ਹਰਜੀਤ ਸਿੰਘ*
ਜਦੋਂ-ਜਦੋਂ ਵਿਗਿਆਨੀਆਂ ਦੇ ਹੱਥ ਆਸਮਾਨ ਨੂੰ ਵੇਖਣ ਦਾ ਨਵਾਂ ਯੰਤਰ ਲੱਗਿਆ ਹੈ, ਉਨ੍ਹਾਂ ਨੇ ਨਵੀਆਂ ਚੀਜ਼ਾਂ ਲੱਭੀਆਂ ਹਨ| ਗੈਲੀਲਿਓ ਨੇ ਦੂਰਬੀਨ ਨਾਲ ਬ੍ਰਹਿਸਪਤੀ ਦੇ ਚੰਨ ਲੱਭ ਕੇ ਸਿੱਧ ਕੀਤਾ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਬਿੰਦੂ ਨਹੀਂ ਹੈ| ਰੇਡੀਓ ਦੂਰਬੀਨਾਂ ਨੇ ਕੁਆਸਰ ਲੱਭੇ ਅਤੇ ਮਾਇਕ੍ਰੋਵੇਵ ਦੂਰਬੀਨਾਂ ਨੇ ਬਿਗ ਬੈਂਗ ਨੂੰ ਸਿੱਧ ਕਰਦੀ ਕੌਸਮਿਕ ਮਾਇਕ੍ਰੋਵੇਵ ਬੈਕਗ੍ਰਾਉਂਡ (CMB) ਲੱਭੀ| ਹੁਣ ਫਿਰ ਸਾਡੇ ਕੋਲ ਇੱਕ ਨਵਾਂ ਯੰਤਰ ਹੈ: LIGO- ਲੇਜ਼ਰ ਇੰਟਰਫੇਰੋਮੀਟਰ ਗਰੈਵੀਟੇਸ਼ਨਲ-ਵੇਵ ਆਬਜ਼ਰਵੇਟਰੀ ਜੋ ਕਿ ਗੁਰੂਤਾ ਤਰੰਗਾਂ ਨੂੰ ਖੋਜਦਾ ਹੈ|
ਆਈਨਸਟਾਈਨ ਦਾ ਸਾਪੇਖਤਾ ਦਾ ਸਿਧਾਂਤ ਸਾਨੂੰ ਦੱਸਦਾ ਹੈ ਕਿ ਹਰ ਇੱਕ ਵਸਤੂ ਆਪਣੇ ਪੁੰਜ ਅਨੁਸਾਰ ਸਪੇਸ-ਟਾਈਮ ਫੈਬ੍ਰਿਕ ਨੂੰ ਝੁਕਾਉਂਦੀ ਹੈ| ਬਹੁਤ ਜ਼ਿਆਦਾ ਪੁੰਜ ਵਾਲੇ ਬਲੈਕ ਹੋਲ ਅਤੇ ਨਿਊਟ੍ਰੌਨ ਤਾਰੇ ਇਸ ਨੂੰ ਬਹੁਤ ਜ਼ਿਆਦਾ ਝੁਕਾਉਂਦੇ ਹਨ| ਸਾਪੇਖਤਾ ਸਾਨੂੰ ਇਹ ਵੀ ਦੱਸਦੀ ਹੈ ਕਿ ਜਦੋਂ ਕਿਸੇ ਵਸਤੂ ਦੀ ਗਤੀ ਵਧਦੀ ਹੈ (ਆਵੇਗਿਤ ਹੁੰਦੀ ਹੈ) ਤਾਂ ਇਹ ਗੁਰੂਤਾ ਤਰੰਗਾਂ ਪੈਦਾ ਕਰਦੀ ਹੈ| ਇਹ ਤਰੰਗਾਂ ਸਪੇਸ-ਟਾਈਮ ਫੈਬ੍ਰਿਕ ਉੱਤੇ ਲਹਿਰਾਂ ਵਾਂਗ ਪ੍ਰਕਾਸ਼ ਦੀ ਗਤੀ ’ਤੇ ਚੱਲਦੀਆਂ ਹਨ|
