ਹਰਜੀਤ ਸਿੰਘ*
ਕਿਸੇ ਚੀਜ਼ ਨੂੰ ਦੇਖਣ ਲਈ ਪਹਿਲੀ ਸ਼ਰਤ ਹੈ ਕਿ ਉਸ ਤੋਂ ਨਿਕਲੀ ਰੌਸ਼ਨੀ ਜਾਂ ਉਸ ਵੱਲੋਂ ਪਰਿਵਰਤਿਤ ਕੀਤੀ ਰੌਸ਼ਨੀ ਸਾਡੀਆਂ ਅੱਖਾਂ ਤੱਕ ਪਹੁੰਚੇ| ਫੋਟੋ ਖਿੱਚਣ ਲਈ ਵੀ ਇਹੋ ਨਿਯਮ ਲਾਗੂ ਹੁੰਦਾ ਹੈ| ਪਰ ਬਲੈਕ ਹੋਲ, ਜਿਵੇਂ ਅਸੀਂ ਜਾਣਦੇ ਹਾਂ, ਅਜਿਹੀ ਚੀਜ਼ ਹੈ ਜੋ ਨਾ ਤੇ ਰੌਸ਼ਨੀ ਛੱਡਦਾ ਹੈ ਤੇ ਜੋ ਰੌਸ਼ਨੀ ਇਸ ’ਤੇ ਪੈਂਦੀ ਹੈ ਉਸ ਨੂੰ ਵੀ ਸੋਖ ਲੈਂਦਾ ਹੈ| ਤਾਂ ਫੇਰ ਆਪਾਂ ਇਸ ਦੀ ਫੋਟੋ ਨਹੀਂ ਖਿੱਚ ਸਕਦੇ| ਪਰ ਇੱਥੇ ਦਿੱਤੀ ਇਹ ਬਹੁ-ਚਰਚਿਤ ਤਸਵੀਰ ਸਾਡੀ ਆਕਾਸ਼ ਗੰਗਾ ਦੀ ਗੁਆਂਢੀ ‘ਮੈਸੀਅਰ87’ (Messier87-M87) ਗਲੈਕਸੀ ਦੇ ਕੇਂਦਰ ਵਿੱਚ ਸਥਿਤ ਅਤਿ-ਭਾਰੇ ਬਲੈਕ ਹੋਲ ਦੀ ਹੈ| ਇਹ ਕਿਸੇ ਵੀ ਬਲੈਕ ਹੋਲ ਦੀ ਖਿੱਚੀ ਗਈ ਪਹਿਲੀ ਤਸਵੀਰ ਹੈ ਜੋ 10 ਅਪਰੈਲ 2019 ਨੂੰ ਜਾਰੀ ਕੀਤੀ ਗਈ। ਇਹ ਤਸਵੀਰ ਕਿਵੇਂ ਖਿੱਚੀ ਗਈ, ਆਓ, ਉਸ ਤੋਂ ਪਹਿਲਾਂ ਬਲੈਕ ਹੋਲ ਬਾਰੇ ਜਾਣੀਏ|
ਬਲੈਕ ਹੋਲ ਇੱਕ ਅਜਿਹੀ ਅਤਿ ਭਾਰੀ ਪੁਲਾੜੀ ਸ਼ੈਅ ਹੈ ਜਿਸ ਦਾ ਗੁਰੂਤਾ ਬਲ ਇੰਨਾ ਤਾਕਤਵਰ ਹੁੰਦਾ ਹੈ ਕਿ ਇਸ ਦੀ ਖਿੱਚ ਤੋਂ ਕੁਝ ਵੀ ਬਚ ਨਹੀਂ ਸਕਦਾ। ਇੱਥੋਂ ਤੱਕ ਕਿ ਇਸ ਦੇ ਅੰਦਰ ਗਈ ਰੌਸ਼ਨੀ ਵੀ ਬਾਹਰ ਨਹੀਂ ਆ ਸਕਦੀ| ਇਸੇ ਲਈ ਇਸ ਨੂੰ ਬਲੈਕ ਹੋਲ ਕਿਹਾ ਜਾਂਦਾ ਹੈ| ਪੰਜਾਬੀ ਵਿੱਚ ਇਸ ਦਾ ਕੋਈ ਨਾਮ ਨਹੀਂ ਮਿਲਦਾ, ਪਰ ਮੇਰੇ ਹਿਸਾਬ ਨਾਲ ਅੰਨ੍ਹੀ ਮੋਰੀ ਕਿਹਾ ਜਾ ਸਕਦਾ ਹੈ|
