ਹਰਮੀਤ ਸਿਵੀਆਂ
ਬਜ਼ੁਰਗਾਂ ਦਾ ਸਾਡੀ ਜ਼ਿੰਦਗੀ ਵਿਚ ਅਹਿਮ ਰੋਲ ਹੈ। ਸਮਾਜਿਕ ਵਿਕਾਸ ਵਿਚ ਇਨ੍ਹਾਂ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ। ਬਜ਼ੁਰਗ ਵਿਅਕਤੀ ਨੌਜਵਾਨ ਪੀੜ੍ਹੀ ਨੂੰ ਤਜਰਬਾ ਅਤੇ ਗਿਆਨ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬਜ਼ੁਰਗਾਂ ਨੂੰ ਬਿਹਤਰ ਅਤੇ ਸੰਤੁਸ਼ਟੀ ਭਰਪੂਰ ਜੀਵਨ ਦੇਣ ਦੀ ਜ਼ਰੂਰਤ ਹੈ। ਭਾਰਤ ਵਿਚ 60 ਸਾਲ ਦੀ ਉਮਰ ਦੇ ਲੋਕਾਂ ਦੀ ਗਿਣਤੀ ਸਾਢੇ ਸੱਤ ਕਰੋੜ ਦੇ ਲਗਭਗ ਹੈ। ਅਸੀਂ ਹਰ ਸਾਲ ‘ਵਿਸ਼ਵ ਬਜ਼ੁਰਗ ਦਿਵਸ’ ਮਨਾਉਂਦੇ ਹਾਂ। ਜਿਸ ਨੂੰ ਬਹੁਤ ਸਾਰੀਆਂ ਕਲੱਬਾਂ, ਸੰਸਥਾਵਾਂ, ਸਰਕਾਰੀ, ਗੈਰ ਸਰਕਾਰੀ ਸੰਗਠਨਾਂ ਵੱਲੋਂ ਮਨਾਇਆ ਜਾਂਦਾ ਹੈ, ਪਰ ਕੀ ਅਸੀਂ ਵਾਕਿਆ ਹੀ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ? ਕਿਤੇ ਇਹ ਬਜ਼ੁਰਗ ਦਿਵਸ ਮਨਾਉਣਾ ਸਿਰਫ਼ ਰਸਮੀ ਗੱਲਾਂ ਤਾਂ ਨਹੀਂ।
ਜੀ ਹਾਂ, ਜ਼ਿਆਦਾਤਰ ਇਹ ਗੱਲਾਂ ਸਿਰਫ਼ ਰਸਮ ਹੀ ਹੁੰਦੀਆਂ ਹਨ। ਥਾਂ ਥਾਂ ਬਣੇ ਬਿਰਧ ਆਸ਼ਰਮ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿਉਂਕਿ ਇਨ੍ਹਾਂ ਆਸ਼ਰਮਾਂ ਵਿਚ ਜ਼ਿਆਦਾਤਰ ਉਹ ਬਜ਼ੁਰਗ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਵੱਲੋਂ ਘਰ ਰੱਖਣ ਤੋਂ ਮਨ੍ਹਾ ਕਰ ਦਿੱਤਾ ਗਿਆ ਜਾਂ ਫਿਰ ਅਜਿਹੇ ਬਜ਼ੁਰਗ ਹਨ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਤੇ ਉਨ੍ਹਾਂ ਦੇ ਪੁੱਤਾਂ ਜਾਂ ਧੀਆਂ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਤੋਂ ਅਸਮਰੱਥਾ ਜ਼ਾਹਰ ਕਰਦਿਆਂ ਬਿਰਧ ਆਸ਼ਰਮਾਂ ਵੱਲ ਧਕੇਲ ਦਿੱਤਾ। ਅਜੋਕੇ ਸਮੇਂ ਇਹ ਬਜ਼ੁਰਗਾਂ ਦੀ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ। ਇਹ ਤਾਂ ਉਹ ਗੱਲਾਂ ਹਨ ਜੋ ਜੱਗ ਜ਼ਾਹਰ ਹੁੰਦੀਆਂ ਹਨ, ਮਤਲਬ ਇਹ ਤਾਂ ਉਹ ਬਜ਼ੁਰਗ ਹਨ ਜਿਨ੍ਹਾਂ ਦੀ ਸੰਖਿਆ ਸਾਨੂੰ ਪਤਾ ਲੱਗਦੀ ਹੈ ਕਿ ਇੰਨੇ ਬਜ਼ੁਰਗ ਬਿਰਧ ਆਸ਼ਰਮਾਂ ਜਾਂ ਨਿੱਜੀ ਤੌਰ ’ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ, ਪਰ ਇਸ ਤੋਂ ਇਲਾਵਾ ਬਹੁਤੀ ਗਿਣਤੀ ਉਨ੍ਹਾਂ ਬਜ਼ੁਰਗਾਂ ਦੀ ਹੈ ਜਿਨ੍ਹਾਂ ਦੀ ਆਪਣੇ ਹੀ ਘਰਾਂ ਵਿਚ ਇੰਨੀ ਬਦਤਰ ਹਾਲਤ ਹੈ ਕਿ ਉਹ ਇਕ ਘਰੇਲੂ ਨੌਕਰ ਤੋਂ ਵੱਧ ਕੁਝ ਵੀ ਨਹੀਂ ਹਨ। ਬਹੁਤੇ ਬਜ਼ੁਰਗ ਜੋ ਮੌਤ ਦੇ ਨੇੜੇ ਹੁੰਦੇ ਹਨ ਉਨ੍ਹਾਂ ਨੂੰ ਇਕ ਸਟੋਰਨੁਮਾ ਕਮਰੇ ਵਿਚ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਜਿਸ ਤਰ੍ਹਾਂ ਕੋਈ ਨਾ ਵਰਤੋਂ ਵਿਚ ਆਉਣ ਵਾਲੀ ਕਿਸੇ ਚੀਜ਼ ਨੂੰ ਇਕ ਸਟੋਰ ਵਿਚ ਸੁੱਟ ਦਿੱਤਾ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਦੇਸ਼ ਵਿਚ ਬਜ਼ੁਰਗਾਂ ਦੀ 70 ਫ਼ੀਸਦੀ ਆਬਾਦੀ ਅੱਜ ਪੇਂਡੂ ਖੇਤਰਾਂ ਵਿਚ ਰਹਿ ਰਹੀ ਹੈ। ਭਾਵੇਂ ਇਨ੍ਹਾਂ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਬਜ਼ੁਰਗਾਂ ਲਈ ਸਰਕਾਰ ਵੱਲੋਂ ਵਿਸ਼ੇਸ਼ ਕਲਿਆਣਕਾਰੀ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ, ਪਰ ਉਹ ਯੋਜਨਾਵਾਂ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਜਾਂਦੀਆਂ ਹਨ। ਜਿਸ ਕਾਰਨ ਪੇਂਡੂ ਬਜ਼ੁਰਗ ਗਰੀਬੀ, ਲਾਚਾਰੀ ਤੇ ਬੇਵਸੀ ਦੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੁੰਦੇ ਹਨ।
ਉਪਰੋਕਤ ਤੋਂ ਇਲਾਵਾ ਬਜ਼ੁਰਗਾਂ ਦੀ ਇਕ ਸ਼੍ਰੇਣੀ ਹੋਰ ਹੈ ਜੋ ਜ਼ਿਆਦਾਤਰ ਸ਼ਹਿਰਾਂ ਵਿਚ ਹੁੰਦੀ ਹੈ। ਇਸ ਵਿਚ ਉਹ ਬਜ਼ੁਰਗ ਆਉਂਦੇ ਹਨ ਜੋ ਆਪਣੇ ਬੱਚਿਆਂ ’ਤੇ ਨਿਰਭਰ ਨਹੀਂ, ਸਗੋਂ ਸਰਕਾਰੀ ਮੁਲਾਜ਼ਮ ਹੋਣ ਕਰਕੇ ਪੈਨਸ਼ਨ ਮਿਲਦੀ ਹੁੰਦੀ ਹੈ ਜਾਂ ਕਿਸੇ ਹੋਰ ਪਾਸਿਓਂ ਆਮਦਨ ਦਾ ਸਾਧਨ ਹੁੰਦਾ ਹੈ, ਪਰ ਜਦੋਂ ਤਕ ਇਹ ਬਜ਼ੁਰਗ ਦੰਪਤੀ ਕਾਇਮ ਹੁੰਦੀ ਹੈ ਉਹ ਇਕ ਦੂਜੇ ਦਾ ਧਿਆਨ ਕਿਸੇ ਹੱਦ ਤਕ ਰੱਖਦੇ ਹਨ। ਦੋਵਾਂ ਵਿਚੋਂ ਇਕ ਨੇ ਤਾਂ ਪਹਿਲਾਂ ਜਾਣਾ ਹੀ ਹੁੰਦਾ ਹੈ, ਅਜਿਹਾ ਹੋਣ ’ਤੇ ਇਕੱਲੇ ਦੀ ਪੁੱਛ ਘੱਟ ਹੋ ਜਾਂਦੀ ਹੈ। ਇਸ ਤੋਂ ਬਾਅਦ ਕੋਈ ਇਹ ਨਹੀਂ ਕਹਿੰਦਾ ਕਿ ਅਸੀਂ ਮਾਂ ਜੀ ਕੋਲ ਰਹਿੰਦੇ ਹਾਂ ਜਾਂ ਪਿਤਾ ਜੀ ਕੋਲ ਰਹਿੰਦੇ ਹਾਂ। ਸਗੋਂ ਕਿਹਾ ਜਾਂਦਾ ਹੈ ਕਿ ਮਾਂ ਜੀ ਜਾਂ ਪਿਤਾ ਜੀ ਸਾਡੇ ਕੋਲ ਰਹਿੰਦੇ ਹਨ। ਜੇ ਕਿਤੇ ਪੁੱਤਰ ਇਕ ਤੋਂ ਵੱਧ ਹੋਣ ਤਾਂ ਗਿਣਵੇਂ ਮਹੀਨੇ ਵਾਰੀ ਵਾਰੀ ਰਹਿਣਾ ਹੁੰਦਾ ਹੈ। ਕਈ ਵਾਰ ਮਾਂ ਤੇ ਪਿਓ ਦੀ ਵੰਡ ਹੋ ਜਾਂਦੀ ਹੈ। ਮਾਂ ਇਕ ਕੋਲ ਤੇ ਪਿਓ ਦੂਜੇ ਕੋਲ।
ਉਂਜ ਇਸ ਤਸਵੀਰ ਦਾ ਦੂਸਰਾ ਪਾਸਾ ਵੀ ਹੈ ‘ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ’ ਦੇ ਮੁਹਾਵਰੇ ਅਨੁਸਾਰ ਸਾਰੇ ਹੀ ਬੱਚੇ ਇਸ ਤਰ੍ਹਾਂ ਦੇ ਨਹੀਂ ਹੁੰਦੇ। ਕੁਝ ਘਰਾਂ ’ਚ ਅਜਿਹੇ ਕੇਸ ਵੀ ਵੇਖਣ ਨੂੰ ਮਿਲਦੇ ਹਨ ਜਿੱਥੇ ਕੁਝ ਖ਼ਾਸ ਕਾਰਨਾਂ ਕਰਕੇ ਬਜ਼ੁਰਗ ਖ਼ੁਦ ਹੀ ਆਪਣਾ ਸਤਿਕਾਰ ਗੁਆ ਬੈਠਦੇ ਹਨ। ਜਿਵੇਂ ਬਜ਼ੁਰਗ ਨੂੰ ਪਹਿਲਾਂ ਤੋਂ ਹੀ ਕਿਸੇ ਖਾਸ ਨਸ਼ੇ ਦੀ ਲਤ ਹੋਣਾ ਅਤੇ ਪੁੱਤਰ ਉਸ ਨਸ਼ੇ ਤੋਂ ਦੂਰ ਰਹਿਣਾ ਚਾਹੁੰਦੇ ਹੋਣ ਜਾਂ ਕੁਝ ਕੇਸਾਂ ਵਿਚ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਜ਼ੁਰਗ ਜੋੜਾ ਖੁਦ ਹੀ ਅਲੱਗ ਰਹਿਣਾ ਚਾਹੁੰਦਾ ਹੋਵੇ। ਪਰ ਸਮਾਜਿਕ ਤੌਰ ’ਤੇ ਉਨ੍ਹਾਂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਰੱਖ ਨਹੀਂ ਰਹੇ। ਖ਼ੈਰ! ਕੁਝ ਵੀ ਹੈ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਜੇਕਰ ਅਸੀਂ ਬਜ਼ੁਰਗਾਂ ਦਾ ਉਪਯੋਗ ਵਿਕਾਸ ਪ੍ਰਕਿਰਿਆ, ਸ਼ਾਂਤੀਪੂਰਨ ਅਤੇ ਸਥਿਰ ਸਮਾਜ ਦੇ ਨਿਰਮਾਣ ਵਿਚ ਕਰੀਏ ਤਾਂ ਨਿਸ਼ਚਿਤ ਰੂਪ ’ਚ ਪੂਰੇ ਸਮਾਜ ਨੂੰ ਉਨ੍ਹਾਂ ਤੋਂ ਲਾਭ ਹੋ ਸਕਦਾ ਹੈ। ਅਜੋਕੇ ਸਮੇਂ ਸਮੁੱਚੇ ਰੂਪ ਵਿਚ ਬਜ਼ੁਰਗਾਂ ਦੀਆਂ ਵਧਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਉਨ੍ਹਾਂ ਦੀ ਰਿਹਾਇਸ਼ ਦੀ ਵਿਵਸਥਾ ਯਕੀਨੀ ਬਣਾ ਕੇ ਜਿੱਥੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ, ਉੱਥੇ ਬਜ਼ੁਰਗ ਵਧਦੀ ਉਮਰ ਦੇ ਬਾਵਜੂਦ ਆਪਣੇ ਭਾਈਚਾਰੇ ਵਿਚ ਸਰਗਰਮ ਰਹਿ ਸਕਦੇ ਹਨ।
ਸੰਪਰਕ: 80547-57806