ਗੁਰਮੀਤ ਸਿੰਘ*
ਅੱਜ ਬਰਫ਼ਾਨੀ ਚੀਤਾ ਅਲੋਪ ਹੋਣ ਦੇ ਕੰਢੇ ’ਤੇ ਹੈ। ਇਸਨੂੰ ਅੰਗਰੇਜ਼ੀ ਵਿਚ ‘Snow Leopard’ ਅਤੇ ਹਿੰਦੀ ਵਿਚ ਹਿਮ ਤੇਂਦੁਆ ਕਹਿੰਦੇ ਹਨ। ਇਸ ਨੂੰ ਬਰਫ਼ੀਲੇ ‘ਪਹਾੜਾਂ ਦਾ ਭੂਤ’ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਪਹਾੜਾਂ ਵਿਚ ਦੂਰ ਦੁਰਾਡੇ ਵਸਦੇ ਲੋਕਾਂ ਦੇ ਜਾਨਵਰ ਚੁੱਪ ਚੁਪੀਤੇ ਚੁੱਕ ਕੇ ਲੈ ਜਾਂਦਾ ਹੈ। ਇਹ ਸਾਡੇ ਦੇਸ਼ ਵਿਚ ਲੱਦਾਖ, ਜੰਮੂ- ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੂਰਬੀ ਹਿਮਾਲਿਆ ਵਿਚ ਪਾਇਆ ਜਾਂਦਾ ਹੈ। ਬਾਕੀ ਦੇਸ਼ਾਂ ਵਿਚ ਇਹ ਭੂਟਾਨ, ਨੇਪਾਲ, ਪਾਕਿਸਤਾਨ, ਮੰਗੋਲੀਆ ਅਤੇ ਚੀਨ ਵਿਚ ਪਾਇਆ ਜਾਂਦਾ ਹੈ।
ਬਰਫ਼ਾਨੀ ਚੀਤੇ ਨੂੰ ਦਰਮਿਆਨੇ ਆਕਾਰ ਦੀ ਬਿੱਲੀ ਮੰਨਿਆ ਜਾਂਦਾ ਹੈ। ਇਸਦਾ ਭਾਰ ਲਗਭਗ 30-55 ਕਿਲੋਗ੍ਰਾਮ ਹੁੰਦਾ ਹੈ। ਇਨ੍ਹਾਂ ਦੀ ਖੱਲ ਸਫ਼ੈਦ ਮਟਿਆਲੀ ਹੁੰਦੀ ਹੈ ਜਿਸ ਵਿਚ ਕਾਲੇ ਧੱਬਿਆਂ ਦੇ ਨਿਸ਼ਾਨ ਦਿਖਾਈ ਦਿੰਦੇ ਹਨ ਜੋ ਪਹਾੜੀ ਖੇਤਰ ਵਿਚ ਛੁਪਣ ਲਈ ਸਹਾਈ ਹੁੰਦੇ ਹਨ। ਬਰਫ਼ਾਨੀ ਚੀਤੇ ਦੀ ਦੂਜੇ ਚੀਤਿਆਂ ਦੀ ਤਰ੍ਹਾਂ ਦਹਾੜ (ਗਰਜ) ਨਹੀਂ ਹੁੰਦੀ। ਇਸ ਦੀਆਂ ਲੱਤਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਇਹ ਲੰਬੀ ਛਾਲ ਲਾਉਣ ਵਿਚ ਮਾਹਿਰ ਹੁੰਦੇ ਹਨ। ਇਹ 50 ਫੁੱਟ ਤਕ ਲੰਬੀ ਛਾਲ ਲਗਾ ਸਕਦੇ ਹਨ। ਇਹ ਆਪਣੀ ਲੰਬੀ ਪੂਛ ਨੂੰ ਸੰਤੁਲਨ ਲਈ ਅਤੇ ਕੰਬਲ ਦੇ ਰੂਪ ਵਿਚ ਵਰਤਦੇ ਹਨ।
