ਗੁਰਦੀਪ ਸਿੰਘ ਢੁੱਡੀ
ਸਮਾਂ ਆਪਣੀ ਤੋਰ ਤੁਰਦਾ ਹੋਇਆ ਬੜਾ ਕੁਝ ਸੁਭਾਵਿਕ ਆਪਣੀ ਕੁੱਖ ਵਿੱਚ ਲੈ ਕੇ ਚੱਲਦਾ ਹੈ। ਇਸ ਵਿੱਚ ਤਬਦੀਲੀਆਂ ਦਾ ਆਉਣਾ ਜਿੱਥੇ ਸੁਭਾਵਿਕ ਹੈ, ਉੱਥੇ ਇਸ ਦੀ ਨੁਕਤਾਚੀਨੀ ਵੀ ਹੁੰਦੀ ਹੈ ਅਤੇ ਇਸ ਦਾ ਸਵਾਗਤ ਵੀ ਕੀਤਾ ਜਾਂਦਾ ਹੈ। ਭੂਤਕਾਲ, ਵਰਤਮਾਨ ਅਤੇ ਭਵਿੱਖ ਵਿੱਚ ਬੜੀਆਂ ਸਾਂਝਾਂ ਹੋਣ ਦੇ ਬਾਵਜੂਦ ਇਸ ਵਿੱਚ ਵਖਰੇਵਾਂ ਹੁੰਦਾ ਹੋਇਆ ਵੀ ਇਹ ਰਲ਼ਦਾ ਮਿਲਦਾ ਜਾਪਦਾ ਹੈ। ਅਸਲ ਵਿੱਚ ਇਹ ਸਮਾਂ ਜ਼ਿੰਦਗੀ ਦੇ ਸੁਭਾਵਿਕ ਕਾਰਜਾਂ ਦਾ ਰੁਪਾਂਤਰਣ ਕਰਦਾ ਹੋਇਆ ਤਬਦੀਲੀ ਤੱਕ ਪਹੁੰਚਦਾ ਹੈ। ਤੇਜ਼ੀ ਨਾਲ ਆਈ ਹੋਈ ਤਬਦੀਲੀ ਸਾਨੂੰ ਕੁਝ ਅੱਖਰਦੀ ਹੈ, ਪਰ ਫਿਰ ਵੀ ਇਹ ਸਮਾਂ ਆਪਣੀ ਤੋਰ ਤੁਰਦਾ ਹੀ ਰਹਿੰਦਾ ਹੈ। ਭਾਵੇਂ ਇਹ ਤਬਦੀਲੀ ਜ਼ਿੰਦਗੀ ਦੇ ਹਰ ਹਿੱਸੇ ’ਤੇ ਅਸਰ ਪਾਉਂਦੀ ਹੈ, ਪਰ ਕੁੱਝ ਪੱਖ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਨ ਵਾਲੇ ਹੁੰਦੇ ਹੋਣ ਕਰਕੇ ਉਹ ਲਿਖਤ/ਸਾਹਿਤ/ਇਤਿਹਾਸ ਬਣ ਜਾਂਦੇ ਹਨ ਅਤੇ ਇਨ੍ਹਾਂ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਹੈ।
ਹੁਣ ਤੁਸੀਂ ਅਪਰੇਸ਼ਨ ਥੀਏਟਰ ਵਿਚ ਰੁੱਝੇ ਹੋਏ ਡਾਕਟਰ ਤੋਂ ਲੈ ਕੇ ਖੇਤ ਵਿੱਚ ਕੰਮ ਕਰਨ ਵਾਲੇ ਕਾਮੇ ਤੱਕ ਕਿਸੇ ਨੂੰ ਵੀ ਵੇਖ ਲਵੋ। ਰੁਝੇਵੇਂ ਭਰੇ ਸਮੇਂ ਵਿੱਚੋਂ ਵੀ ਸਮਾਂ ਕੱਢ ਲਿਆ ਜਾਂਦਾ ਹੈ ਅਤੇ ਆਪਣੇ ਮੋਬਾਈਲ ਫੋਨ ’ਤੇ ਉਂਗਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਚਾਰ ਪਹੀਆ/ਦੋ ਪਹੀਆ ਵਾਹਨ ਚਾਲਕ ਤਾਂ ਮੋਬਾਈਲ ਫੋਨ ਸੁਣਦੇ ਹੋਏ ਆਪਣੀਆਂ ਸਰੀਰਕ ਮੁਦਰਾਵਾਂ ਵੀ ਚਲਾ ਰਹੇ ਵੇਖੇ ਜਾ ਸਕਦੇ ਹਨ। ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿਸੇ ਨੂੰ ਤੁਸੀਂ ਵਿਹਲੇ ਨਹੀਂ ਵੇਖ ਸਕਦੇ। ਮੋਬਾਈਲ ਫੋਨ ਚਲਾਉਣਾ ਅੱਜ ਜ਼ਿੰਦਗੀ ਦਾ ਵੱਡਾ ਕੰਮ ਬਣ ਗਿਆ ਹੈ। ਮੋਬਾਈਲ ਫੋਨ ’ਤੇ ਰੁੱਝਿਆ ਹੋਇਆਂ ਨੂੰ ਵੇਖ ਕੇ ਧਿਆਨ ਆਪਣੇ ਆਪ ਹੀ ਬੀਤੇ ਹੋਏ ਸਮੇਂ ਵੱਲ ਚਲਾ ਜਾਂਦਾ ਹੈ। ਪਿੰਡ ਵਿੱਚ ਰਹਿੰਦੇ ਸਾਂ। ਸਿਆਲੂ ਦਿਨਾਂ ਵਿੱਚ ਉਮਰ ਦੇ ਵਡੇਰੇ ਬੰਦਿਆਂ ਨੇ ਕੰਮ ਧੰਦਾ ਨਬਿੇੜ ਕੇ ਸੱਥਾਂ ਵਿੱਚ ਆ ਜਾਣਾ। ਪਿੰਡਾਂ ਦੀਆਂ ਇਹ ਸੱਥਾਂ ਪਿੰਡ ਦੀ ਪਾਰਲੀਮੈਂਟ ਵਜੋਂ ਜਾਣੀਆਂ ਜਾਂਦੀਆਂ ਸਨ। ਪਿੰਡ ਦੀ ਸਿਆਸਤ ਤੋਂ ਲੈ ਕੇ ਖੇਤ ਬੰਨੇ ਬਾਰੇ ਵਿਚਾਰਾਂ, ਧੀਆਂ ਪੁੱਤਰਾਂ ਤੋਂ ਲੈ ਕੇ ਬਾਲ-ਬਾਲੜੀਆਂ ਬਾਰੇ ਗੱਲਾਂ ਇਸ ਸੱਥ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਸੱਥਾਂ ਵਿੱਚ ਬੈਠਣ ਵਾਲੇ ਲੋਕਾਂ ਵਿੱਚ ਸਾਂਝਾਂ ਦੀਆਂ ਤੰਦਾਂ ਪਰਿਵਾਰਕ ਮੈਂਬਰਾਂ ਵਰਗੀਆਂ ਹੀ ਹੁੰਦੀਆਂ ਸਨ। ਇਹ ਲੋਕ ਹਰ ਤਰ੍ਹਾਂ ਦੀ ਵਿਚਾਰ ਚਰਚਾ ਕਰਦੇ ਸਨ। ਉਹ ਵਿਹਲੇ ਸਮੇਂ ਨੂੰ ਸਾਰਥਿਕ ਬਣਾਉਂਦੇ ਸਨ। ਗੱਲਾਂ ਦੇ ਨਾਲ ਨਾਲ ਥੋੜ੍ਹੀ ਜਿਹੀ ਵਡੇਰੀ ਉਮਰ ਦੇ ਬੰਦੇ ਆਪਣੇ ਹੱਥਾਂ ਵਿੱਚ ਸੂਤ, ਸਣ ਅਤੇ ਪਿੰਨੇ ਲੈ ਕੇ ਸੂਤ ਕੱਤਣ/ਰੱਸੀਆਂ ਬਣਾਉਣ ਦੇ ਇਲਾਵਾ ਕੰਮ ਆਉਣ ਵਾਲਾ ਸਾਮਾਨ ਤਿਆਰ ਕਰ ਲੈਂਦੇ ਸਨ। ਵਿਹਲੇ ਹੁੰਦੇ ਹੋਏ ਵੀ ਉਹ ਕੰਮ ਵੀ ਕਰ ਲੈਂਦੇ ਸਨ ਅਤੇ ਵਿਹਲ ਦਾ ਆਨੰਦ ਵੀ ਲੈ ਲੈਂਦੇ ਸਨ। ਅੱਜ ਦੋ ਦੋਸਤ, ਪਤੀ ਪਤਨੀ ਬਲਕਿ ਪ੍ਰੇਮੀ ਪ੍ਰੇਮਿਕਾ, ਕੋਲ ਕੋਲ ਬੈਠੇ ਹੋਏ ਵੀ ਦੂਰ ਦੂਰ ਹੁੰਦੇ ਹਨ, ਇਕੱਲੇ ਹੁੰਦੇ ਹਨ ਜਾਂ ਕਹੀਏ ਆਪਣੇ ਆਪ ਵਿੱਚ ਮਸਤ ਹੁੰਦੇ ਹਨ। ਇੱਕ ਦੂਸਰੇ ਦੇ ਨੇੜੇ ਬੈਠੇ ਹੋਏ ਵੀ ਉਹ ਮੋਬਾਈਲ ਫੋਨ ਵਿੱਚ ਰੁੱਝੇ ਹੋਏ ਵੇਖੇ ਜਾ ਸਕਦੇ ਹਨ। ਜੇ ਇਹ ਕਹਿ ਲਿਆ ਜਾਵੇ ਕਿ ਹੁਣ ਤਾਂ ਜ਼ਿੰਦਗੀ ਏਨੀ ਰੁਝੇਵਿਆਂ ਭਰੀ ਬਣ ਚੁੱਕੀ ਹੈ ਕਿ ਹਰ ਕੋਈ ‘ਕੀ ਕਰੀਏ ਵਿਹਲ ਹੀ ਨਹੀਂ ਮਿਲਦੀ, ਕੋਈ ਨਹੀਂ ਸਮਾਂ ਕੱਢ ਕੇ ਜ਼ਰੂਰ ਮਿਲਣ ਲਈ ਆਵਾਂਗਾ’ ਆਖਦਾ ਹੈ। ਹਕੀਕਤ ਵਿੱਚ ਉਹ ਕੁਝ ਵੀ ਨਹੀਂ ਕਰ ਰਹੇ ਹੁੰਦੇ।
ਵਿਗਿਆਨਕ ਕਾਢਾਂ ਨੇ ਤਾਂ ਜ਼ਿੰਦਗੀ ਦੇ ਰੰਗ ਢੰਗ ਹੀ ਬਦਲ ਦਿੱਤੇ ਹਨ। ਔਰਤਾਂ ਬਾਰੇ ‘ਉੱਠ ਬਹੂ ਤੂੰ ਥੱਕੀ, ਤੂੰ ਵੇਲਣੇ ਮੈਂ ਚੱਕੀ’ ਵਾਲਾ ਮੁਹਾਵਰਾ ਪ੍ਰਚੱਲਤ ਹੋਇਆ ਕਰਦਾ ਸੀ। ਗਰਮੀ ਹੋਵੇ ਜਾਂ ਸਰਦੀ, ਦਿਨ ਹੋਵੇ ਜਾਂ ਰਾਤ, ਤੰਦਰੁਸਤੀ ਹੋਵੇ ਜਾਂ ਬਿਮਾਰੀ; ਔਰਤਾਂ ਦੇ ਕੰਮ ਨਹੀਂ ਮੁੱਕਦੇ ਸਨ, ਸਵੇਰੇ ਮਰਦਾਂ ਨਾਲੋਂ ਪਹਿਲਾਂ ਉੱਠ ਕੇ ਰਾਤ ਨੂੰ ਬਾਅਦ ਵਿੱਚ ਪੈਣ ਤੱਕ ਅੰਤਾਂ ਦਾ ਕੰਮ ਕਰਦੀਆਂ ਸਨ। ਬਾਲੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਦੇ ਘਰ ਦੇ ਕੰਮ ਧੰਦਿਆਂ ਵਿੱਚ ਉਹ ਊਰੀ ਵਾਂਗ ਘੁੰਮਦੀਆਂ ਸਨ। ਹੁਣ ‘ਚੱਕੀ ਛੁੱਟ-ਗੀ ਚੁੱਲ੍ਹੇ ਨੇ ਛੁੱਟ ਜਾਣਾ’ ਵਾਲਾ ਮੁਹਾਵਰਾ ਵੀ ਆ ਗਿਆ ਹੈ ਅਤੇ ਵਿਗਿਆਨ ਦੀਆਂ ਦਿੱਤੀਆਂ ਮਸ਼ੀਨਾਂ ਨੇ ਵਿਹਲ ਵੀ ਦੇ ਦਿੱਤੀ ਹੈ। ਕਦੇ ਜ਼ਿੰਦਗੀ ਵਿੱਚ ਮਿਲੀ ਹੋਈ ਥੋੜ੍ਹੀ ਜਿਹੀ ਵਿਹਲ ਸਮੇਂ ਔਰਤਾਂ/ਕੁੜੀਆਂ/ਬੁੜ੍ਹੀਆਂ ਦੁਆਰਾ ਛੋਪ ਪਾਉਣਾ, ਚਰਖ਼ਾ ਕੱਤਣਾ, ਕੱਤਣਾ-ਤੁੰਬਣਾ ਚੱਲਦਾ ਹੀ ਰਹਿੰਦਾ ਸੀ, ਉੱਥੇ ਹੁਣ ਵਿਹਲ ਹੁੰਦਿਆਂ ਹੋਇਆਂ ਵੀ ਵਿਹਲ ਨਹੀਂ ਹੈ। ਸਮੇਂ ਦੇ ਚੱਲਦਿਆਂ ਟੀ.ਵੀ., ਕਿੱਟੀ ਪਾਰਟੀਆਂ ਅਤੇ ਮੋਬਾਈਲ ਫੋਨ ’ਤੇ ਚੱਲਦੀਆਂ ਉਂਗਲਾਂ ਸਮਾਂ ਪੂਰਤੀ ਦੇ ਸਾਧਨ ਬਣ ਚੁੱਕੇ ਹਨ। ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਇੰਟਰਨੈੱਟ ਆਦਿ ਆਤਿ-ਆਧੁਨਿਕ ਤਕਨੀਕਾਂ ਜਿੱਥੇ ਗਿਆਨ, ਮਨੋਰੰਜਨ ਵਿੱਚ ਵਾਧਾ ਕਰਨ ਵਾਲੇ ਸਾਧਨ ਬਣ ਚੁੱਕੇ ਹਨ, ਇੱਥੇ ਇਨ੍ਹਾਂ ਦੀ ਫਰੋਲਾ-ਫਰਾਲੀ ਸਮਾਂ ਪਾਸ ਕਰਨ ਦਾ ਸਾਧਨ ਵੀ ਬਣ ਗਈ ਹੈ। ਇਹ ਵੱਖਰੀ ਗੱਲ ਹੈ ਕਿ ਵਿਹਲ ਹੁਣ ਵੀ ਕਿਸੇ ਕੋਲ ਨਹੀਂ ਹੈ।
ਚਿੱਠੀਆਂ ਲਿਖਣੀਆਂ ਸਾਡੇ ਭਾਵ ਵਿਅਕਤ ਕਰਨ ਦਾ ਸਭ ਤੋਂ ਉੱਤਮ ਸਿਰਜਣਾਤਮਕ ਜ਼ਰੀਆ ਹੁੰਦਾ ਸੀ। ਮਹੱਤਵਪੂਰਨ ਵਿਅਕਤੀਆਂ ਤੋਂ ਲੈ ਕੇ ਸਾਧਾਰਨ ਬੰਦੇ ਤੱਕ ਚਿੱਠੀ ਲਿਖਦੇ ਸਮੇਂ ਕਿਸੇ ਦਾਰਸ਼ਨਿਕ, ਲਿਖਾਰੀ ਤੋਂ ਘੱਟ ਨਹੀਂ ਹੁੰਦੇ ਸਨ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀਆਂ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਆਪਣੀ ਪਤਨੀ ਨੂੰ ਲਿਖੀਆਂ ਚਿੱਠੀਆਂ ਸਾਡੀ ਉੱਤਮ ਵਾਰਤਕ ਦੇ ਨਮੂਨੇ ਜਾਣੇ ਜਾਂਦੇ ਹਨ। ਫ਼ੌਜ ਵਿੱਚ ਨੌਕਰੀ ਕਰਦੇ ‘ਨੌਕਰ ਪੁੱਤ’ ਨੂੰ ਮਾਂ ਆਪਣੇ ਘਰ ਦੇ ਸਾਰੇ ਹਾਲਤਾਂ ਦੇ ਇਲਾਵਾ ਆਪਣੇ ਢਿੱਡ ਨੂੰ ਵੀ ਫਰੋਲ ਲੈਂਦੀ ਸੀ। ਨੌਕਰ ਦੀ ਪਤਨੀ ਭਾਵੇਂ ਆਪ ਚਿੱਠੀ ਨਹੀਂ ਲਿਖ ਸਕਦੀ ਸੀ, ਪਰ ਉਸ ਦੇ ਭਾਵਾਂ ਨੂੰ ਮੇਰੇ ਵਰਗਾ ਚਾਰ ਜਮਾਤਾਂ ਪੜ੍ਹਿਆ ‘ਪਾੜ੍ਹਾ’ ਵਿਸ਼ੇਸ਼ ਤਰ੍ਹਾਂ ਗੁੰਨ੍ਹੇ ਆਟੇ ਵਾਂਗ ਬਣਾ ਦਿੰਦਾ ਸੀ। ‘ਜਦੋਂ ਦਾ ਟੈਲੀਫੋਨ ਲੱਗਿਆ ਅਸੀਂ ਚਿੱਠੀਆਂ ਲਿਖਣੀਆਂ ਭੁੱਲਗੇ’ ਵਰਗੇ ਗੀਤ ਵਾਂਗ ਅੱਜ ਡਾਕੀਏ ਦੇ ਚਿੱਠੀ ਲਿਆਉਣ ਦੀ ਉਡੀਕ ਸਮਾਪਤ ਹੋ ਚੁੱਕੀ ਹੈ। ਇਸੇ ਕਰਕੇ ਹੀ ਤਾਂ ਕਬੂਤਰ ਨੂੰ ਚਿੱਠੀ ਲੈ ਕੇ ਦਿੱਤੇ ਸੁਨੇਹੇ ਖ਼ਤਮ ਹੋ ਗਏ ਹਨ। ਹੁਣ ਤਾਂ ਵਟਸਐਪ, ਫੋਨ ਨੇ ਜਿੱਥੇ ਚਿੱਠੀਆਂ ਸਮਾਪਤ ਕੀਤੀਆਂ ਹਨ, ਉੱਥੇ ਚਿੱਠੀ ਦੀ ਇਬਾਰਤ ਅਤੇ ਭਾਵ ਵੀ ਉੱਡ-ਪੁੱਡ ਗਏ ਹਨ। ਭਾਵੇਂ ਮੋਬਾਈਲ ਫੋਨ ’ਤੇ ਗੱਲਾਂ ਤਾਂ ਜਜ਼ਬਾਤੀ ਹੋ ਕੇ ਕੀਤੀਆਂ ਜਾਂਦੀਆਂ ਹੋਣਗੀਆਂ, ਪਰ ਇਨ੍ਹਾਂ ਵਿੱਚ ਚਿੱਠੀਆਂ ਵਰਗਾ ਸਾਂਭਣ ਵਾਲਾ ‘ਸਾਹਿਤ’ ਕਿਧਰੇ ਗੁੰਮ ਹੋ ਗਿਆ ਹੈ। ਹੁਣ ਤਾਂ ਮੋਬਾਈਲ ਫੋਨ ’ਤੇ ਕੀਤੀਆਂ ਹੋਈਆਂ ਗੱਲਾਂ ਕੇਵਲ ਦੋ ਜਣਿਆਂ ਤੱਕ ਸਿਮਟ ਗਈਆਂ ਹਨ। ਇਨ੍ਹਾਂ ਨੇ ਸਾਹਿਤ/ਇਤਿਹਾਸ ਨਹੀਂ ਬਣਨਾ ਹੈ।
ਵੇਖਿਆ ਜਾਵੇ ਤਾਂ ਇਹ ਕੋਈ ਅਲੋਕਾਰੀ ਗੱਲ ਨਹੀਂ ਹੈ, ਪਰ ਯਾਦਾਂ ਦੇ ਧਿਆਨ ਵਿੱਚ ਆਉਂਦਿਆਂ ਕੁਝ ਯਾਦ ਕਰ ਲੈਣਾ ਕੋਈ ਗੁਨਾਹ ਵੀ ਨਹੀਂ ਹੈ। ਜ਼ਿੰਦਗੀ ਦੀ ਤੋਰ ਹੀ ਬਦਲ ਗਈ ਹੈ। ਸਮੇਂ ਦੀ ਤੋਰ ਨਾਲ ਇਹ ਤਬਦੀਲੀ ਆਉਂਦੀ ਹੀ ਰਹੀ ਹੈ ਅਤੇ ਆਉਂਦੀ ਵੀ ਰਹੇਗੀ ; ਜੇਕਰ ਇਹ ਕਿਹਾ ਜਾਵੇ ਕਿ ਜੇ ਇਹ ਤਬਦੀਲੀ ਨਾ ਆਵੇ ਤਾਂ ਜ਼ਿੰਦਗੀ ਵਿੱਚ ਖੜੋਤ ਆ ਜਾਵੇਗੀ ਅਤੇ ਇਹ ਨੀਰਸ ਬਣ ਜਾਵੇਗੀ। ਪਰ ਯਾਦਾਂ ਨੂੰ ਸਾਂਭਿਆ ਜਾਣਾ ਚਾਹੀਦਾ ਹੈ। ਵਰਤਮਾਨ ਦੇ ਨਾਲ ਨਾਲ ਇਹ ਯਾਦਾਂ ਭਵਿੱਖ ਵਿੱਚ ਸਾਡਾ ਸਰਮਾਇਆ ਹੋਣਗੀਆਂ। ਭਾਸ਼ਾ ਅਤੇ ਸੱਭਿਆਚਾਰ ਦੁਆਰਾ ਕੀਤਾ ਜਾਣ ਵਾਲਾ ਇਹੀ ਵਡੇਰਾ ਕਾਰਜ ਮਾਨਵੀ ਜੀਵਨ ਨੂੰ ਉੱਤਮਤਾ ਬਖ਼ਸ਼ਦਾ ਹੈ। ਭਾਸ਼ਾ ਜਿੱਥੇ ਵਿਗਿਆਨ ਵਾਸਤੇ ਕਾਢਾਂ ਸੰਪੂਰਨ ਕਰਨ ਦਾ ਕਾਰਜ ਕਰਦੀ ਹੈ, ਉੱਥੇ ਇਹ ਸਮਾਜ ਵਿਗਿਆਨਾਂ ਨੂੰ ਵਰਤਮਾਨ ਤੋਂ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਦਾ ਫਰਜ਼ ਵੀ ਨਿਭਾਉਂਦੀ ਹੈ। ਸਾਡੇ ਕੋਲ ਜੇ ਕਿਧਰੇ ਭਾਸ਼ਾ ਨਾ ਹੁੰਦੀ ਤਾਂ ਸਾਡੀ ਕਿਸੇ ਵੀ ਤਰ੍ਹਾਂ ਦੀ ਪ੍ਰਗਤੀ ਸੰਭਵ ਹੀ ਨਾ ਹੋ ਸਕਦੀ। ਜੇ ਇਹ ਕਿਹਾ ਜਾਵੇ ਕਿ ਮਨੁੱਖ ਨੂੰ ਕੁਦਰਤ ਵੱਲੋਂ ਮਿਲੀ ਭਾਸ਼ਾ ਦੀ ਦੇਣ ਹੀ ਸਭ ਤੋਂ ਵੱਡੀ ਦੇਣ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਤਿਹਾਸ, ਮਿਥਿਹਾਸ ਸਮੇਤ ਜੀਵਨ ਦੀਆਂ ਸਾਧਾਰਨ ਤੋਰਾਂ ਨੂੰ ਵੀ ਭਾਸ਼ਾ ਅੰਦਰ ਹੀ ਸਾਂਭਿਆ ਜਾ ਸਕਦਾ ਹੈ। ਭਾਸ਼ਾ ਦੀ ਅਣਹੋਂਦ ਕਰਕੇ ਤਾਂ ਵਿਗਿਆਨਕ ਪ੍ਰਗਤੀ ਵੀ ਸੰਭਵ ਨਹੀਂ ਹੋਣੀ ਸੀ। ਤਬਦੀਲੀ ਦੇ ਕੁਦਰਤੀ ਸੁਭਾਅ ਨੂੰ ਅਸੀਂ ਪ੍ਰਵਾਨ ਕਰਦੇ ਹੋਏ ਬੀਤੇ ਤੋਂ ਸਿੱਖਦੇ ਹੋਏ ਭਵਿੱਖ ਨੂੰ ਤੁਰਨ ਦਾ ਤਹੱਈਆ ਕਰਦੇ ਹਾਂ। ਇਹੀ ਤਾਂ ਜ਼ਿੰਦਗੀ ਦੀ ਤੋਰ ਹੈ।
ਸੰਪਰਕ: 95010-20731