਧ ਪਿਲਾ। ਮੇਰੀ ਬੂਆ ਪੀਵੇ ਨਾ। ਕਹਿੰਦੀ ਤੁਹਾਡਾ ਫੁੱਫੜ ਮਾਰਤਾ ਹੋਣਾ।
ਅੱਧੀ ਰਾਤੇ ਕੇਸਰ ਮਿਸਤਰੀ ਆ ਗਿਆ। ਕਹਿੰਦਾ-ਬੀਬੀ ਸਲਾਮ, ਦੱਸ ਕੋਈ ਜੀਅ ਤੇ ਨਹੀਂ ਮਾਰਿਆ? ਉਹ ਕਹਿੰਦੀ-ਨਈਂ, ਪਰ ਲੁੱਟ ਕੇ ਲੈ ਗੇ। ਛੱਡਿਆ ਨਹੀਂ ਸਾਡੇ ਕੋਲ ਕੁਸ਼ ਵੀ। ਉਹ ਕਹਿੰਦਾ-ਰੱਬ ਬਥੇਰਾ ਕੁਸ਼ ਦਊਗਾ। ਸਦਰ ਸਾਡੇ ਚੁਬਾਰੇ ’ਚ ਆ। ਕਿਸੇ ਕੋਲ ਗੱਲ ਨਾ ਕਰੀਂ। ਅਸੀਂ ਮਰੇ-ਮਰਾਏ ਬਿਨਾਂ ਨਈਂ ਦਿੰਦੇ। ਬੂਆ ਨੂੰ ਹੌਸਲਾ ਹੋ ਗਿਆ ਕਿ ਰਾਂਝਾ ਹੈਗਾ।
ਸ਼ਾਮੀ ਇਕ ਬਦਮਾਸ਼ ਫਿਰ ਆ ਗਿਆ। ਬੂਆ ਨੂੰ ਕਹਿੰਦਾ-ਸਦਰ ਕਿੱਥੇ ਆ? ਉਹ ਫਿਰ ਕੈੜੀ ਬੋਲੀ। ਕਹਿੰਦੀ-ਜਿੱਥੇ ਫਕੀਰ ਪੇਂਜੇ, ਓਥੇ ਸਦਰ। ਜਿਹੜੇ ਖੂਹ ’ਚ ਉਹ ਸੁੱਟੇ ਨੇ ਖਿੱਚ-ਖਿੱਚ ਕੇ, ਉਨ੍ਹਾਂ ’ਚ ਈ ਆ ਓਹ ਵੀ।
ਕੁਝ ਦਿਨਾਂ ਬਾਅਦ ਰੌਲਾ ਥੰਮ ਗਿਆ। ਮੁੜ ਨਹੀਂ ਕਿਹਾ ਕਿਸੇ ਕੁਸ਼।
ਮੈਂ ਹੱਲਿਆਂ ਤੋਂ ਪਹਿਲਾਂ ਕੁੰਭ ਪਿੰਡ ’ਚ ਵਿਆਹਿਆ ਹੋਇਆ ਤਾ। ਮੇਰੀ ਵਹੁਟੀ ਦਾ ਨਾਂ ਹੱਸੀ ਤਾ। ਮੁਕਲਾਵਾ ਨਈਂ ਆਇਆ ਤਾ। ਉਂਜ ਅਸੀਂ ਛਟੀਆਂ ਵੀ ਖੇਲੀਆਂ ਤੀ। ਮੇਰੇ ਸਹੁਰੇ ਦਾ ਨਾਂ ਫਖੀਰੀਆ ਤਾ। ਸੰਤਾਲੀ ’ਚ ਉਹ ਓਧਰ ਵਗਗੇ ਤੇ। ਦੁਬਾਰੇ ਮੇਰਾ ਫੇਰ ਨਿਕਾਹ ਹੋਇਆ। ਸਹੌਲੀ ਪਿੰਡ ਮਾ। ਤਿੰਨ ਸਾਲਾਂ ਮਗਰੋਂ, ਉਹ ਵੀ ਪਾਕਿਸਤਾਨ ਵਗਗੇ ਤੇ।
ਉਰ੍ਹੇ ਇਕ ਬੰਦਾ ਲਹੌਰ ਤੋਂ ਆਇਆ ਹੋਇਆ ਤਾ। ਉਹ ਬੌਣੇ ਜੁਲਾਹਿਆਂ ਦੇ ਵਿਆਹਿਆ ਹੋਇਆ ਤਾ। ਉਹਦਾ ਨਾਓਂ ਬਿਸ਼ਨ ਸੂੰ ਤਾ। ਉਹਦੇ ਘਰ ਵਾਲੀ ਚੰਦ ਕੌਰ ਤੀ। ਉਹਨੂੰ ਮੈਂ ਭੂਆ ਕਹਿੰਦਾ ਤਾ। ਉਹ ਪੜ੍ਹਿਆ-ਲਿਖਿਆ ਤਾ। ਉਹਦਾ ਮੁੰਡਾ ਜੱਜ ਤਾ। ਉਹਨੇ ਮੈਨੂੰ ਬੁਲਾ ਲਿਆ। ਕਹਿੰਦਾ-ਬੱਕਰੀਆਂ ਗੈਲ ਨਾ ਮੁੰਡਿਆਂ ਨੂੰ ਹੱਕ ਲਿਓ। ਇਨ੍ਹਾਂ ਨੂੰ ਪੜ੍ਹਾਇਓ। ਮੈਂ ਉਹਦਾ ਆਖਾ ਮੰਨ ਲਿਆ। ਮੇਰੇ ਦੋਵੇਂ ਮੁੰਡੇ ਪੜ੍ਹ ਗਏ।
