ਨਵੀਂ ਦਿੱਲੀ:
ਗੁਜਰਾਤ ਹਾਈ ਕੋਰਟ ਨੇ ਅਦਾਕਾਰ ਆਮਿਰ ਖ਼ਾਨ ਦੇ ਲੜਕੇ ਜੁਨੈਦ ਖਾਨ ਦੀ ਪਹਿਲੀ ਫ਼ਿਲਮ ‘ਮਹਾਰਾਜ’ ਦੀ ਓਟੀਟੀ ਪਲੈਟਫਾਰਮ ‘ਨੈੱਟਫਲਿਕਸ’ ਉੱਤੇ ਰਿਲੀਜ਼ ਕਰਨ ’ਤੇ ਰੋਕ ਲਾ ਦਿੱਤੀ ਹੈ। ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਫ਼ਿਲਮ ਰਿਲੀਜ਼ ਹੋਣ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਜਸਟਿਸ ਸੰਗੀਤਾ ਵਿਸ਼ੇਨ ਦੇ ਇੱਕ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਫ਼ਿਲਮ ਖ਼ਿਲਾਫ਼ ਆਦੇਸ਼ ਜਾਰੀ ਕੀਤਾ ਹੈ। ਇਹ ਫਿਲਮ ਸ਼ੁੱਕਰਵਾਰ ਨੂੰ ‘ਨੈੱਟਫਲਿਕਸ’ ’ਤੇ ਰਿਲੀਜ਼ ਹੋਣੀ ਸੀ। ਬੈਂਚ ਨੇ ਕੇਂਦਰ ਸਰਕਾਰ, ਨੈੱਟਫਲਿਕਸ ਅਤੇ ਯਸ਼ਰਾਜ ਫ਼ਿਲਮਜ਼ ਨੂੰ ਵੀ ਨੋਟਿਸ ਜਾਰੀ ਕੀਤੇ ਹਨ ਤੇ ਮਾਮਲੇ ਦੀ ਅਗਲੀ ਸੁਣਵਾਈ 18 ਜੂਨ ਨੂੰ ਕੀਤੀ ਜਾਵੇਗੀ। ਵੈਸ਼ਣਵ ਫ਼ਿਰਕੇ ਦੇ ਪੁਸ਼ਟੀਮਾਰਗ ਦੇ ਅੱਠ ਮੈਂਬਰਾਂ ਨੇ ਫ਼ਿਲਮ ਦੀ ਰਿਲੀਜ਼ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਫ਼ਿਲਮ 1862 ਦੇ ਪ੍ਰਸਿੱਧ ਮਹਾਰਾਜ ਲਾਈਬਲ ਮਾਮਲੇ ’ਤੇ ਆਧਾਰਿਤ ਹੈ। -ਪੀਟੀਆਈ