ਰਘੁਵੀਰ ਸਿੰਘ ਕਲੋਆ
ਸਿਆਲ ਦੀ ਬਹੁਤ ਹੀ ਠੰਢੀ ਸਵੇਰ ਸੀ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਅੱਜ ਸੰਘਣੀ ਹੋ ਦਰਖੱਤਾਂ ਦੇ ਪੱਤਿਆਂ ਤੋਂ ਬੂੰਦਾਂ ਬਣ-ਬਣ ਟਪਕ ਰਹੀ ਸੀ। ਦਰਖੱਤਾਂ ਉੱਪਰ ਰਹਿਣ ਵਾਲੇ ਪੰਛੀ ਪੱਤਿਆਂ ਹੇਠ ਆਪਣਾ-ਆਪ ਲੁਕਾ ਕੇ ਬੈਠੇ ਸਨ। ਕੰਡਿਆਲੀਆਂ ਝਾੜੀਆਂ ਦੀ ਇਕ ਸੰਘਣੀ ਝਿੜੀ ਵਿਚ ਰਹਿਣ ਵਾਲਾ ਤਿੱਤਰਾਂ ਦਾ ਇਕ ਟੱਬਰ ਇਕ ਦੂਜੇ ਦਾ ਨਿੱਘ ਮਾਣਦਾ ਬੜੇ ਆਰਾਮ ਨਾਲ ਬੈਠਾ ਸੀ ਕਿ ਇਸੇ ਝਿੜੀ ਦੇ ਦੂਜੇ ਪਾਸੇ ਰਹਿਣ ਵਾਲੇ ਜੰਗਲੀ ਕੁੱਕੜ ਨੇ ਆਪਣਾ ਫਰਜ਼ ਨਿਭਾਉਂਦਿਆਂ ਸਵੇਰ ਦੀ ਬਾਂਗ ਲਗਾਈ। ਉਸ ਦੀ ਬਾਂਗ ਦੀ ਆਵਾਜ਼ ਸੁਣ ਤਿੱਤਰ ਫੌਰਨ ਉੱਠ ਖੜੋਤਾ ਤੇ ਅੱਖਾਂ ਉਘਾੜ ਮੱਧਮ ਜਿਹੇ ਚਾਨਣ ਨੂੰ ਵੇਖਣ ਲੱਗਾ। ਤਿੱਤਰਾਂ ਦੇ ਇਸ ਪਰਿਵਾਰ ਵਿਚ ਤਿੱਤਰ-ਤਿੱਤਰੀ ਤੋਂ ਇਲਾਵਾ ਉਨ੍ਹਾਂ ਦੇ ਉਡਾਰੂ ਹੋ ਚੁੱਕੇ ਚਾਰ ਪੰਜ ਬੋਟ ਵੀ ਸਨ। ਉਹ ਸਾਰੇ ਹਾਲੇ ਵੀ ਅੱਖਾਂ ਮੀਟੀ ਇਕ ਦੂਜੇ ਨਾਲ ਜੁੜ ਕੇ ਬੈਠੇ ਹੋਏ ਸਨ। ਹਿੰਮਤੀ ਤਿੱਤਰ ਨੇ ਅੰਗੜਾਈ ਲੈ ਆਪਣੀ ਧੌਣ ਸਿੱਧੀ ਕੀਤੀ ਤੇ ‘ਚਿਰਕ-ਚਿਰਕ’ ਦੀ ਆਵਾਜ਼ ਕੱਢ ਆਪਣੀ ਸਾਥਣ ਨੂੰ ਉੱਠ ਜਾਣ ਦਾ ਇਸ਼ਾਰਾ ਕੀਤਾ। ਆਪਣੇ ਬੋਟਾਂ ਦਾ ਨਿੱਘ ਮਾਣਦੀ ਤਿੱਤਰੀ ਸੁਸਤਾਈ ਆਵਾਜ਼ ’ਚ ਬੋਲੀ:
‘ਅੱਜ ਤਾਂ ਬਹੁਤ ਠੰਢ ਆ, ਸਾਰੇ ਜੀਅ-ਜੰਤ ਹਾਲੇ ਆਰਾਮ ਪਏ ਕਰਦੇ, ਕਿਉਂ ਨਾ ਆਪਾਂ ਵੀ ਹਾਲੇ ਕੁਝ ਦੇਰ ਹੋਰ ਆਰਾਮ ਨਾਲ ਨਿੱਘ ਮਾਣੀਏ।’ ਉਸ ਦਾ ਇਹ ਮਸ਼ਵਰਾ ਸੁਣ ਤਿੱਤਰ ਉਸ ਨੂੰ ਸਮਝਾਉਣ ਲੱਗਾ,
‘ਭਲੀਏ ਲੋਕੇ! ਇੰਜ ਆਲਸ ਕਰਨ ਨਾਲ ਗੁਜ਼ਾਰਾ ਨਹੀਂ ਹੁੰਦਾ, ਸਵੇਰ ਹੋ ਗਈ, ਚਲੋ ਉੱਠੋ, ਚੋਗ ਚੁਗਣ ਚੱਲੀਏ।’