ਫਿਰ ਪੱਚੀ ਸਾਲਾਂ ਬਾਅਦ ਮੈਂ ਪਾਕਿਸਤਾਨ ਗਿਆ। ਖੈਰਾ ਭੈਣ ਦੇ ਪਤੀ ਨੂੰ ਵੀ ਮਿਲ ਕੇ ਆਇਆ। ਉਹ ਧਾਰੋਕੀ ਬੈਠਾਤਾ। ਹੁਣ ਮਰ ਲਿਆ। ਮੇਰੀ ਪਹਿਲੀ ਪਤਨੀ ਵੀ ਓਧਰ ਵਗਗੀ ਤੀ। ਮੁੰਡੇ ਵਿਆਹ ਲਏ ਤੇ ਉਹਨੇ ਵੀ। ਉਹਦੇ ਸਹੁਰੇ ਬਹਾਵਲਪੁਰ ਨੇੜੇ ’ਚ ਬੈਠੇ ਤੇ। ਉਹ ਮੇਰੀ ਮਾਸੀ ਦੇ ਰਿਸ਼ਤੇਦਾਰਾਂ ਗੈਲ ਵਿਆਹੀ ਹੋਈ ਤੀ। ਉਹ ਮੇਰੀ ਮਾਸੀ ਦੀ ਕੁੜੀ ਨੂੰ ਕਹਿੰਦੀ ਹੁੰਦੀ ਤੀ-ਸਾਨੀਪੁਰੀਆਂ ਨੇ ਟੂੰਮਾਂ ਦਾ ਛੱਜ ਪਾਇਆ ਤਾ।
ਮੈਂ ਮਿਲਿਆ ਤਾ ਉਹ ਉਦਾਸ ਹੋ ਗਈ ਤੀ। ਮੈਂ ਕਿਹਾ-ਮੇਰੇ ਕਿਹੜਾ ਵੱਸ ਤਾ? ਮੈਂ ਦੱਸ ਤਾ ਥਾ ਉਹਨੂੰ ਕਿ ਮੇਰੇ ਚਾਰ ਕੁੜੀਆਂ ਤੇ ਦੋ ਮੁੰਡੇ ਨੇ। ਮੈਂ ਉਹਨੂੰ ਇਹ ਵੀ ਦੱਸਿਆ ਤਾ ਕਿ ਮੇਰੇ ਦੋਵੇਂ ਮੁੰਡੇ ਸਰਕਾਰੀ ਨੌਕਰ ਲੱਗ ਗਏ ਨੇ। ਮੈਂ ਉਹਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ ਤੀ। ਪੂਰੀ ਕਹਾਣੀ ਸੁਣ ਕੇ ਪਤਾ ਉਹ ਕੀ ਕਹਿੰਦੀ- ਬਾਬੇ ਪੰਜਾਬ ਸੂੰ ਮੇਰਾ ਸਲਾਮ ਆਖੀਂ।
ਮੈਂ ਹੱਸ ਕੇ ਕਿਹਾ-ਹੁਣੇ ਕਹਿ ਦਿੰਦੇ ਆਂ।
ਉਹ ਹੈਰਾਨ ਹੋ ਕੇ ਪੁੱਛਣ ਲੱਗੀ-ਉਹ ਕਿਵੇਂ?
ਮੈਂ ਕਿਹਾ-ਉਹ ਚੰਗਾ ਬੰਦਾ ਦੁਨੀਆਂ ਤੋਂ ਬੇਸ਼ੱਕ ਤੁਰ ਗਿਆ, ਪਰ ਮੈਂ ਇੱਥੇ ਸੰਭਾਲਿਆ ਹੋਇਆ। ਮੈਂ ਦਿਲ ’ਤੇ ਹੱਥ ਰੱਖ ਕੇ ਆਖਿਆ-ਬੀਬੀ ਹੱਸੀ ਦਾ ਸਲਾਮ ਕਬੂਲ ਕਰੋ ਬਾਬਾ ਪੰਜਾਬ ਸਿੰਘ ਜੀ। ਕੀ ਦੱਸਾਂ ਪੁੱਤਰਾ ਮੇਰੀ ਗੱਲ ਸੁਣਦਿਆਂ ਹੱਸੀ ਭੁੱਬੀਂ ਰੋ ਪਈ ਤੀ।”
ਗੱਲ ਮੁਕਾ ਕੇ ਬਾਬਾ ਖੈਰਦੀਨ ਵੀ ਰੋ ਪਿਆ।
ਸੰਪਰਕ: 97818-43444