ਹਰ ਆਵੇਗਿਤ ਵਸਤੂ ਆਪਣੇ ਪੁੰਜ ਅਨੁਸਾਰ ਗੁਰੂਤਾ ਤਰੰਗਾਂ ਪੈਦਾ ਕਰਦੀ ਹੈ| ਇਨਸਾਨ, ਕਾਰਾਂ, ਬੱਸਾਂ ਆਦਿ ਸਭ ਇਹ ਤਰੰਗਾਂ ਪੈਦਾ ਕਰਦੇ ਹਨ, ਪਰ ਇਹ ਬਹੁਤ ਮੱਧਮ ਹੁੰਦੀਆਂ ਹਨ| ਸਾਡੇ ਬ੍ਰਹਿਮੰਡ ਵਿੱਚ ਬਹੁਤ ਸਾਰੀਆਂ ਅਜਿਹੀਆਂ ਭਾਰੀਆਂ ਚੀਜ਼ਾਂ ਹਨ ਜੋ ਬਹੁਤ ਤੇਜ਼ੀ ਨਾਲ ਆਵੇਗਿਤ ਹੁੰਦੀਆਂ ਹਨ ਅਤੇ ਬਹੁਤ ਤੀਬਰਤਾ ਵਾਲੀਆਂ ਤਰੰਗਾਂ ਪੈਦਾ ਕਰਦੀਆਂ ਹਨ| ਇਨ੍ਹਾਂ ਤਰੰਗਾਂ ਦੇ ਕਈ ਸਰੋਤ ਹੋ ਸਕਦੇ ਹਨ|
ਪਹਿਲੀ ਕਿਸਮ ਦੇ ਸਰੋਤ ਲਗਾਤਾਰ ਗੁਰੂਤਾ ਤਰੰਗਾਂ ਪੈਦਾ ਕਰਦੇ ਹਨ| ਇੱਕ ਤੇਜ਼ੀ ਨਾਲ ਘੁੰਮ ਰਹੇ ਨਿਊਟ੍ਰੌਨ ਤਾਰੇ ਦੀ ਸੰਪੂਰਨ ਗੋਲ ਸਤ੍ਵਾ ਉੱਪਰ ਮੌਜੂਦ ਕਿਸੇ ਵੀ ਕਿਸਮ ਦੀ ਉਚਾਣ ਜਾਂ ਨਿਵਾਣ ਇਨ੍ਹਾਂ ਤਰੰਗਾਂ ਨੂੰ ਜਨਮ ਦੇਵੇਗੀ| ਜੇ ਤਾਰਾ ਇੱਕ ਸਾਰ ਗਤੀ ਨਾਲ ਘੁੰਮ ਰਿਹਾ ਹੋਵੇਗਾ ਤਾਂ ਇਹ ਲਗਾਤਾਰ ਇੱਕ ਆਵਿਰਤੀ ਦੀਆਂ ਤਰੰਗਾਂ ਛੱਡੇਗਾ| ਦੂਜੀ ਕਿਸਮ ਦੀਆਂ ਤਰੰਗਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਬਲੈਕ ਹੋਲ ਜਾਂ ਨਿਊਟ੍ਰੌਨ ਤਾਰਿਆਂ ਦੀ ਜੋੜੀ ਇੱਕ ਦੂਜੇ ਦੀ ਪਰਿਕਰਮਾ ਕਰ ਰਹੀ ਹੋਵੇ| ਇਹ ਤਾਰੇ ਜਾਂ ਬਲੈਕ ਹੋਲ ਇੱਕ ਦੂਜੇ ਦੀ ਪਰਿਕਰਮਾ ਕਰਦੇ ਹੋਏ ਗੁਰੂਤਾ ਤਰੰਗਾਂ ਛੱਡਦੇ ਹਨ ਅਤੇ ਹਰ ਇੱਕ ਤਰੰਗ ਨਾਲ ਇਹ ਥੋੜ੍ਹੀ ਜਿਹੀ ਊਰਜਾ ਗਵਾ ਲੈਂਦੇ ਹਨ, ਜਿਸ ਕਰਕੇ ਇਨ੍ਹਾਂ ਦਾ ਪੰਧ ਥੋੜ੍ਹਾ ਛੋਟਾ ਹੋ ਜਾਂਦਾ ਹੈ| ਪਰ ਛੋਟੇ ਪੰਧ ਵਿੱਚ ਜ਼ਿਆਦਾ ਤੇਜ਼ ਗਤੀ ਨਾਲ ਪਰਿਕਰਮਾ ਕਰਨੀ ਪੈਂਦੀ ਹੈ ਜਿਸ ਕਰਕੇ ਨਿਕਲਣ ਵਾਲੀਆਂ ਗੁਰੂਤਾ ਤਰੰਗਾਂ ਦੀ ਤਾਕਤ ਹੋਰ ਵਧ ਜਾਂਦੀ ਹੈ ਅਤੇ ਨਾਲ ਹੀ ਵਧਦੀ ਹੈ ਤਰੰਗਾਂ ਨਾਲ ਜਾਣ ਵਾਲੀ ਊਰਜਾ| ਇਸ ਕਰਕੇ ਇਹ ਬਲੈਕ ਹੋਲ/ਤਾਰੇ ਇੱਕ ਦੂਜੇ ਵੱਲ ਹੋਰ ਤੇਜ਼ੀ ਨਾਲ ਪਰਿਕਰਮਾ ਕਰਦੇ ਹੋਏ ਵਧਦੇ ਹਨ| ਇਹ ਕਿਰਿਆ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਦੋਵੇਂ ਚੀਜ਼ਾਂ ਇੱਕ ਦੂਜੇ ਨਾਲ ਟਕਰਾ ਨਾ ਜਾਣ| ਇਸ ਤੋਂ ਪੈਦਾ ਹੋਣ ਵਾਲੀਆਂ ਤਰੰਗਾਂ ਦੀ ਤਾਕਤ ਤੇ ਆਵਿਰਤੀ ਸ਼ੁਰੂ ਵਿੱਚ ਹੌਲੀ-ਹੌਲੀ ਵਧਦੀ ਹੈ ਅਤੇ ਅੰਤ ਵਿੱਚ ਬਹੁਤ ਤੇਜ਼ੀ ਨਾਲ ਵਧ ਕੇ ਇਕਦਮ ਖਤਮ ਹੋ ਜਾਂਦੀ ਹੈ| ਤੀਜੀ ਕਿਸਮ ਦੇ ਸਰੋਤ ਨੂੰ ਸਟੋਕੈਸਕਟਿਕ (Stochastic) ਸਰੋਤ ਕਿਹਾ ਜਾਂਦਾ ਹੈ| ਇਸ ਵਿੱਚ ਬ੍ਰਹਿਮੰਡ ਵਿੱਚ ਹੋ ਰਹੇ ਕਈ ਵਰਤਾਰਿਆਂ ਵਿੱਚੋਂ ਨਿਕਲੀਆਂ ਤਰੰਗਾਂ ਮਿਲ ਕੇ ਆਉਂਦੀਆਂ ਹਨ| ਹਰ ਪਾਸੇ ਤੋਂ ਆਉਣ ਵਾਲੀਆਂ ਇਹ ਤਰੰਗਾਂ ਬੇਤਰਤੀਬ ਹੁੰਦੀਆਂ ਹਨ, ਪਰ ਸੰਭਾਵਨਾ ਹੈ ਕਿ ਇਨ੍ਹਾਂ ਵਿੱਚ ਬਿਗ ਬੈਂਗ ਦੇ ਸਮੇਂ ਦੀਆਂ ਤਰੰਗਾਂ ਹੋਣ ਜੋ ਸਾਨੂੰ ਉਸ ਵੇਲੇ ਦੇ ਬ੍ਰਹਿਮੰਡ ਬਾਰੇ ਨਵੀਂ ਜਾਣਕਾਰੀ ਦੇ ਸਕਣ|
