ਡਾ. ਸਾਹਿਬ ਸਿੰਘ
ਚਾਰੇ ਪਾਸੇ ਬਿਮਾਰੀ, ਮੌਤ ਤੇ ਲਾਚਾਰੀ ਫੈਲੀ ਹੋਈ ਹੈ। ਅਸੀਂ ਸਭ ਮਹਿਸੂਸ ਕਰ ਰਹੇ ਹਾਂ। ਸਾਡੇ ਤਕ ਖ਼ਬਰਾਂ ਪਹੁੰਚਦੀਆਂ ਹਨ ਕਿ ਫਲਾਣਾ ਖਾਸ- ਮ- ਖਾਸ ਬੰਦਾ ਕਰੋਨਾ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ, ਉਹ ਕਿਸੇ ਵੱਡੇ ਹਸਪਤਾਲ ਵਿਚ ਦਾਖਲ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪਲ ਪਲ ਦੀ ਖ਼ਬਰ ਸਾਨੂੰ ਤਸੱਲੀ ਦੇ ਰਹੀ ਹੈ ਕਿ ਉਹ ਖ਼ਾਸ-ਮ-ਖ਼ਾਸ ਬੰਦਾ ਮਰੇਗਾ ਨਹੀਂ… ਅਸੀਂ ਮਰਨ ਨਹੀਂ ਦਿਆਂਗੇ.. ਸਾਡਾ ਪ੍ਰਬੰਧ ਬੜਾ ਤਾਕਤਵਰ ਹੈ। ਦਸ ਦਿਨ, ਚੌਦਾਂ ਦਿਨ ਬੀਤਦੇ ਹਨ, ਉਸ ਸ਼ਖ਼ਸ ਦਾ ਹੱਸਦਾ ਚਿਹਰਾ ਖ਼ਬਰ ਬਣਦਾ ਹੈ ਤੇ ਉਹ ਐਲਾਨ ਕਰਦਾ ਹੈ ਕਿ ਮੈਂ ਹੁਣ ਠੀਕ ਹਾਂ। ਜਨਤਾ ਨੂੰ ਨਸੀਹਤਾਂ ਦਿੰਦਾ ਹੈ, ‘ਮਾਸਕ ਪਾਓ, ਸੈਨੇਟਾਈਜ਼ਰ ਵਰਤੋ, ਦੂਰੀ ਬਣਾ ਕੇ ਰੱਖੋ, ਇਹ ਵਕਤ ਗੁਜ਼ਰ ਜਾਏਗਾ!’ ਜਿਨ੍ਹਾਂ ਦਾ ਦੋ ਵਕਤ ਦਾ ਗੁਜ਼ਾਰਾ ਵੀ ਮੁਸ਼ਕਿਲ ਹੈ, ਉਨ੍ਹਾਂ ਦਾ ਵਕਤ ਕਿਵੇਂ ਗੁਜ਼ਰ ਜਾਏਗਾ! ਜੋ ਮਰਕੇ ਵੀ ਖ਼ਬਰ ਨਹੀਂ ਬਣਦੇ…ਜਿਨ੍ਹਾਂ ਦੀ ਲੋਥ ਵੀ ਰੁਲਦੀ ਹੈ… ਜੋ ਆਕਸੀਜਨ ਦੇ ਸਿਲੰਡਰਾਂ ਲਈ ਲਾਈਨਾਂ ਲਾ ਕੇ ਖੜ੍ਹੇ ਹਨ। ਉੱਥੇ ਧੱਕਾ ਹੈ, ਸਿਲੰਡਰ ਪਹਿਲਾਂ ਲੈਣਾ ਹੈ! ਉੱਥੇ ਦੂਰੀ ਕਿਵੇਂ ਸੰਭਵ ਹੈ! ਉਸ ਕਤਾਰ ’ਚ ਖੜ੍ਹਾ ਬੰਦਾ ਆਮ ਹੈ। ਉਹ ਇਕ ਦੂਜੇ ਨੂੰ ਧੱਕੇ ਵੀ ਮਾਰਦਾ ਹੈ, ਗਾਲ੍ਹ ਵੀ ਕੱਢਦਾ ਹੈ, ਕੁੱਟਦਾ ਵੀ ਹੈ, ਮਾਰ ਵੀ ਖਾਂਦਾ ਹੈ ਕਿਉਂਕਿ ਉਹ ‘ਆਮ’ ਹੈ। ਉਹ ਖ਼ਾਸ ਭਾਸ਼ਾ, ਖ਼ਾਸ ਵਰਤ ਵਰਤਾਓ ਕਿੱਥੋਂ ਲਿਆਵੇ!
ਇਹ ਨਾਟਕੀ ਨਹੀਂ ਹੈ, ਪਰ ਇਹ ਅੱਜਕੱਲ੍ਹ ਲੱਗਦਾ ਇਵੇਂ ਹੈ ਜਿਵੇਂ ਕਿਸੇ ਬਹੁਤ ਹੀ ਸਤਹੀ ਨਾਟਕਕਾਰ ਵੱਲੋਂ ਲਿਖਿਆ ਨਾਟਕ ਦੇਖ ਰਹੇ ਹੋਈਏ ਜਿਹਦੇ ਵਿਚ ਉਸ ਨੇ ਤਣਾਅ ਤਾਂ ਸਿਰਜ ਦਿੱਤਾ ਹੈ, ਹੁਣ ਤਣਾਅ ਦੀ ਨਿਕਾਸੀ ਕਿਵੇਂ ਕਰਨੀ ਹੈ, ਉਸ ਨੂੰ ਸਮਝ ਨਹੀਂ ਆ ਰਿਹਾ। ਪਾਤਰਾਂ ਦਾ ਘੜਮੱਸ ਹੈ। ਦਰਸ਼ਕ ਧਿਆਨ ਕੇਂਦਰਤ ਕਰੇ ਤਾਂ ਕਿਸ ਪਾਤਰ ’ਤੇ। ਕਹਾਣੀ ਕੀਹਦੀ ਕਹੀ ਜਾ ਰਹੀ ਹੈ, ਨਾਟਕਕਾਰ ਸਪੱਸ਼ਟ ਨਹੀਂ ਕਰ ਰਿਹਾ। ਇਹ ਨਾਟਕ ਐਬਸਟ੍ਰੈਕਟ ਵੀ ਨਹੀਂ ਹੈ, ਸ਼ੈਲੀ ਯਥਾਰਥਕ ਹੈ, ਪਰ ਨਿਭਾਅ ਊਲ ਜਲੂਲਤਾ ਵਾਲਾ ਹੈ। ਅਜਿਹੇ ਵਿਚ ਰੰਗਮੰਚ ਕੀ ਕਰੇ! ਕਿਸ ਤੋਂ ਸੇਧ ਲਵੇ, ਕਿਸ ਦੀ ਸ਼ਰਨ ਵਿਚ ਜਾਵੇ! ਗੁਰਸ਼ਰਨ ਬਾਬੇ ਦੇ ਪੈਰੀਂ ਹੱਥ ਲਾਉਂਦਾ ਹਾਂ, ਉਹ ਵੀ ਰੁਆ ਦਿੰਦਾ ਹੈ ਤੇ ਮੇਰੇ ਸਾਹਮਣੇ ਸੱਠ ਸਾਲ ਪਹਿਲਾਂ ਲਿਖੇ ਨਾਟਕ ਦੀ ਸਕ੍ਰਿਪਟ ਸੁੱਟ ਦਿੰਦਾ ਹੈ ਤੇ ਚੁਣੌਤੀ ਸਿਰਜਦਾ ਹੈ, ‘ਇਸ ਨੂੰ ਦੁਬਾਰਾ ਪੜ੍ਹ… ਤੂੰ ਤਾਂ ਮੇਰੇ ਜਾਣ ਤੋਂ ਬਾਅਦ 2013 ’ਚ ਖੇਡਿਆ ਸੀ ਇਹ ਨਾਟਕ! ਪੜ੍ਹ ਤੇ ਫੇਰ ਗੱਲ ਕਰ!’ ਮੈਨੂੰ ਲੱਗਦਾ ਹੈ ਜਿਵੇਂ ਭਾਅ ਭਾਰੇ ਹੱਥਾਂ ਨਾਲ ਮੇਰੀ ਪਿੱਠ ’ਤੇ ਨਹੀਂ, ਸਿਰ ’ਚ ਘਸੁੰਨ ਮਾਰ ਰਿਹਾ ਹੈ।
ਅੱਜ ਕੋਵਿਡ ਹੈ, ਉਦੋਂ ਤਪਦਿਕ ਸੀ। ਅੱਜ ਕੋਵਿਡ ਮਰੀਜ਼ ਦੇ ਨੇੜੇ ਜਾਣਾ ਪਾਪ ਹੈ, ਉਦੋਂ ਤਪਦਿਕ ਦੇ ਮਰੀਜ਼ ਤੋਂ ਦੂਰੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਸੀ। ਪਰ ਭਾਅ ਦਾ ਰੰਗਮੰਚ ਕਹਿੰਦਾ ਹੈ, ‘ਦੂਰੀ ਬਣਾ ਕੇ ਜੀਵਾਂਗੇ ਕਿਵੇਂ! ਹਯਾਤੀ ਦੀ ਜੰਗ ਤਾਂ ਗਲਵੱਕੜੀ ਪਾ ਕੇ ਲੜੀ ਜਾਊ!’ ਨਾਟਕ ਦਾ ਨਾਮ ਹੈ- ਘੁੰਮਣਘੇਰੀ! ਦੇਸ਼ ਆਜ਼ਾਦ ਹੋ ਚੁੱਕਾ ਸੀ। ਦੇਸੀ ਨੇਤਾਵਾਂ ਨੇ ਵਿਦੇਸ਼ੀ ਨੇਤਾਵਾਂ ਨੂੰ ਭਜਾ ਕੇ ਇਕ ਖੂਬਸੂਰਤ ਸਮਾਜ ਸਿਰਜਣ ਦਾ ਸੁਪਨਾ ਆਮ ਜਨਤਾ ਦੇ ਦਿਮਾਗ਼ ’ਚ ਬੀਜਿਆ ਸੀ। ਜਦੋਂ ਉਹ ਸੁਪਨਾ ਤਿੜਕਣ ਲੱਗਾ ਤਾਂ ਭਾਅ ਦੀ ਕਲਮ ’ਚੋਂ ਇਹ ਨਾਟਕ ਨਿਕਲਿਆ। ਨਾਟਕ ਦਾ ਮੁੱਖ ਪਾਤਰ ਹੈ ‘ਵੀਰ ਜੀ’, ਘਰ ਦਾ ਮੁਖੀ, ਉਸ ਦੀ ਪਤਨੀ, ਛੋਟਾ ਪੜ੍ਹਾਕੂ ਭਰਾ ਅਮਰੀਕ, ਲਿਖਣ ਦਾ ਸ਼ੌਕ ਰੱਖਦੀ ਤਪਦਿਕ ਦੀ ਮਰੀਜ਼ ਛੋਟੀ ਭੈਣ ਜੀਤਾਂ। ਜੀਤਾਂ ਬਿਮਾਰ ਹੈ। ਨਾਟਕ ਦਾ ਪਰਦਾ ਉੱਠਦੇ ਸਾਰ ਉਸ ਦੀ ਬਿਮਾਰੀ ਤੋਂ ਪਰਦਾ ਚੁੱਕ ਦਿੱਤਾ ਹੈ। ਉਹ ਲਿਖ ਰਹੀ ਹੈ: ‘ਜਦੋਂ ਜ਼ਿੰਦਗੀ ਆਖਰੀ ਸਾਹਵਾਂ ਉੱਤੇ ਪੁੱਜ ਗਈ ਤਾਂ ਵੀ ਉਹਦੀਆਂ ਅੱਖਾਂ ’ਚ ਉਸ ਦੀ ਉਡੀਕ ਸੀ… ਉਹੋ ਜਿਹੀ ਉਡੀਕ ਜਿਹੜੀ ਉਮਰ ਭਰ ਨਹੀਂ ਮੁੱਕਦੀ!’