ਬਲੈਕ ਹੋਲ ਤਾਰਿਆਂ ਦੀ ਮੌਤ ਵਿੱਚੋਂ ਪੈਦਾ ਹੁੰਦੇ ਹਨ| ਇੱਕ ਤਾਰੇ ਦੀ ਮੌਤ ਕਿਵੇਂ ਹੋਏਗੀ, ਇਹ ਉਸ ਦੇ ਪੁੰਜ ’ਤੇ ਨਿਰਭਰ ਕਰਦਾ ਹੈ| ਔਸਤ ਪੁੰਜ ਦੇ ਤਾਰੇ (ਸੂਰਜ ਦੇ ਪੁੰਜ ਤੋਂ 1.4 ਗੁਣਾ ਜ਼ਿਆਦਾ ਤੱਕ) ਆਪਣੀ ਹਾਈਡ੍ਰੋਜਨ ਖਤਮ ਕਰਕੇ, ਲਾਲ ਦਿਓ (ਰੈੱਡ ਜਾਇੰਟ) ਬਣ ਕੇ ਹੀਲੀਅਮ ਵਰਤਣ ਲੱਗਦੇ ਹਨ ਅਤੇ ਫਿਰ ਆਕਸੀਜਨ ਤੱਕ ਤੱਤ ਬਣਾਉਂਦੇ ਹਨ| ਇਸ ਪ੍ਰਕਿਰਿਆ ਵਿੱਚ ਇਨ੍ਹਾਂ ਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਹੈ ਤੇ ਇਹ ਹੌਲੀ-ਹੌਲੀ ਆਪਣੀਆਂ ਬਾਹਰਲੀਆਂ ਪਰਤਾਂ ਗੁਆ ਕੇ ਪਲੈਨਟਰੀ ਨੇਬੂਲਾ ਬਣ ਜਾਂਦੇ ਹਨ ਅਤੇ ਤਾਰੇ ਦਾ ਅੰਦਰਲਾ ਹਿੱਸਾ ਚਿੱਟਾ ਬੌਣਾ (ਵ੍ਹਾਈਟ ਡਵਾਰਫ਼) ਬਣ ਜਾਂਦਾ ਹੈ| ਸਾਡਾ ਸੂਰਜ ਇਸੇ ਤਰ੍ਹਾਂ ਦਾ ਤਾਰਾ ਹੈ| ਬਹੁਤ ਹਲਕੇ ਤਾਰੇ ਜਿਨ੍ਹਾਂ ਨੂੰ ਲਾਲ ਬੌਣੇ (ਰੈੱਡ ਡਵਾਰਫ਼) ਕਿਹਾ ਜਾਂਦਾ ਹੈ, ਆਪਣੀ ਹਾਈਡ੍ਰੋਜਨ ਬਹੁਤ ਹੌਲੀ ਖ਼ਰਚਦੇ ਹਨ ਤੇ ਖਰਬਾਂ ਸਾਲਾਂ ਤੱਕ ਜਿਉਂਦੇ ਰਹਿ ਸਕਦੇ ਹਨ| 1.4 ਸੂਰਜੀ ਪੁੰਜ ਤੋਂ ਭਾਰੇ ਤਾਰੇ ਇੱਕ ਵੱਡੇ ਧਮਾਕੇ ਨਾਲ ਖ਼ਤਮ ਹੁੰਦੇ ਹਨ ਜਿਸ ਨੂੰ ਸੁਪਰਨੋਵਾ ਕਿਹਾ ਜਾਂਦਾ ਹੈ| ਸੁਪਰਨੋਵਾ ਤੋਂ ਬਾਅਦ ਜੇਕਰ ਬਚਿਆ ਹੋਇਆ ਪੁੰਜ 5 ਸੂਰਜੀ ਪੁੰਜਾਂ ਤੋਂ ਵੱਡਾ ਹੋਵੇ ਤਾਂ ਇਹ ਬਲੈਕ ਹੋਲ ਵਿੱਚ ਬਦਲ ਜਾਂਦਾ ਹੈ| ਇਨ੍ਹਾਂ ਨੂੰ ਅੱਗੇ ਕਈ ਭਾਗਾਂ ਵਿੱਚ ਵੰਡਿਆ ਜਾਂਦਾ ਹੈ| ਜੇਕਰ ਇਸ ਦਾ ਪੁੰਜ 1 ਲੱਖ ਸੂਰਜੀ ਪੁੰਜਾਂ ਤੋਂ ਵੱਧ ਹੋਵੇ ਤਾਂ ਇਸ ਨੂੰ ਸੁਪਰਮਾਸਿਵ (ਅਤਿ ਭਾਰਾ) ਬਲੈਕ ਹੋਲ ਕਿਹਾ ਜਾਂਦਾ ਹੈ| ਮੰਨਿਆ ਜਾਂਦਾ ਹੈ ਕਿ ਇਹ ਬਲੈਕ ਹੋਲ ਸ਼ੁਰੂਆਤ ਵਿੱਚ ਸੂਰਜ ਤੋਂ 20-100 ਕੁ ਗੁਣਾ ਭਾਰੇ ਹੁੰਦੇ ਹਨ, ਪਰ ਬਾਅਦ ਵਿੱਚ ਹੋਰ ਬਲੈਕ ਹੋਲ’ਜ਼ ਨਾਲ ਟਕਰਾਅ ਕੇ ਉਨ੍ਹਾਂ ਦਾ ਭਾਰ ਵਧਦਾ ਹੈ ਅਤੇ ਫੇਰ ਆਸ ਪਾਸ ਦੇ ਤਾਰਿਆਂ ਜਾਂ ਗੈਸ ਨੂੰ ਨਿਗਲ ਕੇ ਉਹ ਸੁਪਰਮਾਸਿਵ ਬਣ ਜਾਂਦੇ ਹਨ| ਇਹ ਬਲੈਕ ਹੋਲ ਲਗਪਗ ਹਰ ਗਲੈਕਸੀ ਦੇ ਕੇਂਦਰ ਵਿੱਚ ਸਥਿਤ ਹਨ ਅਤੇ ਗਲੈਕਸੀ ਦੀ ਸ਼ੁਰੂਆਤ ਤੋਂ ਪਹਿਲਾਂ ਬਣ ਜਾਂਦੇ ਹਨ|
ਬਲੈਕ ਹੋਲ ਵਰਗੀਆਂ ਚੀਜ਼ਾਂ ਦਾ ਜ਼ਿਕਰ ਸਭ ਤੋਂ ਪਹਿਲਾਂ ਅਮਰੀਕੀ ਦਾਰਸ਼ਨਿਕ ਜੌਹਨ ਮਾਈਕਲ ਅਤੇ ਫਰਾਂਸੀਸੀ ਹਿਸਾਬਦਾਨ ਪੈਰੀ ਸਾਈਮਨ ਡੀ ਲੈਪਲੈਸ ਨੇ ਕੀਤਾ, ਪਰ ਇਸ ਦਾ ਅਸਲ ਸਫ਼ਰ ਅਲਬਰਟ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਤੋਂ 1915 ਵਿੱਚ ਸ਼ੁਰੂ ਹੋਇਆ| ਆਈਨਸਟਾਈਨ ਨੇ ਸਪੇਸ-ਟਾਈਮ ਫੈਬਰਿਕ ਦਾ ਸਿਧਾਂਤ ਦਿੱਤਾ| ਇਸ ਅਨੁਸਾਰ ਪੂਰੇ ਬ੍ਰਹਿਮੰਡ ਵਿੱਚ ਸਪੇਸ-ਟਾਈਮ ਫੈਬਰਿਕ ਫੈਲਿਆ ਹੋਇਆ ਹੈ ਅਤੇ ਸਾਰੀਆਂ ਵਸਤਾਂ (ਤਾਰੇ, ਗ੍ਰਹਿ, ਉਪਗ੍ਰਹਿ, ਬਲੈਕ ਹੋਲ, ਪ੍ਰਕਾਸ਼, ਆਦਿ) ਇਸ ਦੇ ਉੱਪਰ ਰਹਿੰਦੇ ਹਨ ਅਤੇ ਆਪਣੇ ਪੁੰਜ ਅਨੁਸਾਰ ਸਪੇਸ-ਟਾਈਮ ਫੈਬਰਿਕ ਨੂੰ ਝੁਕਾਉਂਦੇ ਹਨ| ਇਸੇ ਝੁਕਾਅ ਨੂੰ ਗੁਰੂਤਾ ਖਿੱਚ ਕਿਹਾ ਜਾਂਦਾ ਹੈ| ਇਸ ਨੂੰ ਸੌਖਿਆਂ ਸਮਝਣ ਲਈ ਸਪੇਸ-ਟਾਈਮ ਫੈਬਰਿਕ ਨੂੰ ਖਿੱਚ ਕੇ ਤਾਣੀ ਹੋਈ ਇੱਕ ਚਾਦਰ ਦੀ ਤਰ੍ਹਾਂ ਮੰਨਿਆ ਜਾ ਸਕਦਾ ਹੈ| ਹੁਣ ਜੇ ਇਸ ਚਾਦਰ ’ਤੇ ਕੁਝ ਵੀ ਰੱਖਿਆ ਜਾਵੇ ਤਾਂ ਉਹ ਆਪਣੇ ਭਾਰ ਮੁਤਾਬਕ ਚਾਦਰ ਵਿੱਚ ਇੱਕ ਡੂੰਘਾਣ ਪੈਦਾ ਕਰੇਗਾ| ਇਹੋ ਕੰਮ ਸਪੇਸ-ਟਾਈਮ ਫੈਬਰਿਕ ’ਤੇ ਸਭ ਤਾਰੇ ਕਰਦੇ ਹਨ| ਜਿੰਨਾ ਜ਼ਿਆਦਾ ਪੁੰਜ, ਓਨੀ ਜ਼ਿਆਦਾ ਡੂੰਘਾਈ|
ਸਪੇਸ-ਟਾਈਮ ਫੈਬਰਿਕ ’ਤੇ ਸਾਰੀਆਂ ਚੀਜ਼ਾਂ ਸਿੱਧੀ ਰੇਖਾ ਵਿੱਚ ਚੱਲਦੀਆਂ ਹਨ, ਪਰ ਜਿਉਂ ਹੀ ਫੈਬਰਿਕ ਵਿੱਚ ਕਿਸੇ ਭਾਰੀ ਵਸਤ ਕਰਕੇ ਡੂੰਘਾਈ ਆਉਂਦੀ ਹੈ ਤਾਂ ਚੱਲਦੀ ਚੀਜ਼ ਨੂੰ ਆਪਣਾ ਰਸਤਾ ਬਦਲਣਾ ਪੈਂਦਾ ਹੈ| ਹੁਣ ਇਹ ਉਸ ਚੀਜ਼ ਦੀ ਗਤੀ, ਡੂੰਘਾਈ ਅਤੇ ਮੂਲ ਵਸਤ ਤੋਂ ਦੂਰੀ ’ਤੇ ਨਿਰਭਰ ਕਰੇਗਾ ਕਿ ਚੱਲਦੀ ਚੀਜ਼ ਰਸਤਾ ਬਦਲ ਕੇ ਅੱਗੇ ਜਾਏਗੀ, ਮੂਲ ਵਸਤ ਨਾਲ ਟਕਰਾ ਜਾਏਗੀ ਜਾਂ ਉਸ ਦੀ ਪਰਿਕਰਮਾ ਕਰਨ ਲੱਗੇਗੀ| ਪ੍ਰਕਾਸ਼ ਵੀ ਜਦੋਂ ਕਿਸੇ ਜ਼ਿਆਦਾ ਪੁੰਜ ਵਾਲੇ ਪਦਾਰਥ ਕੋਲੋਂ ਲੰਘਦਾ ਹੈ ਤਾਂ ਮੁੜ ਜਾਂਦਾ ਹੈ| ਹੁਣ ਜਦੋਂ ਗੱਲ ਬਲੈਕ ਹੋਲ ’ਤੇ ਆਉਂਦੀ ਹੈ ਤਾਂ ਬਲੈਕ ਹੋਲ ਆਪਣੇ ਬਹੁਤ ਜ਼ਿਆਦਾ ਪੁੰਜ ਜਾਂ ਘਣਤਾ ਕਰਕੇ ਏਨਾ ਡੂੰਘਾ ਚਲਾ ਜਾਂਦਾ ਹੈ ਕਿ ਉੱਥੋਂ ਕਿਸੇ ਵੀ ਚੀਜ਼ ਦਾ ਵਾਪਸ ਨਿਕਲਣਾ ਅਸੰਭਵ ਹੋ ਜਾਂਦਾ ਹੈ|
ਬਲੈਕ ਹੋਲ ਦੇ ਕੇਂਦਰ ਵਿੱਚ ਅਸੀਮ ਗੁਰੂਤਾ ਖਿੱਚ ਨਾਲ ਸਾਰਾ ਮਾਦਾ ਇੱਕ ਥਾਂ ’ਤੇ ਸੁੰਗੜਿਆ ਹੁੰਦਾ ਹੈ ਅਤੇ ਇੱਥੇ ਭੌਤਿਕ ਵਿਗਿਆਨ ਦੇ ਸਾਡੇ ਸਿਧਾਂਤ ਕੰਮ ਨਹੀਂ ਕਰਦੇ| ਇਸ ਨੂੰ ਸਿੰਗੁਲੈਰਿਟੀ ਕਿਹਾ ਜਾਂਦਾ ਹੈ| ਇਸ ਤੋਂ ਬਾਅਦ ਆਉਂਦਾ ਹੈ ਈਵੈਂਟ ਹੌਰਾਈਜ਼ਨ ਜੋ 1 ਸ਼ਵਾਟਜ਼ਚਾਈਲਡ ਅਰਧ-ਵਿਆਸ ’ਤੇ ਸਥਿਤ ਹੁੰਦਾ ਹੈ| ਜੇਕਰ ਤੁਸੀਂ ਬਲੈਕ ਹੋਲ ਦੇ ਨੇੜੇ ਜਾ ਰਹੇ ਹੋ ਤਾਂ ਵਾਪਸ ਮੁੜਨ ਦੀ ਇਹ ਤੁਹਾਡੀ ਆਖਰੀ ਹੱਦ ਹੈ, ਇਸ ਤੋਂ ਅੱਗੇ ਗਈ ਕੋਈ ਵੀ ਚੀਜ਼ ਇੱਥੋਂ ਤੱਕ ਕਿ ਪ੍ਰਕਾਸ਼ ਵੀ ਵਾਪਸ ਨਹੀਂ ਆ ਸਕਦਾ| ਉਸ ਤੋਂ ਬਾਹਰ ਫੋਟੋਨ ਸਫੀਅਰ ਹੈ ਜੋ 1.5 ਸ਼ਵਾਟਜ਼ਚਾਈਲਡ ਅਰਧ-ਵਿਆਸ ’ਤੇ ਹੁੰਦਾ ਹੈ ਜੋ ਪ੍ਰਕਾਸ਼ ਲਈ ਆਖਰੀ ਸਥਿਰ ਪਰਿਕਰਮਾ ਪੰਧ ਹੈ| ਇਸ ਅਰਧ ਵਿਆਸ ’ਤੇ ਪ੍ਰਕਾਸ਼ ਬਲੈਕ ਹੋਲ ਦੇ ਬਿਨਾਂ ਅੰਦਰ ਸਮਾਏ ਪਰਿਕਰਮਾ ਕਰ ਸਕਦਾ ਹੈ| ਸਭ ਤੋਂ ਬਾਹਰ ਹੈ 3 ਸ਼ਵਾਟਜ਼ਚਾਈਲਡ ਅਰਧ ਵਿਆਸ ਤੇ ਮਾਦੇ ਦਾ ਆਖਰੀ ਸਥਿਰ ਪਰਿਕਰਮਾ ਪੰਧ|