ਇਨ੍ਹਾਂ ਤਰੰਗਾਂ ਨੂੰ ਫੜਨ ਲਈ LIGO ਨਾਮ ਦੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ| ਇਹ ਯੰਤਰ ਬਹੁਤ ਆਸਾਨ ਜਿਹੇ ਸਿਧਾਂਤ ’ਤੇ ਕੰਮ ਕਰਦਾ ਹੈ| ਅਸੀਂ ਜਾਣਦੇ ਹਾਂ ਕਿ ਤਰੰਗਾਂ ਇੱਕ ਮਾਧਿਅਮ ਵਿੱਚ ਕੰਪਨ ਪੈਦਾ ਕਰਦੀਆਂ ਹਨ| ਇਸ ਕੰਪਨ ਕਰਕੇ ਮਾਧਿਅਮ ਦਾ ਕੁਝ ਹਿੱਸਾ ਆਮ ਨਾਲੋਂ ਉੱਪਰ ਉੱਠ ਜਾਂਦਾ ਹੈ (ਕ੍ਰੈਸਟ) ਅਤੇ ਕੁਝ ਹੇਠਾਂ ਚਲਾ ਜਾਂਦਾ ਹੈ (ਟ੍ਰਫ), ਜਿਵੇਂ ਕਿ ਤੁਸੀਂ ਪਾਣੀ ਵਿੱਚ ਪੱਥਰ ਸੁੱਟਣ ’ਤੇ ਬਣੀਆਂ ਤਰੰਗਾਂ ਵਿੱਚ ਦੇਖਦੇ ਹੋ| ਜਦੋਂ ਦੋ ਤਰੰਗਾਂ ਆਪਸ ਵਿੱਚ ਟਕਰਾਉਂਦਿਆਂ ਹਨ ਤਾਂ ਜੇ ਕ੍ਰੈਸਟ ਨਾਲ ਕ੍ਰੈਸਟ ਟਕਰਾਵੇ ਤੇ ਟ੍ਰਫ ਨਾਲ ਟ੍ਰਫ ਤਾਂ ਤਰੰਗ ਹੋਰ ਤੀਬਰ ਹੋ ਜਾਵੇਗੀ, ਪਰ ਜੇ ਕ੍ਰੈਸਟ ਨਾਲ ਟ੍ਰਫ ਟਕਰਾਉਂਦੀ ਹੈ ਤਾਂ ਤਰੰਗ ਖਤਮ ਹੋ ਜਾਂਦੀ ਹੈ| ਇਸੇ ਤਰ੍ਹਾਂ ਜੇ ਕ੍ਰੈਸਟ ਨਾਲ ਕ੍ਰੈਸਟ ਥੋੜ੍ਹਾ ਅੱਗੇ-ਪਿੱਛੇ ਟਕਰਾਵੇਗੀ ਤਾਂ ਨਵੀਂ ਤਰੰਗ ਦੀ ਤਾਕਤ ਉਸੇ ਅਨੁਸਾਰ ਵਧੇਗੀ ਜਾਂ ਘਟੇਗੀ|
LIGO ਦੀ ਸਰਲ ਬਣਤਰ ਤਸਵੀਰ ਵਿੱਚ ਦਿਖਾਈ ਗਈ ਹੈ| ਖੱਬੇ ਪਾਸਿਓਂ ਲੇਜ਼ਰ ਛੱਡੀ ਜਾਂਦੀ ਹੈ ਜੋ ਇੱਕ ਅਲਪ-ਪਾਰਦਰਸ਼ੀ ਸ਼ੀਸ਼ੇ ਦੁਆਰਾ ਦੋ ਹਿੱਸਿਆਂ ਵਿੱਚ ਵੰਡ ਦਿੱਤੀ ਜਾਂਦੀ ਹੈ| ਇੱਕ ਹਿੱਸਾ ਉੱਪਰ ਵੱਲ ਜਾਂਦਾ ਹੈ ਤੇ ਉੱਪਰ ਲੱਗੇ ਸ਼ੀਸ਼ੇ ਨਾਲ ਟਕਰਾ ਕੇ ਵਾਪਸ ਆ ਜਾਂਦਾ ਹੈ| ਦੂਜਾ ਹਿੱਸਾ ਸਿੱਧਾ ਲੰਘ ਕੇ ਸੱਜੇ ਪਾਸੇ ਵਾਲੇ ਸ਼ੀਸ਼ੇ ਨਾਲ ਟਕਰਾਅ ਕੇ ਵਾਪਸ ਆਉਂਦਾ ਹੈ| ਅਲਪ-ਪਾਰਦਰਸ਼ੀ ਸ਼ੀਸ਼ੇ ’ਚੋਂ ਲੰਘ ਕੇ ਇਹ ਦੋਵੇਂ ਕਿਰਨਾਂ ਥੱਲੇ ਲੱਗੇ ਯੰਤਰ ਤੱਕ ਪਹੁੰਚਦੀਆਂ ਹਨ| ਹੁਣ ਇਹ ਸ਼ੀਸ਼ਿਆਂ ਦੀ ਆਪਸੀ ਦੂਰੀ ਤੈਅ ਕਰੇਗੀ ਕਿ ਵਾਪਸ ਮਿਲਣ ’ਤੇ ਤਰੰਗਾਂ ਦੀ ਕ੍ਰੈਸਟ ਨਾਲ ਕ੍ਰੈਸਟ ਟਕਰਾਏਗੀ ਜਾਂ ਥੋੜ੍ਹਾ ਅੱਗੇ ਪਿੱਛੇ ਹੋਏਗੀ| ਜੇਕਰ ਅਲਪ-ਪਾਰਦਰਸ਼ੀ ਸ਼ੀਸ਼ੇ ਤੋਂ ਦੋਵਾਂ ਸ਼ੀਸ਼ਿਆਂ ਦੀ ਦੂਰੀ ਇੱਕ ਸਮਾਨ ਹੈ ਤਾਂ ਕ੍ਰੈਸਟ ਨਾਲ ਕ੍ਰੈਸਟ ਮਿਲੇਗੀ, ਪਰ ਇਸ ਦੂਰੀ ਵਿੱਚ ਥੋੜ੍ਹਾ ਜਿਹਾ ਵੀ ਫਰਕ ਵੀ ਇਸ ਮੇਲ ਨੂੰ ਗੜਬੜ ਕਰ ਦੇਵੇਗਾ| ਇਸ ਨਾਲ ਅੰਤ ਵਿੱਚ ਮਿਲਣ ਵਾਲੀ ਲੇਜ਼ਰ ਕਿਰਨ ਦੀ ਤੀਬਰਤਾ ਵਿੱਚ ਬਹੁਤ ਫਰਕ ਪਵੇਗਾ| ਸੰਵੇਦਨਸ਼ੀਲ ਉਪਕਰਨਾਂ ਦੀ ਮਦਦ ਨਾਲ ਅਸੀਂ ਇਸ ਤੀਬਰਤਾ ਨੂੰ ਨਾਪ ਸਕਦੇ ਹਾਂ|
ਹੁਣ ਗੁਰੂਤਾ ਤਰੰਗਾਂ ’ਤੇ ਵਾਪਸ ਆਉਂਦੇ ਹਾਂ| ਜੇਕਰ ਗੁਰੂਤਾ ਤਰੰਗਾਂ LIGO ਵਿੱਚੋਂ ਲੰਘਦੀਆਂ ਹਨ ਤਾਂ ਆਪਣੀ ਦਿਸ਼ਾ ਮੁਤਾਬਕ ਕਿਸੇ ਇੱਕ ਸ਼ੀਸ਼ੇ ਦੀ ਦੂਰੀ ਨੂੰ ਘਟਾ ਦੇਣਗੀਆਂ| ਇਸ ਨਾਲ ਲੇਜ਼ਰ ਕਿਰਨਾਂ ਦੇ ਮੇਲ ’ਤੇ ਅਸਰ ਪਵੇਗਾ ਅਤੇ ਅੰਤਲੀ ਕਿਰਨ ਦੀ ਤੀਬਰਤਾ ਬਦਲ ਜਾਵੇਗੀ| ਤੀਬਰਤਾ ਦੇ ਇਸੇ ਬਦਲਾਅ ਨੂੰ ਮਾਪ ਕੇ ਅਸੀਂ ਗੁਰੂਤਾ ਤਰੰਗਾਂ ਨੂੰ ਫੜਦੇ ਹਾਂ|