ਨਾਟਕ ਦੀ ਕਹਾਣੀ ’ਚ ਇਹ ਕਹਾਣੀ ਚੱਲ ਰਹੀ ਹੈ। ਨਾਟਕ ਦਾ ਆਗਾਜ਼ ਹੋਇਆ ਹੈ, ਪਰ ਜੀਤਾਂ ਦੀ ਕਹਾਣੀ ਦਾ ਅਖੀਰ ਆਉਣ ਵਾਲਾ ਹੈ। ਇਹ ਮੁੱਢਲਾ ਸੰਵਾਦ ਨਾਟਕੀ ਤਣਾਅ ਦਾ ਐਸਾ ਧੂਫ਼ ਪਾਠਕ/ਦਰਸ਼ਕ ਦੇ ਉਤਾਵਲੇ ਦਿਮਾਗ਼ੀ ਕੋਲਿਆਂ ’ਤੇ ਧੂੜਦਾ ਹੈ ਕਿ ਇਸ ਦਾ ਧੂੰਆਂ ਵੀ ਉਸ ਨੂੰ ਆਪਣੀ ਪਕੜ ’ਚ ਲੈ ਲੈਂਦਾ ਹੈ ਤੇ ਥੀਮ ਦੀ ਮਹਿਕ ਵੀ ਜਲੂਣ ਛੇੜ ਦਿੰਦੀ ਹੈ। ਗੁਰਸ਼ਰਨ ਸਿੰਘ ਦਾ ਅੰਦਾਜ਼ ਇਵੇਂ ਦਾ ਹੀ ਹੈ। ਪਰ ਇਸ ਸੰਵਾਦ ਤੋਂ ਪਹਿਲਾਂ ਦਰਸ਼ਕਾਂ ਦੇ ਸਾਹਮਣੇ ਇਕ ਦ੍ਰਿਸ਼ ਹੈ… ਚੁੱਲ੍ਹੇ ’ਚ ਲੱਕੜਾਂ ਧੁਖ ਰਹੀਆਂ ਹਨ, ਧੂੰਆਂ ਫੈਲਿਆ ਹੈ, ਜੀਤਾਂ ਬਿਸਤਰੇ ’ਤੇ ਪਈ ਹੈ, ਹੱਥ ’ਚ ਪੈਨਸਲ ਹੈ, ਸਾਹਮਣੇ ਕਾਗਜ਼ ਹਨ, ‘ਖੰਘ ਦਾ ਸੰਗੀਤ’ ਹੈ।
ਵੀਰ ਜੀ ਨਿਮਨ ਮੱਧਵਰਗ ਦਾ ਨੁਮਾਇੰਦਾ ਇਕ ਕਲਰਕ ਹੈ। ਭੈਣ ਬਿਮਾਰ ਹੈ। ਉਸ ਦਾ ਵਿਆਹ ਵੀ ਕਰਨਾ ਹੈ। ਭਰਾ ਨੂੰ ਪੜ੍ਹਾਉਣਾ ਹੈ। ਪਤਨੀ ਦੀਆਂ ਲੋੜਾਂ ਤੇ ਚਾਅ ਹਨ। ਉਹ ਸਭ ਕੁਝ ਕਰਨ ਦੀ ਖਾਤਰ ਭੱਜ ਨੱਸ ਕਰ ਰਿਹਾ ਹੈ। ਸਿਰੇ ਕੁਝ ਨਹੀਂ ਚੜ੍ਹ ਰਿਹਾ। ਨਤੀਜੇ ’ਚ ਉਗਮਦੀ ਹੈ- ਖਿਝ, ਗੱਲ ਗੱਲ ’ਤੇ ਗੁੱਸਾ। ਜੀਤਾਂ ਲੇਖਕ ਹੈ, ਸਮਝਦੀ ਹੈ ਕਿ ਜ਼ਿੰਦਗੀ ਇਕ ਗਿੱਲੀ ਲੱਕੜ ਵਾਂਗ ਬਣ ਗਈ ਹੈ, ਜੋ ਨਾ ਭਾਂਬੜ ਬਣ ਕੇ ਬਲਦੀ ਹੈ, ਨਾ ਸੜ ਕੇ ਸੁਆਹ ਹੁੰਦੀ ਹੈ, ਬਸ ਧੁਖ਼ਦੀ ਰਹਿੰਦੀ ਹੈ ਤੇ ਆਲੇ ਦੁਆਲੇ ਧੂੰਆਂ ਹੀ ਧੂੰਆਂ ਹੈ! ਅੱਜ ਸੱਠ ਸਾਲ ਬਾਅਦ ਵੀ ਕੁਝ ਨਹੀਂ ਬਦਲਿਆ। ਕੀ ਇਸ ਨੂੰ ਸਾਹਿਤ ਤੇ ਕਲਾ ਦੀ ਚਿਰਕਾਲੀ ਪ੍ਰਸੰਗਿਕਤਾ ਸਮਝੀਏ ਜਾਂ ਸਾਹਿਤਕਾਰ ਦੀ ਇੱਛਾ ਦੀ ਮੌਤ। ਸਵਾਲ ਨਾਲ ਸਿੱਝਣਾ ਪਏਗਾ।
ਨਾਟਕ ਦਾ ਪਾਤਰ ਜ਼ਿੰਦਗੀ ਦੀ ਕਠੋਰਤਾ ਨਾਲ ਸਿੱਝ ਰਿਹਾ ਹੈ। ਉਸ ਕੋਲ ਤਪਦਿਕ ਦੀ ਬਿਮਾਰੀ ਖ਼ਿਲਾਫ਼ ਲੜਨ ਦਾ ਕੋਈ ਠੋਸ ਉਪਾਅ ਨਹੀਂ ਹੈ, ਸਿਰਫ਼ ਤਰਲਾ ਹੈ। ਉਸ ਕੋਲ ਘਰ ਦੀ ਮੰਦਹਾਲੀ ਦੂਰ ਕਰਨ ਵਾਸਤੇ ਕੋਈ ਸਿੱਕੇਬੰਦ ਹੱਲ ਨਹੀਂ ਹੈ, ਸਿਰਫ਼ ਨਿਮਾਣੀ ਕੋਸ਼ਿਸ਼ ਹੈ। ਇਹ ਕੋਸ਼ਿਸ਼ਾਂ ਕਰਦਾ ਕਰਦਾ ਉਹ ਹੌਲੀ ਹੌਲੀ ਘੁੰਮਣਘੇਰੀ ’ਚ ਘਿਰਦਾ ਜਾਂਦਾ ਹੈ ਤੇ ਅਖੀਰ ਉਸ ਦੀ ਲਾਡਲੀ ਭੈਣ ਜੀਤਾਂ ਦੀ ਮੌਤ ਹੁੰਦੀ ਹੈ। ਵੀਰ ਜੀ ਉਸ ਦੀ ਲਾਸ਼ ਨੂੰ ਆਪਣੀਆਂ ਬਾਹਵਾਂ ’ਤੇ ਚੁੱਕੀ ਸਾਹਮਣੇ ਆਉਂਦਾ ਹੈ। ਸਾਰੇ ਰੋ ਰਹੇ ਹਨ। ਵੀਰ ਦਾ ਸੰਵਾਦ ਹੈ:
‘ਤੁਸੀਂ ਤਾਂ ਰੋ ਵੀ ਸਕਦੇ ਹੋ… ਮੈਂ ਨ੍ਹੀਂ ਰੋ ਸਕਦਾ! ਘੁੰਮਣਘੇਰੀ ’ਚ ਆਈ ਕਿਸ਼ਤੀ ਨੂੰ ਕੱਢਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੀਆਂ ਬਾਹਵਾਂ ਹੰਭ ਗਈਆਂ ਨੇ। ਤੂੰ ਕਹਿੰਦੀ ਸੀ ਨਾ ਕਿ ਇਸ ਸਵਾਲ ਦਾ ਹੱਲ ਲੱਭਣਾ ਪੈਣਾ ਹੈ… ਹਾਲੀ ਵੀ ਇਸ ਦੇਸ਼ ’ਚ ਬਹੁਤ ਸਾਰੇ ਸਵਾਲਾਂ ਦਾ ਹੱਲ ਇਸ (ਮੌਤ) ਤੋਂ ਸਿਵਾ ਹੋਰ ਹੈ ਵੀ ਕੋਈ ਨਹੀਂ।’
ਅੱਜ ਵੀਰ ਜੀ ਦੀ ਜਗ੍ਹਾ ਕੋਈ ਹੈਦਰਾਬਾਦ ਦਾ ਰਾਮਾ ਹੈ ਜੋ ਆਪੂੰ ਬਣਾਈ ਗੱਡੀ ’ਤੇ ਆਪਣੀ ਬੀਵੀ ਤੇ ਬੱਚੀ ਨੂੰ ਅੱਠ ਸੌ ਕਿਲੋਮੀਟਰ ਖਿੱਚ ਕੇ ਘਰ ਪਹੁੰਚਾਉਂਦਾ ਹੈ… ਕੋਈ ਭੂਪਾਲ ਦਾ ਰਾਹੁਲ ਹੈ ਜੋ ਬਲਦ ਦੀ ਮੌਤ ਤੋਂ ਬਾਅਦ ਖ਼ੁਦ ਗੱਡਾ ਖਿੱਚਦਾ ਹੈ… ਕੋਈ ਰਾਧਾ ਹੈ ਜੋ ਨਾਸਿਕ ਤੋਂ ਮੱਧ ਪ੍ਰਦੇਸ਼ ਤਕ ਦਾ ਸਫ਼ਰ ਆਪਣੇ ਅਣਜੰਮੇ ਬੱਚੇ ਦਾ ਭਾਰ ਸੰਭਾਲਦੀ ਸ਼ੁਰੂ ਕਰਦੀ ਹੈ ਤੇ ਫਿਰ ਰਾਹਾਂ ਦੀ ਧੂੜ ’ਚ ਹੀ ਬੱਚਾ ਜਣਦੀ ਹੈ। ਉਹ ਤਿਲਕਧਾਰੀ ਹੈ ਜੋ ਆਪਣੀ ਪਤਨੀ ਦੀ ਲਾਸ਼ ਨੂੰ ਸ਼ਮਸ਼ਾਨਘਾਟ ਤਕ ਪਹੁੰਚਾਉਣ ਲਈ ਉਸ ਨੂੰ ਸਾਈਕਲ ’ਤੇ ਲੱਦ ਲੈਂਦਾ ਹੈ ਤੇ ਅੱਧ ਵਿਚਾਲੇ ਜਾ ਕੇ ਬੀਵੀ ਦੀ ਲਾਸ਼ ਸਣੇ ਖ਼ੁਦ ਵੀ ਡਿੱਗ ਪੈਂਦਾ ਹੈ। ਗੁਰਸ਼ਰਨ ਸਿੰਘ ਦੇ ਨਾਟਕ ‘ਘੁੰਮਣਘੇਰੀ’ ਦੇ ਇਹ ਅਜੋਕੇ ਪਾਤਰ ਹਨ।
ਆਪਣਿਆਂ ਦੀ ਲਾਸ਼ ਢੋਂਹਦੇ ਪਾਤਰ, ਪ੍ਰਬੰਧ ਨੂੰ ਚੁੱਪਚਾਪ ਚੁਣੌਤੀ ਦਿੰਦੇ ਪਾਤਰ। ਗੁਰਸ਼ਰਨ ਸਿੰਘ ਇੱਛਤ ਯਥਾਰਥ ਸਿਰਜਣ ਵਾਲਾ ਨਾਟਕਕਾਰ ਸੀ, ਬੁਰੇ ਨੂੰ ਢਾਹੁਣ ਵਾਲਾ, ਪਰ ਘੁੰਮਣਘੇਰੀ ਨਾਟਕ ਦਾ ਅੰਤ ਯਥਾਰਥਕ ਹੈ। ਭਾਅ ਦੀ ਨਾਟਕਕਾਰੀ ਨੂੰ ਪੜਾਅ ਦਰ ਪੜਾਅ ਸਮਝਣ ਤੇ ਉਹਦੇ ਰੰਗਮੰਚ ਨੂੰ ਡੀਕੋਡ ਕਰਨ ਦੇ ਇੱਛੁਕ ਵਿਦਵਾਨਾਂ ਲਈ ਇਹ ਦਿਲਚਸਪ ਨੁਕਤਾ ਹੈ। ਇੱਛਤ ਯਥਾਰਥ ਆਸਮਾਨੋਂ ਨਹੀਂ ਡਿੱਗਦਾ, ਯਥਾਰਥ ਦੀ ਸਮਝ ’ਚੋਂ ਪੈਦਾ ਹੁੰਦਾ ਹੈ। ਪ੍ਰਾਪਤ ਯਥਾਰਥ ਦੀ ਸਾਰੀ ਕੁੜੱਤਣ ਪੀਣ ਤੋਂ ਬਾਅਦ ‘ਨੀਲ ਕੰਠੀ ਗੁਰਸ਼ਰਨ ਸਿੰਘ’ ਇੱਛਤ ਯਥਾਰਥ ਦਾ ਅੰਮ੍ਰਿਤ ਸਾਡੇ ਪਿਆਲੇ ’ਚ ਉਲੱਦਦਾ ਹੈ। ਇਸ ਲਈ ਹਰ ਚੰਗੇ ਮਾੜੇ ਸਮਿਆਂ ’ਚ ਉਹ ਬਹੁਤ ਯਾਦ ਆਉਂਦਾ ਹੈ ਤੇ ਘੁੰਮਣਘੇਰੀ ’ਚੋਂ ਨਿਕਲਣ ਦਾ ਬਲ ਬਖ਼ਸ਼ਦਾ ਹੈ।
ਸੰਪਰਕ: 98880-11096