ਤਿੱਤਰ ਤੋਂ ਇਹ ਆਦੇਸ਼ ਸੁਣ ਤਿੱਤਰੀ ਨੇ ਅੱਖਾਂ ਉਘਾੜੀਆਂ ਤੇ ਇਕ ਨਜ਼ਰ ਆਪਣੇ ਬੋਟਾਂ ਵੱਲ ਦੇਖ ਤਰਲਾ ਜਿਹਾ ਲਿਆ:
‘ਠੰਢ ਤਾਂ ਅੱਜ ਸੀਨਾ ਚੀਰਦੀ, ਆਪਣੇ ਬੋਟ ਵੀ ਹਾਲੇ ਛੋਟੇ, ਮੈਂ ਤਾਂ ਇਸੇ ਲਈ ਹਾਲੇ ਥੋੜ੍ਹੀ ਦੂਰ ਹੋਰ ਰੁਕਣ ਨੂੰ ਆਖਦੀ ਸੀ।’
ਤਿੱਤਰੀ ਦੀ ਆਵਾਜ਼ ’ਚ ਜਿੱਥੇ ਮਮਤਾ ਭਰੀ ਹੋਈ ਸੀ, ਉੱਥੇ ਤਿੱਤਰ ਦੀ ਆਵਾਜ਼ ’ਚ ਪਰਿਵਾਰ ਦੇ ਇਕ ਜ਼ਿੰਮੇਵਾਰ ਵਾਂਗ ਠਰੰਮਾ ਸੀ, ਉਸ ਨੇ ਤਿੱਤਰੀ ਨੂੰ ਫੇਰ ਸਮਝਾਇਆ:
‘ਭਲੀਮਾਣਸੇ! ਇਹ ਰੁੱਤਾਂ ਤਾਂ ਕੁਦਰਤ ਦੇ ਰੰਗ ਆ, ਹੁਣ ਠੰਢ ਨੇ ਜ਼ੋਰ ਪਾਇਆ, ਫੇਰ ਗਰਮੀ ਤੇ ਮੀਂਹ ਨੇ ਜ਼ੋਰ ਪਾਉਣਾ। ਭਲਾ ਇਨ੍ਹਾਂ ਰੁੱਤਾਂ ਤੋਂ ਕੀ ਘਬਰਾਉਣਾ। ਤੂੰ ਨਹੀਂ ਜਾਣਦੀ, ਹਰ ਰੁੱਤ ਦਾ ਆਪਣਾ ਇਕ ਵੱਖਰਾ ਆਨੰਦ ਹੁੰਦਾ ਜੋ ਇਸ ਨੂੰ ਮਾਣ ਕੇ ਹੀ ਲਿਆ ਜਾ ਸਕਦਾ, ਇਸ ਤੋਂ ਡਰ ਕੇ ਨਹੀਂ।’
ਉਸ ਦੇ ਇਹ ਬੋਲ ਸੁਣ ਤਿੱਤਰੀ ਦੇ ਮਨ ਨੂੰ ਕੁਝ ਹੌਸਲਾ ਹੋਇਆ ਤੇ ਉਹ ਆਪਣੇ ਬੋਟਾਂ ਨੂੰ ਉਠਾ ਤਿੱਤਰ ਦੇ ਪਿੱਛੇ-ਪਿੱਛੇ ਝਿੜੀ ਤੋਂ ਬਾਹਰ ਆ ਗਈ। ਬਾਹਰ ਆ ਤਿੱਤਰ ਨੇ ਇਕ ਨਜ਼ਰ ਚੁਫ਼ੇਰੇ ਪਸਰੇ ਕੁਦਰਤ ਦੇ ਅੱਜ ਦੇ ਰੰਗ ਨੂੰ ਨਿਹਾਰਿਆ ਤੇ ਫਿਰ ਉਡਾਰੀ ਮਾਰ ਸਾਹਮਣੇ ਵਾਲੇ ਖੇਤ ’ਚ ਕਣਕ ਦੀ ਛੋਟੀ-ਛੋਟੀ ਫ਼ਸਲ ਵਿਚਕਾਰ ਜਾ ਬੈਠਾ। ਉਸ ਦੇ ਮਗਰ ਤਿੱਤਰੀ ਅਤੇ ਬੋਟਾਂ ਨੇ ਵੀ ਵਾਰੋ-ਵਾਰੀ ਉਵੇਂ ਹੀ ਉਡਾਰੀ ਭਰੀ ਤੇ ਤਿੱਤਰ ਦੇ ਨੇੜੇ ਜਾ ਬੈਠੇ। ਹੁਣ ਉਨ੍ਹਾਂ ਦੀ ਠੰਢ ਮਾਨੋ ਉਡਾਰੀ ਭਰਨ ਦੇ ਨਾਲ ਹੀ ਫੁਰਰ ਹੋ ਚੁੱਕੀ ਸੀ ਤੇ ਉਹ ਬੜੇ ਹੀ ਮਜ਼ੇ ਨਾਲ ਕੁਦਰਤ ਦੇ ਇਸ ਰੰਗ ਨੂੰ ਮਾਣਦੇ ਆਪਣੀ-ਚੋਗ ਚੁਗ ਰਹੇ ਸਨ।
ਸੰਪਰਕ: 98550-24495