ਇਸ ਵਿੱਚ ਇੱਕ ਹੋਰ ਦਿੱਕਤ ਹੈ| ਗੁਰੂਤਾ ਤਰੰਗਾਂ ਜਿਵੇਂ-ਜਿਵੇਂ ਫੈਲਦੀਆਂ ਹਨ, ਉਨ੍ਹਾਂ ਦੀ ਤੀਬਰਤਾ ਘਟਦੀ ਜਾਂਦੀ ਹੈ| ਜਦੋਂ ਤੱਕ ਉਹ ਧਰਤੀ ’ਤੇ ਪਹੁੰਚਦੀਆਂ ਹਨ, ਉਹ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ| ਏਨੀਆਂ ਕਮਜ਼ੋਰ ਤਰੰਗਾਂ ਨੂੰ ਫੜਨ ਲਈ ਸ਼ੀਸ਼ਿਆਂ ਦੀ ਦੂਰੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ| ਇਸੇ ਕਰਕੇ LIGO ਦੀ ਇੱਕ ਪਾਸੇ ਦੀ ਲੰਬਾਈ ਲਗਭਗ 4 ਕਿਲੋਮੀਟਰ ਹੈ| ਗੁਰੂਤਾ ਤਰੰਗਾਂ ਨੂੰ ਫੜਨ ਲਈ LIGO ਨੂੰ ਇਸ 4 ਕਿਲੋਮੀਟਰ ਵਿੱਚ ਇੱਕ ਪ੍ਰੋਟੋਨ ਦੇ 10 ਹਜ਼ਾਰਵੇਂ ਹਿੱਸੇ ਤੱਕ ਦੇ ਆਏ ਫਰਕ ਨੂੰ ਮਾਪਣਾ ਪੈਂਦਾ ਹੈ| ਏਨੇ ਸੰਵੇਦਨਸ਼ੀਲ ਯੰਤਰ ਦਾ ਇੱਕ ਨੁਕਸਾਨ ਇਹ ਹੁੰਦਾ ਹੈ ਕਿ ਉਹ ਆਪਣੇ ਆਸ ਪਾਸ ਦੇ ਕੰਪਨ ਜਿਵੇਂ ਕਿ ਟ੍ਰੈਫਿਕ ਦਾ ਲੰਘਣਾ, ਦੂਰੋਂ ਲੰਘ ਰਹੀ ਰੇਲ, ਧਰਤੀ ’ਤੇ ਕਿਤੇ ਵੀ ਭੁਚਾਲ, ਮੌਸਮੀ ਹਰਕਤਾਂ ਆਦਿ ਨੂੰ ਵੀ ਫੜਨ ਲੱਗ ਜਾਂਦਾ ਹੈ| ਇਸੇ ਕਰਕੇ ਇਨ੍ਹਾਂ ਨੂੰ ਦੂਰ ਦੁਰਾਡੇ ਕਿਸੇ ਸ਼ਾਂਤ ਜਗ੍ਹਾ ’ਤੇ ਬਣਾਇਆ ਜਾਂਦਾ ਹੈ ਅਤੇ ਇਨ੍ਹਾਂ ਸਭ ਕੰਪਨਾਂ ਤੋਂ ਬਚਣ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ| ਏਥੋਂ ਤੱਕ ਕਿ ਪੂਰਾ ਯੰਤਰ ਖਲਾਅ ਵਿੱਚ ਕੰਮ ਕਰਦਾ ਹੈ| LHC ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਖਲਾਅ ਵਿੱਚ ਕੰਮ ਕਰਨ ਵਾਲਾ ਉਪਕਰਨ ਹੈ| ਇਹ ਸਭ ਕਰਨ ਤੋਂ ਬਾਅਦ ਵੀ ਕਿਸੇ ਕਿਸਮ ਦੀ ਗੜਬੜੀ ਤੋਂ ਬਚਣ ਲਈ, ਹਮੇਸ਼ਾਂ ਘੱਟੋ-ਘੱਟ 2 LIGO ਉਪਕਰਨਾਂ ਦੇ ਡਾਟਾ ਨੂੰ ਮਿਲਾ ਕੇ ਦੇਖਿਆ ਜਾਂਦਾ ਹੈ ਤਾਂ ਕਿ ਕਿਸੇ ਕਿਸਮ ਦੀ ਆਸ ਪਾਸ ਦੀ ਹਲਚਲ ਦੇ ਅਸਰ ਨੂੰ ਨਕਾਰਿਆ ਜਾ ਸਕੇ| ਇਸ ਸਮੇਂ ਪੂਰੀ ਦੁਨੀਆ ਵਿੱਚ LIGO ਪ੍ਰਯੋਗਸ਼ਾਲਾਵਾਂ ਚੱਲ ਰਹੀਆਂ ਹਨ| ਇਨ੍ਹਾਂ ਵਿੱਚੋਂ ਦੋ ਅਮਰੀਕਾ, ਇੱਕ ਜਰਮਨੀ, ਇੱਕ ਇਟਲੀ ਅਤੇ ਇੱਕ ਜਪਾਨ ਵਿੱਚ ਹਨ| ਛੇਵੀਂ ਪ੍ਰਯੋਗਸ਼ਾਲਾ ਭਾਰਤ ਦੇ ਮਹਾਰਾਸ਼ਟਰ ਪ੍ਰਦੇਸ਼ ਵਿੱਚ ਬਣ ਰਹੀ ਹੈ|
ਆਈਨਸਟਾਈਨ ਦੁਆਰਾ ਸਿਧਾਂਤ ਦਿੱਤੇ ਜਾਣ ਤੋਂ 100 ਸਾਲਾਂ ਬਾਅਦ, 14 ਸਤੰਬਰ, 2015 ਨੂੰ, LIGO ਦੁਆਰਾ ਗੁਰੂਤਾ ਤਰੰਗਾਂ ਦਾ ਪਹਿਲੀ ਵਾਰ ਪਤਾ ਲਗਾਇਆ ਗਿਆ। ਇਹ ਤਰੰਗਾਂ 1.3 ਖਰਬ ਸਾਲ ਪਹਿਲਾਂ ਦੋ ਬਲੈਕ ਹੋਲ ਦੇ ਟਕਰਾਉਣ ’ਤੇ ਪੈਦਾ ਹੋਈਆਂ ਸਨ| ਡਾਟਾ ਦੇ ਵਿਸ਼ਲੇਸ਼ਣ ਤੋਂ ਵਿਗਿਆਨੀਆਂ ਨੇ ਪਤਾ ਲਗਾਇਆ ਕਿ ਇੱਕ ਬਲੈਕ ਹੋਲ ਸੂਰਜ ਤੋਂ 36 ਗੁਣਾਂ ਤੇ ਦੂਸਰਾ 29 ਗੁਣਾਂ ਭਾਰਾ ਸੀ|
ਹੁਣ ਸਵਾਲ ਇਹ ਉੱਠ ਸਕਦਾ ਹੈ ਕਿ ਜੇ ਇਹ ਕੰਮ ਏਨਾ ਹੀ ਔਖਾ ਹੈ ਤਾਂ ਕਰਨਾ ਕਿਉਂ? ਇਸ ਦੇ ਕਈ ਉੱਤਰ ਹਨ| ਸਭ ਤੋਂ ਪਹਿਲੀ ਗੱਲ ਗੁਰੂਤਾ ਤਰੰਗਾਂ ਤੇ ਰਸਤੇ ਵਿੱਚ ਆਉਣ ਵਾਲੀਆਂ ਅੜਚਨਾਂ ਦਾ ਕੋਈ ਫਰਕ ਨਹੀਂ ਪੈਂਦਾ| ਇਹ ਹਰ ਕਿਸਮ ਦੇ ਤਾਰੇ, ਗ੍ਰਹਿ, ਗਲੈਕਸੀ ਆਦਿ ’ਚੋਂ ਲੰਘ ਕੇ ਸਾਡੇ ਤੱਕ ਪਹੁੰਚ ਸਕਦੀਆਂ ਹਨ| ਪ੍ਰਕਾਸ਼ ਤਰੰਗਾਂ ਵਿੱਚ ਇਹ ਗੁਣ ਨਹੀਂ ਹੈ| ਬਲੈਕ ਹੋਲ, ਜਿਨ੍ਹਾਂ ਨੂੰ ਅਸੀਂ ਸਿੱਧੇ ਤਰੀਕੇ ਨਾਲ ਨਹੀਂ ਦੇਖ ਸਕਦੇ, ਗੁਰੂਤਾ ਤਰੰਗਾਂ ਕਰਕੇ ਉਨ੍ਹਾਂ ਦੇ ਟਕਰਾਅ ਅਤੇ ਨਵੇਂ ਬਲੈਕ ਹੋਲ ਨੂੰ ਦੇਖਣ ਅਤੇ ਘੋਖਣ ਦਾ ਇੱਕ ਹੋਰ ਤਰੀਕਾ ਮਿਲ ਗਿਆ ਹੈ| ਸਿਰਫ਼ ਪ੍ਰਕਾਸ਼ ਤੱਕ ਸੀਮਤ ਰਹਿਣ ਕਰਕੇ ਬ੍ਰਹਿਮੰਡ ਵਿੱਚ ਹੋ ਰਹੇ ਬਹੁਤੇ ਅਤਿ-ਸ਼ਕਤੀਸ਼ਾਲੀ ਵਰਤਾਰੇ ਸਾਡੀ ਪਹੁੰਚ ਤੋਂ ਬਾਹਰ ਸਨ, ਪਰ ਗੁਰੂਤਾ ਤਰੰਗਾਂ ਦੇ ਆਉਣ ਕਰਕੇ ਹੁਣ ਸਾਡੇ ਸਾਹਮਣੇ ਬ੍ਰਹਿਮੰਡ ਨੂੰ ਦੇਖਣ ਜਾਂ ਫਿਰ ਇਉਂ ਕਹੀਏ ਕਿ ਸੁਣਨ ਦਾ ਇੱਕ ਨਵਾਂ ਰਾਹ ਖੁੱਲ੍ਹ ਗਿਆ ਹੈ| ਗੁਰੂਤਾ ਤਰੰਗਾਂ ਨੂੰ ਅਸਲ ਵਿੱਚ ਸੁਣਿਆ ਜਾ ਸਕਦਾ ਹੈ, ਜੇਕਰ ਸਾਡੇ ਕੰਨ ਵੀ LIGO ਜਿੰਨੇ ਸੰਵੇਦਨਾਸ਼ੀਲ ਹੋਣ| LIGO ਟੀਮ ਨੇ ਇਨ੍ਹਾਂ ਤਰੰਗਾਂ ਨੂੰ ਸੁਣਨਯੋਗ ਬਣਾ ਕੇ ਆਪਣੀ ਵੈੱਬਸਾਈਟ ’ਤੇ ਸਾਂਝਾ ਕੀਤਾ ਹੈ| ਜੇਕਰ ਤੁਸੀਂ ਸੁਣਨਾ ਚਾਹੋ ਤਾਂ ਉਨ੍ਹਾਂ ਦੀ ਵੈੱਬਸਾਈਟ ਖੋਲ੍ਹ ਕੇ ਸੁਣ ਸਕਦੇ ਹੋ| ਗੁਰੂਤਾ ਤਰੰਗਾਂ ਦੀ ਇਹ ਤਕਨੀਕ ਬਿਲਕੁਲ ਇੱਕ ਬੋਲੇ ਇਨਸਾਨ ਨੂੰ ਪਹਿਲੀ ਵਾਰ ਸੁਣਨ ਦੇ ਬਰਾਬਰ ਹੈ| ਆਓ ਦੇਖੀਏ ਕਿ ਬ੍ਰਹਿਮੰਡ ਸਾਡੇ ਲਈ ਕਿਹੜੀਆਂ ਧੁਨਾਂ ਸਾਂਭੀ ਬੈਠਾ ਹੈ|
*ਵਿਗਿਆਨੀ -ਇਸਰੋ, ਤਿਰੂਵਨੰਤਪੁਰਮ
ਸੰਪਰਕ: 99957-65095