ਬਲੈਕ ਹੋਲ ਦੀ ਤਸਵੀਰ ਦੀ ਗੱਲ ਕਰੀਏ ਤਾਂ ਹੁਣ ਤੱਕ ਇਸ ਨੂੰ ਨਹੀਂ ਦੇਖਿਆ ਜਾਂਦਾ ਸੀ ਸਗੋਂ ਇਸ ਦੇ ਆਸ-ਪਾਸ ਦੇ ਤਾਰਿਆਂ ਦੇ ਪੰਧ ਦੇਖ ਕੇ ਅੰਦਾਜ਼ਾ ਲਗਾਇਆ ਜਾਂਦਾ ਸੀ, ਪਰ 10 ਅਪਰੈਲ 2019 ਨੂੰ ਆਈ ਇੱਕ ਤਸਵੀਰ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ| ਈਵੈਂਟ ਹੌਰਾਈਜ਼ਨ ਦੂਰਬੀਨ ਇੱਕ ਰੇਡੀਓ ਦੂਰਬੀਨ ਹੈ। ਬਲੈਕ ਹੋਲ ਤੋਂ ਆ ਰਹੀਆਂ ਰੇਡੀਓ ਤਰੰਗਾਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਬਹੁਤ ਵੱਡੀ, ਅਸਲ ਵਿੱਚ ਧਰਤੀ ਦੇ ਆਕਾਰ ਜਿੱਡੀ ਦੂਰਬੀਨ ਚਾਹੀਦੀ ਹੈ| ਅਜਿਹਾ ਨਾ ਹੀ ਹੋ ਸਕਦਾ ਹੈ ਤੇ ਨਾ ਹੀ ਕੀਤਾ ਗਿਆ।
ਈਐੱਚਟੀ (EHT) ਪ੍ਰਾਜੈਕਟ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਧਰਤੀ ਦੇ ਦੁਆਲੇ 6 ਦੇਸ਼ਾਂ ਵਿੱਚ 8 ਰੇਡੀਓ ਡਿਸ਼ਾਂ ਲਗਾਈਆਂ ਗਈਆਂ ਜੋ ਬਲੈਕ ਹੋਲ ਤੋਂ ਆਉਂਦੀਆਂ ਤਰੰਗਾਂ ਨੂੰ ਫੜ ਕੇ ਇੱਕ ਦੂਜੇ ਨਾਲ ਸੰਤੁਲਨ ਵਿੱਚ ਕੰਮ ਕਰਦੀਆਂ
ਹੋਈਆਂ ਸਾਰੇ ਡੇਟਾ ਨੂੰ ਇੱਕ ਥਾਂ ’ਤੇ ਇਕੱਠਾ ਕਰਦੀਆਂ ਗਈਆਂ| ਇਸ ਕੰਮ ਵਿੱਚ ਸਭ ਤੋਂ ਜ਼ਰੂਰੀ ਸੀ ਕਿ ਸਭ ਡਿਸ਼ਾਂ ’ਤੇ ਸਮੇਂ ਦਾ ਸਹੀ ਹੋਣਾ ਤੇ ਇੱਕੋ ਹੋਣਾ| ਇਸ ਲਈ ਪਰਮਾਣੂ ਘੜੀਆਂ ਨੂੰ ਵਰਤਿਆ ਗਿਆ ਜੋ 10 ਲੱਖ ਸਾਲਾਂ ਦੇ ਬਾਅਦ ਇੱਕ ਸੈਕਿੰਡ ਦਾ ਫ਼ਰਕ ਪਾਉਂਦੀਆਂ ਹਨ।