ਦੂਸਰੇ ਚੀਤਿਆਂ ਦੀ ਤਰ੍ਹਾਂ ਬਰਫ਼ਾਨੀ ਚੀਤਾ ਆਪਣੇ ਖੇਤਰ ਦੀ ਹੱਦ ’ਤੇ ਆਪਣਾ ਹੱਕ ਦਰਸਾਉਣ ਲਈ ਥਾਂ-ਥਾਂ ’ਤੇ ਆਪਣੇ ਸਰੀਰ ਵਿਚੋਂ ਕੁਝ ਖ਼ੁਸ਼ਬੂ ਦੀਆਂ ਨਿਸ਼ਾਨੀਆਂ ਛੱਡਦਾ ਜਾਂਦਾ ਹੈ। ਇਹ ਆਮ ਤੌਰ ’ਤੇ ਪਿਸ਼ਾਬ ਜਾਂ ਖ਼ੁਸ਼ਬੂ ਖਿਲਾਰਨ ਤੋਂ ਪਹਿਲਾਂ ਜ਼ਮੀਨ ਨੂੰ ਪਿਛਲੇ ਪੈਰਾਂ ਨਾਲ ਖੁਰਚਦਾ ਹੈ। ਇਹ ਇਸ ਤਰ੍ਹਾਂ ਪਹਾੜੀਆਂ ਦੀਆਂ ਚੱਟਾਨਾਂ ’ਤੇ ਬਣੇ ਟੁਕੜਿਆਂ ’ਤੇ ਵੀ ਪਿਸ਼ਾਬ ਦਾ ਛਿੜਕਾਅ ਕਰਦੇ ਹਨ। ਇਹ ਆਪਣੇ ਆਪ ਨੂੰ ਆਪਣੇ ਸ਼ਿਕਾਰ ਤੋਂ ਛੁਪਾਉਣ ਲਈ ਸ਼ਿਕਾਰ ਨੂੰ ਉੱਪਰੋਂ ਘੇਰਨਾ ਪਸੰਦ ਕਰਦੇ ਹਨ। ਉਹ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਉਨ੍ਹਾਂ ’ਤੇ ਪਹਾੜੀ ਤੋਂ ਛਾਲ ਮਾਰ ਦਿੰਦੇ ਹਨ ਅਤੇ ਆਪਣੇ ਸ਼ਿਕਾਰ ਨੂੰ ਉਸਦੀ ਧੌਣ ਤੋਂ ਫੜਕੇ ਚੱਕ ਮਾਰਦੇ ਹਨ। ਇਨ੍ਹਾਂ ਦਾ ਮਨੁੱਖ ਨਾਲ ਟਕਰਾਅ ਉਸ ਵੇਲੇ ਵਧਦਾ ਹੈ ਜਦੋਂ ਇਹ ਉਨ੍ਹਾਂ ਦੇ ਪਾਲਤੂ ਪਸ਼ੂਆਂ ਭੇਡਾਂ, ਬੱਕਰੀਆਂ ਜਾਂ ਘਰੇਲੂ ਪਸ਼ੂਆਂ ਦਾ ਸ਼ਿਕਾਰ ਕਰਦੇ ਹਨ।
ਬਰਫ਼ਾਨੀ ਚੀਤੇ ਦੋ ਤੋਂ ਤਿੰਨ ਸਾਲਾਂ ਵਿਚ ਜਿਨਸੀ ਰੂਪ ਵਿਚ ਪਰਿਪੱਕ ਹੋ ਜਾਂਦੇ ਹਨ ਅਤੇ ਇਹ ਆਮ ਤੌਰ ’ਤੇ 15-18 ਸਾਲ ਤਕ ਜਿਉਂਦੇ ਹਨ। ਮਾਦਾ ਦੀ ਗਰਭ ਅਵਸਥਾ 90-100 ਦਿਨਾਂ ਦੀ ਹੁੰਦੀ ਹੈ। ਬੱਚੇ ਅਪਰੈਲ ਤੋਂ ਜੂਨ ਦੇ ਵਿਚਕਾਰ ਪੈਦਾ ਹੁੰਦੇ ਹਨ। ਮਾਦਾ ਬੱਚਿਆਂ ਨੂੰ ਕਿਸੇ ਚੱਟਾਨ ਜਾਂ ਕਿਸੇ ਪੱਥਰ ਦੀ ਵਿਰਲ ਵਿਚ ਨਿੱਘੀ ਥਾਂ ’ਤੇ ਜਨਮ ਦਿੰਦੀ ਹੈ। ਜਨਮ ਵੇਲੇ ਬੱਚੇ ਅੰਨ੍ਹੇ ਹੁੰਦੇ ਹਨ ਅਤੇ ਉਨ੍ਹਾਂ ਦੇ ਸਰੀਰ ’ਤੇ ਵਾਲਾਂ ਦੀ ਸੰਘਣੀ ਜੱਤ ਹੁੰਦੀ ਹੈ। ਉਨ੍ਹਾਂ ਦੀਆਂ ਅੱਖਾਂ ਲਗਭਗ ਸੱਤ ਦਿਨਾਂ ਵਿਚ ਖੁੱਲ੍ਹਦੀਆਂ ਹਨ ਅਤੇ ਉਹ ਪੰਜ ਹਫ਼ਤਿਆਂ ਬਾਅਦ ਚੱਲ ਸਕਦੇ ਹਨ ਅਤੇ 10 ਹਫ਼ਤਿਆਂ ਵਿਚ ਪੂਰੀ ਤਰ੍ਹਾਂ ਹੁਸ਼ਿਆਰ ਹੋ ਜਾਂਦੇ ਹਨ। ਬੱਚੇ ਦੋ ਤੋਂ ਤਿੰਨ ਮਹੀਨੇ ਦੇ ਹੋਣ ’ਤੇ ਆਪਣੇ ਘੁਰਨੇ ਛੱਡ ਦਿੰਦੇ ਹਨ, ਪਰ ਆਪਣੀ ਮਾਂ ਨਾਲ ਉਦੋਂ ਤਕ ਰਹਿੰਦੇ ਹਨ ਜਦੋਂ ਤਕ ਉਹ 18-22 ਮਹੀਨਿਆਂ ਦੇ ਨਹੀਂ ਹੋ ਜਾਂਦੇ ਅਤੇ ਬਾਅਦ ਵਿਚ ਉਹ ਸੁਤੰਤਰ ਹੋ ਕੇ ਵਿਚਰਦੇ ਹਨ।
ਇਨ੍ਹਾਂ ਦੀ ਆਬਾਦੀ ਨੂੰ ਸਭ ਤੋਂ ਵੱਡਾ ਖ਼ਤਰਾ ਉਨ੍ਹਾਂ ਦੀ ਖੱਲ ਅਤੇ ਸਰੀਰ ਦੇ ਅੰਗਾਂ ਦਾ ਗ਼ੈਰ ਕਾਨੂੰਨੀ ਵਪਾਰ ਹੈ। ਇਸਨੂੰ ਆਈ.ਯੂ.ਸੀ.ਐੱਨ. ਨੇ ਆਪਣੀ ਰੈੱਡ ਲਿਸਟ ਵਿਚ ਖ਼ਤਰੇ ਦੇ ਨਿਸ਼ਾਨ ਹੇਠਾਂ ਰੱਖਿਆ ਹੋਇਆ ਹੈ। ਭਾਰਤ ਸਰਕਾਰ ਨੇ ਵੀ ਇਸਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ਸੂਚੀ-ਇਕ ਵਿਚ ਰੱਖ ਕੇ ਮੁਕੰਮਲ ਸੁਰੱਖਿਆ ਦਿੱਤੀ ਹੈ। ਫਿਰ ਵੀ ਇਸ ਦੇ ਬਚਾਅ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਦੀ ਵਧੇਰੇ ਲੋੜ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910