ਈਐੱਚਟੀ ਵੱਲੋਂ 2006 ਵਿੱਚ ਕੰਮ ਸ਼ੁਰੂ ਕੀਤਾ ਗਿਆ ਤੇ 2017 ਤੱਕ ਇਹ ਪੂਰਾ ਹੋ ਗਿਆ। ਇਕੱਠਾ ਕੀਤਾ ਡੇਟਾ ਇੰਨਾ ਸੀ ਕਿ ਇਸ ਨੂੰ ਤਸਵੀਰ ਵਿੱਚ ਬਦਲਣ ਲਈ 2 ਸਾਲ ਦਾ ਸਮਾਂ ਲੱਗ ਗਿਆ| ਇਸ ਨੇ 2 ਬਲੈਕ ਹੋਲ’ਜ਼ ਦੀਆਂ ਤਸਵੀਰਾਂ ਲਈਆਂ, ਇੱਕ ਸਾਡੀ ਆਕਾਸ਼ ਗੰਗਾ ਦੇ ਕੇਂਦਰ ਦਾ ਸੈਜੀਟੇਰੀਅਸ ਏ* (Sagittarius A*) ਬਲੈਕ ਹੋਲ ਤੇ ਦੂਸਰਾ ਮੈਸੀਅਰ87 (Messier87) ਗਲੈਕਸੀ ਦੇ ਕੇਂਦਰ ਦਾ ਬਲੈਕ ਹੋਲ।
ਸਭ ਨੂੰ ਹੀ ਆਕਾਸ਼ਗੰਗਾ ਦੇ ਬਲੈਕ ਹੋਲ ਦੀ ਤਸਵੀਰ ਦਾ ਇੰਤਜ਼ਾਰ ਸੀ, ਪਰ ਜੋ ਤਸਵੀਰ ਯੂਰਪੀਅਨ ਕਮਿਸ਼ਨ ਨੇ ਜਾਰੀ ਕੀਤੀ ਹੈ ਉਹ M87 ਦੇ ਬਲੈਕ ਹੋਲ ਦੇ ਈਵੈਂਟ ਹੌਰਾਈਜ਼ਨ ਦੀ ਹੈ। ਸੈਜੀਟੇਰੀਅਸ ਏ* ਦੀ ਤਸਵੀਰ ਇਸ ਲਈ ਨਹੀਂ ਜਾਰੀ ਕੀਤੀ ਗਈ ਕਿਉਂਕਿ ਇਹ M87 ਗਲੈਕਸੀ ਦੇ ਬਲੈਕ ਹੋਲ ਮੁਕਾਬਲੇ ਬਹੁਤ ਛੋਟਾ ਹੈ।
ਇਸ ਤਸਵੀਰ ਦੇ ਕੇਂਦਰ ਵਿੱਚ ਕਾਲਾ ਥਾਂ ਈਵੈਂਟ ਹੌਰਾਈਜ਼ਨ ਹੈ ਜਿੱਥੋਂ ਕੋਈ ਵੀ ਪ੍ਰਕਾਸ਼ ਨਹੀਂ ਆ ਸਕਦਾ| ਬਾਹਰ ਦਾ ਪ੍ਰਕਾਸ਼ ਇਸ ਦੇ ਦੁਆਲੇ ਬਹੁਤ ਤੇਜ਼ੀ ਨਾਲ ਘੁੰਮ ਰਹੇ ਬਹੁਤ ਹੀ ਗਰਮ ਮਾਦੇ, ਜਿਸ ਨੂੰ ਐਕਰੀਸ਼ਨ ਡਿਸਕ ਕਹਿੰਦੇ ਹਨ, ਦੁਆਰਾ ਪੈਦਾ ਕੀਤਾ ਹੋਇਆ ਹੈ| ਹਾਲਾਂਕਿ ਅਸੀਂ ਇਕਸਾਰ ਛੱਲੇ ਦਾ ਕਿਆਸ ਕਰ ਸਕਦੇ ਹਾਂ, ਪਰ ਮਾਦੇ ਦੇ ਘੁੰਮਣ ਕਰਕੇ ਇਸ ਦੀ ਤੀਬਰਤਾ ਜਿਸ ਪਾਸਿਓਂ ਮਾਦਾ ਸਾਡੇ ਵੱਲ ਆ ਰਿਹਾ ਹੈ ਉਸ ਪਾਸੇ ਵਧ ਜਾਂਦੀ ਹੈ ਤੇ ਦੂਜੇ ਪਾਸੇ ਘੱਟ ਜਾਂਦੀ ਹੈ| ਇਸ ਨੂੰ ਡੌਰਪਲਰ ਬੀਮਿੰਗ ਕਹਿੰਦੇ ਹਨ| ਇਸ ਤਸਵੀਰ ਵਿੱਚ ਐਕਰੀਸ਼ਨ ਡਿਸਕ ਦਾ ਬਲੈਕ ਹੋਲ ਦੇ ਸਾਹਮਣੇ ਵਾਲਾ ਪਾਸਾ ਹੀ ਨਹੀਂ, ਬਲਕਿ ਇਸ ਦਾ ਬਲੈਕ ਹੋਲ ਦੇ ਪਿੱਛੇ ਵਾਲਾ ਪਾਸਾ ਵੀ ਦਿਖ ਰਿਹਾ ਹੈ| ਇਸ ਦਾ ਕਾਰਨ ਬਲੈਕ ਹੋਲ ਦੀ ਗੁਰੂਤਾ ਹੈ ਜੋ ਬਲੈਕ ਹੋਲ ਦੇ ਪਿੱਛੇ ਵਾਲੇ ਪ੍ਰਕਾਸ਼ ਮੋੜ ਕੇ ਅੱਗੇ ਵੱਲ ਭੇਜ ਦਿੰਦੀ ਹੈ| ਇਹ ਨਿਰੀਖਣ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਦੇ ਬਿਲਕੁਲ ਫਿੱਟ ਬੈਠਦਾ ਹੈ| ਇਸ ਤਸਵੀਰ ਨਾਲ ਜੋ ਵੀ ਜਾਣਕਾਰੀ ਮਿਲੀ ਹੈ, ਉਹ ਸਾਪੇਖਤਾ ਦੇ ਸਿਧਾਂਤਾਂ ’ਤੇ ਬਿਲਕੁਲ ਖਰੀ ਉੱਤਰੀ ਹੈ|
ਬਲੈਕ ਹੋਲ ਦੀ ਪਹਿਲੀ ਤਸਵੀਰ ਭਾਵੇਂ ਜ਼ਿਆਦਾ ਸਾਫ਼ ਨਹੀਂ ਹੈ, ਪਰ ਵਿਗਿਆਨ ਦੇ ਖੇਤਰ ਵਿੱਚ ਬਹੁਤ ਵੱਡੀ ਪੁਲਾਂਘ ਹੈ| ਭਵਿੱਖ ਵਿੱਚ ਹੋਰ ਵੀ ਸਾਫ਼ ਤਸਵੀਰਾਂ ਆਉਣ ਦੀ ਉਮੀਦ ਹੈ ਜੋ ਬਲੈਕ ਹੋਲ’ਜ਼ ਬਾਰੇ ਸਾਡੀ ਸਮਝ ਨੂੰ ਹੋਰ ਅੱਗੇ ਲੈ ਕੇ ਜਾਵੇਗਾ|
*ਵਿਗਿਆਨੀ, ਇਸਰੋ
ਸੰਪਰਕ: 99957-65095